Friday 12 August 2011

ਸ੍ਰੀ ਦਸਮੇਸ਼-ਪੂਰਨੇ - ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ






ਪ੍ਰਮਾਰਥ ਸੰਬੰਧੀ ਧਾਰਮਕ ਕੁਰਬਾਨੀ ਦੇ ਜੋ ਪੂਰਨੇ ਸ੍ਰੀ ਦਸਮੇਸ਼ ਗੁਰੂ ਪਾਤਸ਼ਾਹ ਨੇ ਪਾਏ ਹਨ, ਉਹ ਅੱਜ ਤਾਈਂ ਕਿਸੇ ਧਾਰਮਕ ਆਗੂ ਨੇ ਯਾ ਕਿਸੇ ਰੀਫ਼ਾਰਮਰ ਨੇ ਨਹੀਂ ਪਾਏ, ਨਾ ਪਾਉਣੇ ਹਨ।

(1) ਪਹਿਲਾ ਪੂਰਨਾ ਸੱਚੀ ਅਤੇ ਸੁੱਚੀ ਨਿਰਭੈਤਾ ਦਾ ਹੈ। ਅੱਠ ਸਾਲ ਦੀ ਛੋਟੀ ਉਮਰ ਵਿਚ ਹੀ ਅਤਿ ਨਿਰਭੈ ਹੋ ਕੇ ਪਿਤਾ ਜੀ ਨੂੰ ਮਜ਼ਲੂਮਾਂ ਨਮਿਤ ਕੁਰਬਾਨੀ ਦੀ ਪ੍ਰੇਰਨਾ ਕਰਨੀ ਸੱਚੀ ਨਿਰਭੈਤਾ ਦੀ ਸਪਿਰਿਟ ਦਾ ਲਖਾਇਕ ਹੈ। ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਹੋਨਹਾਰ ਗੁਰੂ ਗੋਬਿੰਦ ਸਿੰਘ ਜੀ ਅੰਦਰ ਨਿਰਭੈਤਾ ਵਾਲੀ ਸੱਚੀ ਸਪਿਰਿਟ ਦੇਖ ਕੇ ਮਜ਼ਲੂਮਾਂ ਨਮਿਤ ਨਿਸ਼ਕਾਮਤਾ ਸਹਿਤ ਕੁਰਬਾਨ ਹੋਣ ਦੀ ਠਾਣੀ ਤਾਂ ਕੇਵਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਿਰਭੈਤਾ ਵਾਲੀ ਸਪਿਰਿਟ ਦੇਖ ਕੇ ਹੀ ਠਾਣੀ।

ਦੂਜੀ ਨਿਰਭੈਤਾ ਵਾਲੀ ਸਪਿਰਿਟ ਸ੍ਰੀ ਗੁਰੂ ਦਸਮੇਸ਼ ਜੀ ਨੇ ਗੁਰਤਾ ਦੀ ਗੱਦੀ ਸਾਭਣ ਸਾਰ ਹੀ ਦਿਖਾਈ। ਸੱਚੀ ਸੂਰਬੀਰਤਾ ਦੀ ਸਪਿਰਿਟ ਨਾ ਸਿਰਫ਼ ਆਪਣੇ ਅੰਦਰ ਹੀ ਭਰ ਕੇ ਦਰਸਾਈ, ਬਲਕਿ ਸਾਰੇ ਪੰਥ ਅੰਦਰ ਭੀ ਇਹੋ ਸਪਿਰਿਟ ਭਰੀ। ਅੰਤਰਿ ਆਤਮੇ ਨਾਮ ਦਾ ਖੰਡਾ ਬਦਸਤੂਰ ਖੜਕਾਉਣਾ ਅਤੇ ਖੜਕਾਉਂਦੇ ਹੋਏ, ਧਰਮ-ਯੁਧ ਹਿਤ ਖੜਗੇਸ਼ੀ ਖੰਡਾ ਖੜਕਾਉਣ ਦੀ ਇਸ ਬਿਧਿ ਪ੍ਰੇਰਨਾ ਕੀਤੀ। ਯਥਾ :-

 ਧੰਨ ਜੀਉ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮਹਿ ਜੁਧੁ ਬਿਚਾਰੈ।

 ਦੇਹ ਅਨਿਤ ਨ ਨਿਤ ਰਹੈ ਜਸੁ ਨਾਵ ਚੜ੍ਹੈ ਭਵ ਸਾਗਰ ਤਾਰੈ॥

 ਧੀਰਜ ਧਾਮ ਬਨਾਇ ਇਹੈ ਤਨ ਬੁਧਿ ਸੁ ਦੀਪਕ ਜਿਉਂ ਉਜਿਆਰੈ॥

 ਗਿਆਨਹਿ ਕੀ ਬਢਨੀ ਮਨੋ ਹਾਥਿ ਲੈ ਕਾਤੁਰਤਾ ਕੁਤਵਾਰ ਬੁਹਾਰੈ॥

    2492॥ ਦਸਮ ਗ੍ਰੰਥ, ਕ੍ਰਿਸ਼ਨਾ ਅਵਤਾਰ

ਹਾਂ ਜੀ! ਇਸ ਬਿਧਿ ਨਿਰਭੈਤਾ ਵਾਲੇ ਸੱਚੇ ਪ੍ਰਮਾਰਥੀ ਪੂਰਨਿਆਂ ਨੂੰ ਦਰਸਾਇ ਕੇ, ਸਾਰੇ ਪੰਥ ਨੂੰ ਉਭਾਰਿਆ ਵੰਗਾਰਿਆ। ਚਿਤ ਅੰਦਰਿ ਜੁੱਧ ਕਰਨ ਦਾ ਜੋਸ਼ ਚਿਤਾਰ ਕੇ ਭੀ ਮੁਖੋਂ ਨਾਮ ਦਾ ਸੱਚਾ ਖੜਗੇਸ਼ੀ-ਖੰਡਾ ਭੀ ਨਾਲੋ ਨਾਲ ਖੜਕਾਈ ਜਾਣਾ ਲਾਜ਼ਮੀ ਹੈ। ਇਸ ਬਿਧਿ, ਕੇਵਲ ਏਸੇ ਹੀ ਸਫਲਤਾ ਹੋ ਸਕਦੀ ਹੈ।

“ਦੇਹ ਅਨਿਤ ਨ ਨਿਤ ਰਹੈ” ਦੀ ਸੱਚੀ ਸੂਰਮਤਾਈ ਦੀ ਜੰਗੀ ਸਪਿਰਿਟ, ਆਪਣੇ ਅਤਿ ਛੋਟੀ ਉਮਰ ਵਾਲੇ ਸਾਹਿਬਜ਼ਾਦਿਆਂ ਅੰਦਰ ਐਸੀ ਭਰੀ ਕਿ ਉਹ ਨਿਰਭੈ ਹੋ ਕੇ ਐਸੇ ਜੂਝੇ ਕਿ ਰੰਚਕ ਮਾਤਰ ਭੀ ਆਪਣੀ ਜ਼ਿੰਦਗੀ ਨਾਲ ਪਿਆਰ ਨਹੀਂ ਪਾਇਆ। ਅਮਲੀ ਤੌਰ ‘ਤੇ ਇਹ ਮਿਸਾਲ ਕਾਇਮ ਕਰ ਕੇ ਦਿਖਾਈ ਕਿ ਬਪੜੀ ਚਾਰ-ਦਿਹਾੜੇ-ਰਹਿਣ-ਵਾਲੀ-ਦੇਹੀ ਦਾ ਰੰਚਕ ਖ਼ਿਆਲ ਨਾ ਰਖਦੇ, ਨਿਸ਼ਕਾਮਤਾ ਸਹਿਤ ਬਲੀਦਾਨ ਹੋਏ। ਜਨਮਨ ਸਾਰ ਹੀ ਸਾਹਿਬਜ਼ਾਦਿਆਂ ਦਿਲ ਦਿਮਾਗ ਅੰਦਰਿ ਸੱਚੜੇ ਨਾਮ ਅਭਿਆਸ ਦਾ ਮਾਦਾ ਐਸਾ ਕੁਟ ਕੁੱਟ ਕੇ ਭਰਿਆ ਕਿ ਜਿਸ ਦੇ ਤੂਫ਼ੈਲ ਮਰਨ ਦੀ ਚਿੰਤਾ ਤੇ ਜੀਵਨ ਦੀ ਲਾਲਸਾ ਹੀ ਬਿਨਸ ਗਈ। “ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ”* ਦੇ ਗੁਰਵਾਕ ਭਾਵ ਵਾਲੇ ਅਮਲੀ ਪੂਰਨੇ ਪਾ ਕੇ ਦਿਖਾਏ। ਸੱਚ ਮੁੱਚ ਇਹ ਅਮਲੀ ਪੂਰਨਿਆਂ ਵਾਲਾ ਸੱਚੜਾ ਰਸ ਹਿਰਦੇ ਅੰਦਰ ਵਸਿਆ ਰਸਿਆ ਹੋਵੇ, ਸੱਚੀ ਨਿਰਭੈਤਾ ਹੀ ਏਸੇ ਰਸ ਅੰਦਰ ਹੈ। ਜੋ ਏਸ ਰਸ ਤੋਂ ਸੂਨ ਹਨ ਉਹ ਨਿਰੀ ਲੌਕਿਕ ਵਡਿਆਈ ਦੇ ਕਾਰਨ ਹੰਕਾਰੇ ਰਹਿੰਦੇ ਹਨ। ਕਿਸੇ ਲੇਖੇ ਵੀ ਨਹੀਂ ਪੈਂਦੇ ਤਿਨ੍ਹਾਂ ਦੇ ਅਮਲ(ਕਰਮ)। ਧਰਮ ਹੇਤ ਉਹ ਸੱਚੀ ਨਿਰਭੈਤਾ ਨਿਸ਼ਕਾਮਤਾ ਵਾਲੀ ਸਪਿਰਿਟ ਸਹਿਤ ਸੰਧੂਰਤ ਹੋ ਕੇ ਸੱਚੜਾ ਪ੍ਰਮਾਰਥੀ ਜਸ ਭੀ ਖੱਟਦੇ ਹਨ ਅਤੇ ਇਸ ਜਸ ਦੀ ਸੱਚੜੀ ਬੇੜੀ ਤੇ ਚੜ੍ਹ ਕੇ ਭਵਸਾਗਰੋਂ ਭੀ ਪਾਰ ਪੈਂਦੇ ਹਨ। ਦੁਨਿਆਵੀ ਜਸ ਆਪੇ ਹੀ ਉਨ੍ਹਾਂ ਦੇ ਮਗ ਲਗਿਆ ਫਿਰਦਾ ਹੈ। ਸ੍ਰੀ ਦਸਮੇਸ਼ ਜੀ ਦੀ ਪਰਵੇਸ਼ ਕੀਤੀ ਹੋਈ ਬੁੱਧਸਬੁੱਧੀ ਅੰਦਰਲੀ ਰੱਖੀ ਸਪਿਰਿਟ ਅਨੁਸਾਰ ਉਹ ਆਪਣੇ ਜੀਵਨ ਨੂੰ, ਤਨ ਨੂੰ ਸੱਚੀ ਧੀਰਜਤਾ (ਸਹਿਨਸ਼ੀਲਤਾ) ਦਾ ਧਾਮ ਬਣਾ ਲੈਂਦੇ ਹਨ। ਉਹਨਾਂ ਦੀ ਬੁੱਧੀ ਭੀ ਸੁਬੁੱਧੀ ਹੋ ਜਾਂਦੀ ਹੈ। ਨਾਮ ਨਾਲਿ ਲਟ ਲਟ ਕਰ ਕੇ ਜਗਦੀ ਪ੍ਰਮਾਰਥਕ ਰੋਸ਼ਨੀ ਤਿਨ੍ਹਾਂ ਜਿੰਦੜੀਆਂ ਅੰਦਰ ਸਾਵਧਾਨਤਾ ਸਹਿਤ ਉਜਾਰਤ ਹੁੰਦੀ ਹੈ, ਅਤੇ ਡੋਲਣੋਂ ਬਚਾਉਂਦੀ ਹੈ। ਉਹਨਾਂ ਦੇ ਅੰਦਰ ਸੱਚੜਾ ਗੁਰਮਤਿ ਗਿਆਨ ਪ੍ਰਕਾਸ਼ਤ ਹੁੰਦਾ ਹੈ। ਉਹ ਆਪਣੇ ਹੀ ਨਹੀਂ, ਸਗੋਂ ਸੰਸਾਰ ਭਰ ਦੇ ਦੁੱਖਾਂ ਨੂੰ ਕੱਟਣ ਦੇ ਸਮਰੱਥ ਹੋ ਜਾਂਦੇ ਹਨ। ਇਕ ਵੰਨਗੀ ਪਾਤਰ ਉਦਾਹਰਨ ਹੈ ਕਿ ਸ੍ਰੀ ਦਸਮੇਸ਼ ਜੀ ਨੇ ਨਿਰਭੈਤਾ ਵਾਲੀ ਸਪਿਰਿਟ ਪਰਵੇਸ਼ ਕਰ ਕੇ ਦਿਖਾਈ ਕਿ ਜਿਸ ਕਾਰਨ ਕਰਕੇ ਇਹ ਗੁਰਵਾਕ ਉਨ੍ਹਾਂ ਪਰਥਾਇ ਪੂਰਾ ਪੂਰਾ ਘਟਦਾ ਹੈ:-

 ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥

 ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥1॥

     ਜਪੁਜੀ, ਸਲੋਕ, ਪੰਨਾ 8

ਇਹ ਇਕ ਨਮੂਨੇ ਮਾਤਰ ਹੀ ਸ੍ਰੀ ਦਸਮੇਸ਼ ਜੀ ਦੀ ਪੂਰਨ ਨਿਰਭੈਤਾ ਵਾਲੀ ਸਪਿਰਿਟ ਦੀ ਅਜ਼ਮਤ ਨਿਰੂਪਣ ਹੈ। ਹੋਰ ਅਨੇਕ ਉਦਾਹਰਣਾਂ ਹਨ ਜਿਨ੍ਹਾਂ ਦੇ ਕਾਰਨ ਸ੍ਰੀ ਦਸਮੇਸ਼ ਜੀ ਦਾ ਪੂਰਨ ਜੀਵਨ ਹੀ ਏਸ ਪੂਰਨੇ ਨਾਲ ਭਰਿਆ ਪਿਆ ਹੈ। ਲੇਖ ਦੇ ਵਿਸਥਾਰ ਹੋਣ ਦੇ ਤੌਖਲੇ ਨਾਲ ਏਥੇ ਹੀ ਸਮਾਪਤ ਕੀਤਾ ਜਾਂਦਾ ਹੈ।

(2) ਦੂਜਾ ਪੂਰਨਾ ਨਿਮਰਤਾ ਦਾ ਹੈ। ਸ੍ਰੀ ਦਸਮੇਸ਼ ਜੀ ਪਾਤਸ਼ਾਹ, ਗੁਰੂ ਪਾਤਸ਼ਾਹ ਦਰਵੇਸ਼ ਜੀ ਸਦਵਾਉਂਦੇ ਸਨ। ਜਿਸ ਤੋਂ ਸਿੱਧ ਹੈ ਕਿ ਏਹਨਾਂ ਅੰਦਰਿ ਇਸ ਨਿਮਰਤਾ ਵਾਲੇ ਪੂਰਨਿਆਂ ਵਾਲੀ ਸਪਿਰਿਟ ਨੱਕਾ-ਨੱਕ ਭਰੀ ਹੋਈ ਸੀ, ਜੈਸੇ ਕਿ ਪਹਿਲੇ ਦਰਸਾਇਆ ਗਿਆ ਹੈ।

(3) ਤੀਜਾ ਪੂਰਨਾ ਜੋ ਸ੍ਰੀ ਦਸਮੇਸ਼ ਜੀ ਨੇ ਪਾਇਆ ਉਹ ਅਮਲੀ ਸਮਦਰਸਤਾ ਵਾਲਾ ਹੈ। ਜ਼ਾਲਮਾਂ ਤੇ ਮਜ਼ਲੂਮਾਂ ਨੂੰ ਇੱਕੇ ਸਮ-ਦ੍ਰਿਸ਼ਟੀ ਨਾਲਿ ਸ੍ਰੀ ਦਸਮੇਸ਼ ਪਿਤਾ ਜੀ ਨੇ ਜਾਂਚਿਆ। ਨਿਰਵੈਰਤਾ ਭੀ ਏਸੇ ਪੂਰਨੇ ਅੰਦਰਿ ਸਫਲੀ ਜਾਣਾਈ ਹੈ। ਸੱਚੇ ਪਾਤਸ਼ਾਹ ਸ੍ਰੀ ਗੁਰੂ ਦਸਮੇਸ਼ ਜੀ ਨੇ ਕਿਸੇ ਜ਼ਾਤੀ ਨਾਲ ਵੈਰ ਨਹੀਂ ਕੀਤਾ।

