Friday 12 August 2011

ਸ੍ਰੀ ਦਸਮ ਗ੍ਰੰਥ ਬਾਬਤ ਭਾਈ ਮਨੀ ਸਿੰਘ ਦੀ ਇਤਿਹਾਸਕ ਚਿੱਠੀ - ਇਕ ਸਮੀਖਿਆ- ਡਾ. ਹਰਿਭਜਨ ਸਿੰਘ (ਪੰਜਾਬੀ ਯੂਨੀਵਰਸਿਟੀ ਪਟਿਆਲਾ)


'ਦਸਮ ਗ੍ਰੰਥ' ਦੀ ਸੰਪਾਦਨਾ ਸੰਬੰਧੀ ਸਥਿਤੀ ਬਿਲਕੁਲ ਸਪਸ਼ਟ ਹੈ ਕਿ ਇਸ ਦੀ ਪਹਿਲੀ ਸੰਪਾਦਨਾ ਭਾਈ ਮਨੀ ਸਿੰਘ ਜੀ ਦੇ ਯਤਨਾਂ ਨਾਲ ਸੰਭਵ ਹੋਈ ਸੀ। ਇਸ ਬਾਰੇ ਭਾਈ ਮਨੀ ਸਿੰਘ ਜੀ ਦੁਆਰਾ ਮਾਤਾ ਸੁੰਦਰੀ ਜੀ ਨੂੰ ਲਿਖਿਆ ਇਕ ਪੱਤਰ ਉਪਲਬਧ ਹੈ, ਜਿਸ ਵਿਚ ਉਨ੍ਹਾਂ ਨੇ 303 'ਚਰਿਤਰ ਉਪਾਖਿਆਨ' ਅਤੇ 'ਕ੍ਰਿਸ਼ਨ ਅਵਤਾਰ' ਦਾ ਪੂਰਬਾਰਧ ਮਿਲ ਜਾਣ ਅਤੇ ਇਸ ਦਾ ਉਤਰਾਰਧ ਅਥਵਾ 'ਸ਼ਸਤ੍ਰ ਨਾਮ ਮਾਲਾ' ਨਾ ਮਿਲਣ ਦਾ ਜ਼ਿਕਰ ਕੀਤਾ ਹੈ। 'ਦਸਮ ਗ੍ਰੰਥ' ਦੇ ਵਿਰੋਧੀ ਕੁਝ ਤਕਨੀਕੀ ਕਾਰਨਾਂ ਕਰ ਕੇ ਇਸ ਚਿੱਠੀ ਨੂੰ ਜਾਅਲੀ ਕਹਿੰਦੇ ਹਨ। ਉਨ੍ਹਾਂ ਦੇ ਮੁਖ ਇਤਰਾਜ਼ ਇਹ ਹਨ-

1. ਇਹ ਪੱਤਰ ਨਿੱਬ ਨਾਲ ਲਿਖਿਆ ਗਿਆ ਹੈ ਅਤੇ ਭਾਈ ਮਨੀ ਸਿੰਘ ਦੁਆਰਾ ਨਿੱਬ ਦੀ ਵਰਤੋਂ ਕੀਤੇ ਜਾਣਾ ਪ੍ਰਮਾਣਿਤ ਕਰਨਾ ਔਖਾ ਹੈ ।
2. ਇਹ ਚਿੱਠੀ ਵਿਜੋਗਾਤਮਕ ਢੰਗ ਨਾਲ ਲਿਖੀ ਗਈ ਹੈ, ਜਦੋਂ ਕਿ ਉਸ ਸਮੇਂ ਦੀ ਲਿਖਤ ਸੰਜੋਗਤਮਕ ਢੰਗ ਨਾਲ ਲਿਖੀ ਹੋਣੀ ਚਾਹੀਦੀ ਸੀ।
3. ਇਸ ਦੀਆਂ ਪੰਕਤੀਆਂ ਵਿਚ ਸੁਘੜਤਾ ਅਤੇ ਸੁੰਦਰਤਾ ਨਹੀਂ ਹੈ।
4. ਇਸ ਚਿੱਠੀ ਵਿਚ ਬਿੰਦੀ ਦੀ ਵਰਤੋਂ ਹੋਈ ਹੈ, ਜੋ ਉਸ ਸਮੇਂ ਬਹੁਤ ਅਪ੍ਰਚਲਿਤ ਸੀ।
5. ਪੂਰਨ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਵੀ ਬਹੁਤ ਹੋਈ ਹੈ।
6. ਅੱਖਰਾਂ ਅਤੇ ਮਾਤ੍ਰਾਵਾਂ ਦਾ ਸਰੂਪ ਨਵਾਂ ਹੈ।
7. ਇਸ ਵਿਚ 303 ਚਰਿਤ੍ਰਾਂ ਦਾ ਜ਼ਿਕਰ ਹੈ, ਜਦੋਂ ਕਿ ਕੁਲ ਚਰਿਤ੍ਰ 404 ਹਨ।
 8. ਇਸ ਵਿਚ ਦੁਤ ਅੱਖਰਾਂ ਦੀ ਵਰਤੋਂ ਨਾ ਕਰ ਕੇ 'ਚਰਿਤਰ' ਅਤੇ 'ਕਰਿਸਨ' ਲਿਖਿਆ ਹੈ, ਜੋ ਭਾਈ ਮਨੀ ਸਿੰਘ ਵੇਲੇ ਸੰਭਵ ਨਹੀਂ ਸੀ।

ਵਿਰੋਧੀ ਪਖ ਦੀਆਂ ਉਪਰੋਕਤ ਯੁਕਤੀਆਂ ਆਧਾਰਹੀਨ ਹਨ। ਸਤਿਕਾਰ ਯੋਗ ਡਾ. ਰਤਨ ਸਿੰਘ ਜੱਗੀ ਜੀ ਦਾ ਵਿਚਾਰ ਹੈ ਕਿ 'ਦਸਮ ਗ੍ਰੰਥ' ਦੀਆਂ ਪੁਰਾਤਨ ਬੀੜਾਂ ਵਿਚ ਲਗੇ 'ਖ਼ਾਸ ਦਸਖ਼ਤੀ ਪੱਤਰੇ', ਨਿੱਬ ਨਾਲ ਲਿਖੇ ਗਏ ਹਨ। ਆਮ ਸਿਖਾਂ ਦਾ ਵਿਸ਼ਵਾਸ ਹੈ ਕਿ ਇਹ ਵਿਸ਼ੇਸ਼ ਪੱਤਰੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖਿਤ ਹਨ। ਡਾ. ਸਾਹਿਬ ਲਿਖਦੇ ਹਨ “ਸਾਧਾਰਣ ਵਿਸ਼ਵਾਸ ਅਨੁਸਾਰ ਇਹ ਲਿਪੀ ‘ਤੀਰ ਦੀ ਮੁਖੀ’ ਨਾਲ ਲਿਖੀ ਹੋਈ ਹੈ, ਪਰ ਉਸ ਸਮੇਂ ਤਕ ਜਦੋਂ ਇਹ (ਖ਼ਾਸ ਦਸਖ਼ਤੀ) ਪੱਤਰੇ ਲਿਖੇ ਗਏ ਸਨ, ਭਾਰਤ ਵਿਚ ਪੁਰਤਗਾਲੀ ਨਿੱਬ ਪਹੁੰਚ ਚੁਕੀ ਸੀ।" ਇਸ ਦਾ ਭਾਵ ਇਹ ਹੋਇਆ ਕਿ ਗੁਰੂ ਗੋਬਿੰਦ ਸਿੰਘ ਜੀ ਕੋਲ ਆਨੰਦਪੁਰ ਸਾਹਿਬ ਵਿਖੇ ਨਿੱਬ ਵਾਲੀ ਕਲਮ ਮੌਜੂਦ ਹੋਵੇਗੀ। ਜੇ ਇਹ ਠੀਕ ਹੈ ਤਾਂ ਭਾਈ ਮਨੀ ਸਿੰਘ ਜੀ ਦਾ ਸੰਪਰਕ ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਨਿਰੰਤਰ ਬਣਿਆ ਸੀ ਅਤੇ ਉਨ੍ਹਾਂ ਦਾ ਇਹ ਪੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਵੀ ਕੋਈ 4-5 ਸਾਲ ਬਾਅਦ ਦਾ ਹੈ। ਸੋ ਭਾਈ ਮਨੀ ਸਿੰਘ ਕੋਲ ਨਿੱਬ ਵਾਲੀ ਕਲਮ ਦਾ ਹੋਣਾ ਕੋਈ ਅਸੰਭਵ ਗਲ ਨਹੀਂ ਹੈ।