ਗੁਰੂ ਸੱਚੇ ਪਾਤਸ਼ਾਹ ਸ੍ਰੀ ਦਸਮੇਸ਼ ਜੀ ਦੀ ਦ੍ਰਿਸ਼ਟੀ ਅੰਦਰਿ ਜੈਸੇ ਮੁਸਲਮਾਨ ਸੀ ਵੈਸੇ ਹੀ ਹਿੰਦੂ। ਜ਼ਾਲਮ ਅਤੇ ਪ੍ਰਮਾਰਥੋਂ ਗੁਮਰਾਹ ਹੋਏ ਹੋਏ ਪਹਾੜੀਆਂ ਨਾਲਿ ਗੁਰੂ ਸਾਹਿਬ ਦਾ ਕੋਈ ਵੈਰ ਨਹੀਂ ਸੀ। ਜਦੋਂ ਪਹਾੜੀ ਰਾਜੇ ਪ੍ਰਮਾਰਥੋਂ ਗੁਮਰਾਹ ਹੋਏ ਤਾਂ ਸ੍ਰੀ ਦਮਮੇਸ਼ ਜੀ ਦੀ ਨਿਰਵੈਰ ਸਮ-ਦ੍ਰਿਸ਼ਟੀ ਅੰਦਰਿ ਉਹਨਾਂ ਹੀ ਪਹਾੜੀਆਂ ਦੀ ਸੋਧਨਾ ਇਸ ਪਰਕਾਰ ਪ੍ਰਗਟ ਹੋਈ। ਯਥਾ:-

 ਮਨਮ ਕੁਸ਼ਤਾ-ਅਮ ਕੋਹੀਆਂ ਬੁੱਤਪ੍ਰਸਤ॥*

 ਕਿ ਆਂ ਬੁੱਤ-ਪ੍ਰਸਤੰਦੋ, ਮਨ ਬੁਤ-ਸ਼ਿਕਸਤ॥

(*ਮੈਂ ਬੁੱਤ-ਪੂਜ ਪਹਾੜੀਆਂ ਦਾ ਨਾਸ਼ ਕਰਨ ਵਾਲਾ ਹਾਂ, ਕਿਉਂਕਿ ਉਹ ਬੁੱਤ-ਪ੍ਰਸਤ ਹਨ ਤੇ ਮੈਂ ਬੁੱਤ ਤੋੜਨ ਵਾਲਾ। )