ਦੂਜੀ ਯੁਕਤੀ ਦਾ ਵੀ ਕੋਈ ਪੁਸ਼ਟ ਆਧਾਰ ਨਹੀਂ ਹੈ। ਭਾਈ ਮਨੀ ਸਿੰਘ ਤੋਂ ਬਹੁਤ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਲਿਖਤਾਂ ਵਿਚ ਵਿਜੋਗਾਤਮਕ ਵਿਧੀ ਨਾਲ ਲਿਖੀ ਗਈ ਸਾਮਗਰੀ ਉਪਲਬਧ ਹੈ। ਇਸ ਸੰਬੰਧੀ ‘ਕਰਤਾਰਪੁਰੀ ਬੀੜ’ ਵਿਚ ਉਨ੍ਹਾਂ ਦਾ ਨੀਸਾਣ ਅਤੇ ਹੁਕਮਨਾਮੇ ਵੇਖੇ ਜਾ ਸਕਦੇ ਹਨ। ਬਾਬਾ ਗੁਰਦਿੱਤਾ ਜੀ ਦਾ ਹੁਕਮਨਾਮਾ, ਗੁਰੂ ਹਰਿ ਰਾਏ ਜੀ ਦਾ ਨੀਸਾਣ, ਗੁਰੂ ਤੇਗ ਬਹਾਦਰ ਜੀ ਦੇ ਨੀਸਾਣ, ਗੁਰੂ ਤੇਗ ਬਹਾਦਰ ਜੀ ਦੇ ਕੁਝ ਹੁਕਮਨਾਮੇ ਵੀ ਸੰਜੋਗਾਤਮਕ ਵਿਧੀ ਨਾਲ ਨਹੀਂ ਲਿਖੇ ਗਏ। ਜਦੋਂ ਕਿ ਇਸ ਦੇ ਉਲਟ ਬਹੁਤ ਮਗਰਲਾ 4 ਫ਼ਰਵਰੀ 1862 ਈ. ਦਾ ਤਖ਼ਤ ਪਟਨਾ ਸਾਹਿਬ ਦਾ ਹੁਕਮਨਾਮਾ ਸੰਜੋਗਾਤਮਕ ਹੈ। ਇਸ ਤੋਂ ਸਪਸ਼ਟ ਹੈ ਕਿ ਇਸ ਆਧਾਰ ਉਤੇ ਲਿਖਤਾਂ ਦੀ ਪੜਚੋਲ ਕਰਨ ਨਾਲ ਠੀਕ ਨਤੀਜਿਆਂ ਤੇ ਪਹੁੰਚ ਜਣਾ ਨਿਸ਼ਚਿਤ ਨਹੀਂ ਹੈ। ਕੁਝ ਸਿਆਣੇ ਕਹਿੰਦੇ ਹਨ ਕਿ ਭਾਈ ਮਨੀ ਸਿੰਘ ਵਰਗੇ ਪਰਿਪੱਕ ਲਿਖਾਰੀ ਦੇ ਨਾਮ ਨਾਲ ਜੁੜੀ ਇਸ ਚਿੱਠੀ ਦੀਆਂ ਪੰਕਤੀਆਂ ਵਿਚ ਵਾਂਛਿਤ ਸੁਘੜਤਾ ਅਤੇ ਸੁੰਦਰਤਾ ਨਹੀਂ ਹੈ। ਪਰ ਇਹ ਵਿਦਵਾਨ ਅਜਿਹੀ ਵਿਚਿਤ੍ਰ ਦੁਵਿਧਾ ਦੇ ਸ਼ਿਕਾਰ ਹਨ ਕਿ ਅਗਲੇ ਸਾਹੇ ਇਹ ਤਰਕ ਦੇ ਦੇਂਦੇ ਹਨ ਕਿ ਇਸ ਚਿੱਠੀ ਦੇ ਅਖਰਾਂ ਦੀ ਸੋਹਣੀ ਬਣਤਰ ਉਸ ਸਮੇਂ ਸੰਭਵ ਨਹੀਂ ਸੀ ਹੋ ਸਕਦੀ। ਕਿਹੜੀ ਗਲ ਇਨ੍ਹਾਂ ਸਿਆਣਿਆਂ ਦੀ ਮੰਨੀ ਜਾਵੇ ਅਤੇ ਕਿਹੜੀ ਛਡੀ ਜਾਵੇ, ਇਹ ਨਿਰਣਾ ਕਰਨਾ ਹੀ ਮੁਸ਼ਕਿਲ ਕੰਮ ਹੈ। ਮੈਨੂੰ ਯੂਨੀਵਰਸਿਟੀ ਨੇ ਲਿਖਣ-ਪੜ੍ਹਨ ਦੀ ਡਿਊਟੀ ਦਿੱਤੀ ਹੈ, ਪਰ ਮੇਰੀ ਲੇਖਣੀ ਵਿਚ ਖ਼ੂਬਸੂਰਤੀ ਦਾ ਅਭਾਵ ਹੈ, ਜਦੋਂ ਕਿ ਮੈਂ ਹਿੰਦੀ ਭਾਸ਼ੀ ਉਤਰਾਂਚਲ ਪ੍ਰਦੇਸ਼ ਦੇ ਇਕ ਅਜਿਹੇ ਸਿਖ ਕਲਰਕ ਨੂੰ ਜਾਣਦਾ ਹਾਂ, ਜਿਸ ਦੀ ਲਿਖਤ ਵੇਖ ਕੇ ਇਹ ਅੰਦਾਜ਼ਾ ਲਾਉਣਾ ਹੀ ਮੁਸ਼ਕਿਲ ਹੈ ਕਿ ਇਹ ਹਥ ਲਿਖਤ ਹੈ ਜਾਂ ਛਾਪੇ ਖਾਨੇ ਦੀ ਛਪਾਈ ਹੈ। ਇਹ ਚਿੱਠੀ ਕੋਈ ਇਤਨੀ ਮਾੜੀ ਵੀ ਨਹੀਂ ਲਿਖੀ ਹੋਈ ਕਿ ਲਿਖਣ ਵਾਲੇ ਨੂੰ ਵਿਦਿਤ ਵਿਅਕਤੀ ਮੰਨਣ ਵਿਚ ਕੋਈ ਔਖ ਹੋਵੇ। ਇਸ ਤਰਕ ਵਿਚ ਵੀ ਕੋਈ ਦਮ ਨਹੀਂ ਹੈ ਕਿ ਇਸ ਚਿੱਠੀ ਵਿਚ ਬਿੰਦੀ ਦੀ ਵਰਤੋਂ ਹੋਈ ਹੈ, ਜੋ ਉਸ ਵੇਲੇ ਪ੍ਰਚਲਿਤ ਨਹੀਂ ਸੀ, ਕਿਉਂਕਿ ਗੁਰੂ ਗ੍ਰੰਥ ਸਾਹਿਬ, ਜੋ ਭਾਈ ਮਨੀ ਸਿੰਘ ਦੇ ਪੱਤਰ ਤੋਂ ਇਕ ਸਦੀ ਪਹਿਲਾਂ ਸੰਪਾਦਿਤ ਹੋ ਚੁਕਿਆ ਸੀ, ਵਿਚ ਵਿਸ਼ੇਸ਼ ਤੌਰ ਤੇ ‘ਮਲਾਰ’ ਰਾਗ ਦੀ ਵਾਰ ਲਿਖਦਿਆਂ ਬਿੰਦੀ ਦੀ ਵਰਤੋਂ ਬਹੁਤ ਕੀਤੀ ਗਈ ਹੈ।

ਇਹ ਤਥ ਬੇਬੁਨਿਆਦ ਹੈ ਕਿ ਭਾਈ ਜੀ ਦੇ ਪੱਤਰ ਵਿਚ ਪੂਰਣ ਵਿਸ਼ਰਾਮ-ਚਿੰਨ੍ਹਾਂ ਦੀ ਅਧਿਕ ਵਰਤੋਂ ਹੋਈ ਹੈ, ਜੋ ਹੋਰ ਹੁਕਮਨਾਮਿਆਂ ਆਦਿ ਵਿਚ ਨਹੀਂ ਹੈ, ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ‘ਹੁਕਮਨਾਮੇ’ ਪੁਸਤਕ ਦਾ ਦੂਜਾ ਹੁਕਮਨਾਮਾ ਗੁਰੂ ਹਰਿਗੋਬੰਦ ਸਾਹਿਬ ਦਾ ਹੈ ਅਤੇ ਇਸ ਵਿਚ ਪੂਰਣ ਵਿਸ਼ਰਾਮ-ਚਿੰਨ੍ਹ ਦੀ ਵਿਆਪਕ ਵਰਤੋਂ ਹੋਈ ਹੈ। ਇਸੇ ਪੁਸਤਕ ਵਿਚ ਹੁਕਮਨਾਮਾ ਨੰਬਰ 66 ਬਾਬਾ ਬੰਦਾ ਸਿੰਘ ਬਹਾਦਰ ਦਾ ਹੈ। ਇਸ ਵਿਚ ਵੀ ਵਿਸ਼ਰਾਮ-ਚਿੰਨ੍ਹ ਵਾਰ-ਵਾਰ ਵਰਤਿਆ ਗਿਆ ਹੈ। ਇਸ ਪੱਤਰ ਨੂੰ ਨਕਲੀ ਦੱਸਣ ਵਾਲੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਵਿਚ ਅੱਖਰਾਂ ਅਤੇ ਮਾਤ੍ਰਾਵਾਂ ਦਾ ਸਰੂਪ ਨਵੀਨ ਹੈ, ਜੋ ਭਾਈ ਮਨੀ ਸਿੰਘ ਤੋਂ ਬਾਅਦ ਦਾ ਹੀ ਹੋ ਸਕਦਾ ਹੈ। ਇਹ ਦਲੀਲ ਵੀ ਮੰਨਣ ਯੋਗ ਨਹੀਂ ਹੈ, ਕਿਉਂਕਿ ਇਹ ਸਾਰਾ ਕੁਝ ਕਿਸੇ ਵਿਅਕਤੀ ਦੀ ਲੇਖਣੀ ਉਤੇ ਨਿਰਭਰ ਕਰਦਾ ਹੈ। ਨੌਵੇਂ ਗੁਰੂ ਜੀ ਦੇ ਹੁਕਮਨਾਮਿਆਂ ਵਿਚ ਲਿਖਾਰੀ ਦੀ ਲਿਖਤ ਅਤੇ ਗੁਰੂ ਜੀ ਦੀ ਲਿਖਤ ਦੇ ਅੱਖਰਾਂ ਵਿਚ ਇਤਨਾ ਅੰਤਰ ਹੈ ਕਿ ਇਹੋ ਜਿਹੀਆਂ ਖੋਜ-ਕਸੌਟੀਆਂ ਦੇ ਆਧਾਰ ਤੇ ਦੋਵੇਂ ਇਕ ਕਾਲ ਦੇ ਸਿੱਧ ਨਹੀਂ ਕੀਤੇ ਜਾ ਸਕਦੇ (ਵੇਖੋ ਹੁਕਮਨਾਮਾ ਨੰਬਰ 8, 25, 27, 28, 29, 30 ਆਦਿ)। ਦਸਵੇਂ ਗੁਰੂ ਜੀ ਦੇ ਹੁਕਮਨਾਮਾ ਨੰਬਰ 33, 34, 36, 41, 42, 43, 44, 45, 46, 50, 51, 52, 55, 56 ਦੀ ਵੀ ਇਹੋ ਸਥਿਤੀ ਹੈ। ਮਾਤਾ ਸੁੰਦਰੀ ਜੀ ਅਤੇ ਭਾਈ ਮਨੀ ਸਿੰਘ ਦੇ ਪੱਤਰਾਂ ਵਿਚ ਅੱਖਰਾਂ ਦੀ ਬਨਾਵਟ ਦਾ ਕੋਈ ਵਿਸ਼ੇਸ਼ ਅੰਤਰ ਨਹੀਂ ਹੈ। ਅਸਲ ਵਿਚ ਵਿਰੋਧੀ ਧਿਰ ਨੇ ਚਿੱਠੀ ਨੂੰ ਹਰ-ਹਾਲ ਜਾਅਲੀ ਦੱਸਣਾ ਹੈ। ਜੇ ਅੱਖਰ ਚੰਗੇ ਹੋਣ ਤਾਂ ਵੀ ਚਿੱਠੀ ਜਾਅਲੀ ਹੈ, ਕਿਉਂਕਿ ਉਸ ਸਮੇਂ ਅਖਰਾਂ ਦੀ ਸੁੰਦਰ ਬਨਾਵਟ ਸੰਭਵ ਨਹੀਂ ਸੀ। ਜੇ ਮਾੜੇ ਹੋਣ ਤਾਂ ਵੀ ਇਹ ਪੱਤਰ ਭਾਈ ਮਨੀ ਸਿੰਘ ਵਰਗੇ ਵਿਦਵਾਨ ਦਾ ਕਿਵੇਂ ਹੋ ਸਕਦਾ ਹੈ, ਉਨ੍ਹਾਂ ਦੀ ਹਥ ਲਿਖਤ ਬਹੁਤ ਖ਼ੂਬਸੂਰਤ ਹੋਣੀ ਚਾਹੀਦੀ ਸੀ। ਇਹੋ-ਜਿਹੀ ਹੈ ਸਾਡੀ ਨਿਰਪੱਖ ਅਤੇ ਯੁਕਤੀ-ਸੰਗਤ ਖੋਜ।

ਚਰਚਿਤ ਚਿੱਠੀ ਵਿਚ 303 ਚਰਿਤਰਾਂ ਦਾ ਜ਼ਿਕਰ ਹੋਣ ਦਾ ਮਤਲਬ ਇਹ ਤਾਂ ਨਹੀਂ ਹੋ ਸਕਦਾ ਕਿ ਪੱਤਰ ਲਿਖਣ ਵਾਲੇ ਨੂੰ ਚਰਿਤਰਾਂ ਦੀ ਪੂਰੀ ਗਿਣਤੀ ਦਾ ਬੋਧ ਨਹੀਂ ਸੀ। ਪੱਤਰ-ਲੇਖਕ ਨੂੰ ਜਿਤਨੀ ਬਾਣੀ ਮਿਲੀ ਹੈ, ਉਸ ਦਾ ਜ਼ਿਕਰ ਉਸ ਕੀਤਾ ਹੈ। ਹਾਂ ਜੇ ਇਹ ਪੱਤਰ ਨਕਲੀ ਹੁੰਦਾ ਤਾਂ ਜ਼ਰੂਰ ਹੀ ਚਰਿਤਰ ਉਤਨੇ ਲਿਖੇ ਜਾਣੇ ਸਨ, ਜਿਤਨੇ 'ਦਸਮ ਗ੍ਰੰਥ' ਵਿਚ ਸੰਕਲਿਤ ਹਨ। ਇਸ ਚਿੱਠੀ ਨੂੰ ਜਾਅਲੀ ਸਿੱਧ ਕਰਨ ਵਾਸਤੇ ਇਕ ਤਰਕ ਇਹ ਦਿੱਤਾ ਜਾਂਦਾ ਹੈ ਕਿ ਇਸ ਵਿਚ ਕਰਿਸਨ (ਕ੍ਰਿਸ਼ਨ) ਅਤੇ ਚਰਿਤਰ (ਚਰਿਤ੍ਰ) ਆਦਿ ਲਿਖਣ ਸਮੇਂ ਅੱਧੇ ਅਖਰਾਂ ਦੀ ਵਰਤੋਂ ਨਹੀਂ ਕੀਤੀ ਗਈ, ਕਿਉਂਕਿ ਇਹ ਸਰਲੀਕਰਣ ਮਗਰਲੇ ਸਮੇਂ ਵਿਚ ਹੀ ਸੰਭਵ ਹੋ ਸਕਦਾ ਸੀ। ਇਹ ਦਲੀਲ ਵੀ ਉਤਨੀ ਹੀ ਨਿਰਾਧਾਰ ਹੈ ਜਿਤਨੀਆਂ ਹੋਰ ਯੁਕਤੀਆਂ, ਕਿਉਂਕਿ 'ਦਸਮ ਗ੍ਰੰਥ' ਦੇ ਗਿਆਨੀ ਨਰੈਣ ਸਿੰਘ ਦੁਆਰਾ ਲਿਖਤ ਟੀਕੇ ਵਿਚ 'ਚਰਿਤ੍ਰ ਉਪਾਖਿਆਨ' ਦੇ ਪਹਿਲੇ ਚਰਿਤ੍ਰ ਨੂੰ ‘ਚਰਿਤਰ’ ਪਹਿਲਾ ਅਤੇ ਦੂਜੇ ਚਰਿਤ੍ਰ ਨੂੰ ‘ਚਲਿਤਰ ਦੂਜਾ’ ਲਿਖਿਆ ਗਿਆ ਹੈ। ਜੇ ਵਿਦਵਾਨਾਂ ਨੇ ਗੰਭੀਰ ਵਿਚਾਰ ਕੀਤੀ ਹੁੰਦੀ ਤਾਂ ਇਹ ਸਮਝ ਪੈ ਜਾਂਦੀ ਕਿ ਵਾਸਤਵ ਵਿਚ ਜਨਮ ਸਾਖੀਆਂ, ਹੁਕਮਨਾਮਿਆਂ ਅਤੇ ਹੋਰ ਸਿਖ ਸਾਹਿਤ ਵਿਚ ਕ੍ਰਿਸ਼ਨ ਦਾ ਵਿਗੜ ਕੇ ‘ਕਿਸ਼ਨ’ ਹੋ ਜਾਣ ਪਿਛੇ ਸਿਰਫ਼ ਅੱਧੇ ਰਾਰੇ ਦੀ ਸਮੱਸਿਆ ਸੀ। ਹੁਕਮਨਾਮਿਆਂ ਵਿਚ ਅਨੇਕਾਂ ਥਾਵਾਂ ਤੇ ਉਗ੍ਰਸੈਣ ਨੂੰ ਉਗਰਸੈਣ, ਸ੍ਰੀਧਰ ਨੂੰ ਸਿਰੀਧਰ, ਕ੍ਰਿਪਾ ਰਾਮ ਨੂੰ ਕਿਰਪਾ ਰਾਮ, ਪ੍ਰੇਮ ਚੰਦ ਨੂੰ ਪਰੇਮ ਚੰਦ, ਬ੍ਰਿੰਦਾਬਨ ਨੂੰ ਬਿੰਦਰਾਬਨ, ਪ੍ਰੀਤਮ ਦਾਸ ਨੂੰ ਪਰੀਤਮ ਦਾਸ ਆਦਿ ਲਿਖਿਆ ਹੈ। ਕੀ ਇਹ ਸਾਰਾ ਕੁਝ ਜਾਅਲੀ ਹੈ ? ਹਾਂ ਮੇਰਾ ਖ਼ਿਆਲ ਹੈ ਕਿ ਗ੍ਰੰਥ-ਨਿੰਦਕਾਂ ਵਾਸਤੇ ਕਾਗ਼ਜ਼ ਅਤੇ ਅਖਰ ਦਾ ਅਸਤਿਤ੍ਵ ਹੀ ਪਾਪ ਦੇ ਪਸਾਰੇ ਦਾ ਮੂਲ-ਕਾਰਨ ਹੈ। ਇਸੇ ਕਰ ਕੇ ਇਹ ਲੋਕ ਕਦੇ 'ਦਸਮ ਗ੍ਰੰਥ', ਕਦੇ ਹੁਕਮਨਾਮਿਆਂ, ਕਦੇ ਗੁਰ ਬਿਲਾਸ ਪਾਤਸ਼ਾਹੀ 6 ਵਰਗੇ ਗ੍ਰੰਥਾਂ ਨੂੰ ਸਮੂਲ ਨਸ਼ਟ ਕਰਨ ਵਾਸਤੇ ਯਤਨਸ਼ੀਲ ਹਨ।

ਇਹ ਵੀ ਸੋਚਣ ਦੀ ਗਲ ਹੈ ਕਿ ਜੇ ਇਸ ਚਿੱਠੀ ਦੇ ਅਸਤਿਤ੍ਵ ਦੀ ਖ਼ਬਰ 'ਦਸਮ ਗ੍ਰੰਥ' ਦੀ ਬਾਣੀ ਉਤੇ ਵਿਸ਼ਵਾਸ ਕਰਨ ਵਾਲੇ ਕਿਸੇ ਵਿਅਕਤੀ ਤੋਂ ਮਿਲਦੀ, ਤਾਂ ਇਹ ਮੰਨਿਆ ਜਾ ਸਕਦਾ ਸੀ ਕਿ ਪੂਰੇ 'ਦਸਮ ਗ੍ਰੰਥ' ਨੂੰ ਗੁਰੂ-ਕ੍ਰਿਤ ਦਸਣ ਵਾਸਤੇ ਉਸ ਨੇ ਫ਼ਰਜ਼ੀ ਚਿੱਠੀ ਬਣਾਈ ਹੈ। ਪਰ ਸਥਿਤੀ ਇਸ ਦੇ ਉਲਟ ਹੈ। ਜਿਸ ਗਿ. ਹਰਨਾਮ ਸਿੰਘ 'ਬਲਭ' ਨੇ ਸ. ਕਰਮ ਸਿੰਘ 'ਹਿਸਟੋਰੀਅਨ' ਦੀ ਪ੍ਰੁੇੁਰਨਾ ਨਾਲ ਇਸ ਪੱਤਰ ਨੂੰ ਖੋਜ ਕੇ ਪ੍ਰਚਾਰਿਆ ਸੀ, ਵਾਸਤਵ ਵਿਚ ਉਹ 'ਦਸਮ ਗ੍ਰੰਥ' ਦਾ ਵਿਰੋਧੀ ਸੀ। 'ਕ੍ਰਿਸ਼ਨਾਵਤਾਰ ਬਾਣੀ', ਜਿਸ ਦਾ ਜ਼ਿਕਰ ਇਸ ਪੱਤਰ ਵਿਚ ਹੈ, ਉਸ ਨੂੰ ਗਿਆਨੀ ਹਰਨਾਮ ਸਿੰਘ ਕਿਸੇ ਕਵੀ ਦੀ ਰਚਨਾ ਮੰਨਦਾ ਹੈ। ਉਸ ਦੇ ਵਿਚਾਰ ਅਨੁਸਾਰ 'ਚਰਿਤਰੋਪਾਖਿਆਨ' ਦੇ ਕੇਵਲ 303 ਚਰਿਤ੍ਰ ਗੁਰੂ-ਕ੍ਰਿਤ ਹਨ। ਸੋ ਇਸ ਪੱਤਰ ਨੂੰ ਇਨ੍ਹਾਂ ਯੁਕਤੀਆਂ ਦੇ ਆਧਾਰ 'ਤੇ ਜਾਅਲੀ ਨਹੀਂ ਸਿੱਧ ਕੀਤਾ ਜਾ ਸਕਦਾ। ਇਸ ਦਾ ਕੋਈ ਲਾਭ ਵੀ ਨਹੀਂ ਹੈ, ਕਿਉਂਕਿ ਇਸ ਤੋਂ ਕੇਵਲ ਇਹੋ ਸਿੱਧ ਹੁੰਦਾ ਹੈ ਕਿ ਭਾਈ ਮਨੀ ਸਿੰਘ ਨੇ ਪ੍ਰਯਤਨ ਕਰ ਕੇ ''ਦਸਮ ਗ੍ਰੰਥ' ਦੀਆਂ ਬਾਣੀਆਂ ਇਕਤਰ ਕੀਤੀਆਂ ਸਨ। ਇਸ ਵਿਚਾਰ ਨਾਲ 'ਦਸਮ ਗ੍ਰੰਥ' ਦੇ ਬਹੁਤੇ ਵਿਰੋਧੀ ਵੀ ਸਹਿਮਤ ਹਨ ਕਿ ਦਸਮ ਗੁਰੂ ਜੀ ਤੋਂ ਬਾਅਦ ਉਨ੍ਹਾਂ ਦੇ ਅਤਿ ਨਜ਼ਦੀਕੀ ਸੇਵਕ ਪਰਮ ਗਿਆਨੀ ਭਾਈ ਮਨੀ ਸਿੰਘ ਜੀ ਨੇ ਇਸ ਗ੍ਰੰਥ ਦੀ ਬਾਣੀ ਸੰਕਲਿਤ ਕੀਤੀ ਸੀ। ਇਸ ਸੰਬੰਧੀ ਸਤਿਕਾਰਤ ਵਿਦਵਾਨ ਡਾ. ਰਤਨ ਸਿੰਘ ਜੱਗੀ ਜੀ ਲਿਖਦੇ ਹਨ ਕਿ ਇਸ ਦਾ ਪਹਿਲਾ ਸੰਕਲਨ ਭਾਈ ਮਨੀ ਸਿੰਘ ਜੀ ਨੇ ਤਿਆਰ ਕੀਤਾ ਸੀ ਅਤੇ ਉਨ੍ਹਾਂ ਤੋਂ ਬਾਅਦ ਬਾਬਾ ਦੀਪ ਸਿੰਘ, ਭਾਈ ਸੁਖਾ ਸਿੰਘ ਆਦਿ ਸਿਖ ਵਿਦਵਾਨਾਂ ਨੇ ਹੋਰ ਪ੍ਰਾਪਤ ਹੋਈ ਸਾਮੱਗਰੀ ਨੂੰ ਰਲਾ ਕੇ ਆਪਣੀ ਰੁਚੀ ਅਨੁਸਾਰ ਇਸ ਗ੍ਰੰਥ ਦੇ ਸੰਸਕਰਣ ਤਿਆਰ ਕੀਤੇ ਸਨ। ਆਮ ਧਾਰਨਾ ਅਨੁਸਾਰ ਇਸ ਗ੍ਰੰਥ ਦਾ ਪਹਿਲਾ ਸੰਕਲਨ 1713 ਈ. ਵਿਚ ਹੋਇਆ ਸੀ।
------------------------------​----
(ਡਾ. ਹਰਿਭਜਨ ਸਿੰਘ ਕ੍ਰਿਤ  ਸ਼੍ਰੀ 'ਦਸਮ ਗ੍ਰੰਥ' ਦਾ ਕਰਤ੍ਰਿਤਵ (ਪੁਨਰ-ਸਮੀਖਿਆ) ਵਿਚੋਂ)

1 comment:

  1. Bhai Mani Singh's letter has been posted in a different post

    ReplyDelete