 ਜਿਥੇ ਪ੍ਰਮਾਰਥ ਦੇ ਸੱਚੇ ਮਾਰਗ ਤੋਂ ਘੁੱਥਿਆਂ ਹਿੰਦੂਆਂ ਪਹਾੜੀਆਂ ਨਾਲ ਭੀ ਇਹ ਨਿਰਵੈਰ ਸਮਦ੍ਰਿਸ਼ਟੀ ਦਿਖਾਈ ਓਥੇ ਤਿਨ੍ਹਾਂ ਨਾਲ ਨਿਰਵੈਰ ਸਮਦਰਸਤਾ ਭੀ ਵਰਤੀ। ਜਦੋਂ ਪਹਾੜੀਆਂ ਦੀ ਪਾਪਾਂ-ਗ੍ਰਸੀ ਬਿਰਤੀ ਉਂਕੀ ਹੀ ਪ੍ਰਮਾਰਥ ਤੋਂ ਸ਼ੁਨ ਹੋ ਗਈ, ਸਗੋਂ ਉਲਟੇ ਸਾਰੇ ਪਹਾੜੀ ਰਾਜੇ ਗੁਰੂ ਸਾਹਿਬ ਤੋਂ ਬੇਮੁਖ ਹੋ ਕੇ ਤੁਰਕਾਂ ਨਾਲ ਜਾ ਰਲੇ ਤਾਂ ਗੁਰੂ ਸਾਹਿਬ ਨੇ ਇਹ ਸਾਂਝਾ ਫ਼ਤਵਾ ਦਿੱਤਾ ਕਿ ਏਹਨਾਂ ਪਹਾੜੀਆਂ ਤੇ ਤੁਰਕਾਂ ਦਾ ਖ਼ਾਲਸਾ ਜੀ ਨੇ ਕਦੇ ਵਿਸਾਹ ਨਹੀਂ ਕਰਨਾ। ਵਾਸਤਵ ਵਿਚ ਗੁਰੂ ਸਾਹਿਬ ਸਭ ਦੀ ਭਲਾਈ ਲੋਚਦੇ ਹਨ। ਜਦੋਂ ਹਰ ਪ੍ਰਕਾਰ ਦੇ ਹੀਲੇ ਕੀਤਿਆਂ ਭੀ ਦੋਹਾਂ ਧਿਰਾਂ ਦੀ ਭਲਾਈ ਰਹਿ ਖੜੋਤੀ, ਤਦ ਗੁਰੂ ਸੱਚੇ ਪਾਤਸ਼ਾਹ ਨੇ ਏਹਨਾਂ ਦੋਹਾਂ ਦੀ ਸੁਧਾਈ ਹਿਤ ਕਮਰਕੱਸੇ ਕਰ ਲਏ। ਗੁਰੂ ਸਾਹਿਬ ਦੀ ਏਸ ਗੱਲੇ ਪੂਰੀ ਪੂਰੀ ਨਿਰਵੈਰਤਾ ਸਪੰਨ ਸਮਦਰਸਤਾ ਹੈ ਕਿ ਉਹਨਾਂ ਨੇ ਨਾ ਹੀ ਹਿੰਦੂਆਂ ਦਾ ਪਖਸ਼ ਪੂਰਿਆ, ਨਾ ਹੀ ਤੁਰਕਾਂ ਨਾਲ ਵੈਰ-ਭਾਵਨਾ ਕਮਾਈ, ਬਲਕਿ ਸੱਚੀ ਧਰਮੱਗ ਸਪਿਰਿਟ ਤੋਂ ਖਾਲੀ ਹੋਏ ਹਿੰਦੂਆਂ ਤੇ ਤੁਰਕਾਂ ਨੂੰ ਇਕ-ਸਾਰ ਹੀ ਸੋਧਿਆ। ਦੋਈ ਪ੍ਰਮਾਰਥ ਦੇ ਵੈਰੀ ਸਨ ਅਤੇ ਦੋਨੋਂ ਹੀ ਧਰਮ-ਉਪਕਾਰਤਾ ਵਾਲੀ ਸੱਚਾਈ ਤੋਂ ਦੁਰੇਡੇ ਹੋ ਗਏ ਸਨ। ਇਸ ਕਰਕੇ ਗੁਰੂ ਸੱਚੇ ਪਾਤਸ਼ਾਹ ਸ੍ਰੀ ਦਸਮੇਸ਼ ਜੀ ਨੇ ਦੋਹਾਂ ਨੂੰ ਹੀ ਸਿੱਧੇ ਰਸਤੇ ਪਾਉਣ ਵਾਲੀ ਸੱਚੀ ਸਮਦ੍ਰਿਸ਼ਟੀ ਵਰਤੀ। ਹਿੰਦੂ ਮੁਸਲਮਾਨ ਵਾਲੀ ਕਾਣ-ਕਨੌਡ ਕਿਸੇ ਦੀ ਨਹੀਂ ਰੱਖੀ।

 ਆਮ ਨੇਤਾਵਾਂ ਦਾ ਇਹ ਖਿਆਲ ਉਂਕਾ ਹੀ ਗ਼ਲਤ ਹੈ ਕਿ ਗੁਰੂ ਸਾਹਿਬ ਸ੍ਰੀ ਦਸਮੇਸ਼ ਜੀ ਕੇਵਲ ਤੁਰਕਾਂ ਦੇ ਹੀ ਵੈਰੀ ਸਨ। ਹਰਗਿਜ਼ ਨਹੀਂ, ਗੁਰੂ ਸਾਹਿਬ ਤਾਂ ਪਾਪ ਅਤੇ ਜ਼ੁਲਮ ਦੇ ਵਿਰੋਧੀ ਸਨ। ਜ਼ਾਤ ਪਾਤ ਕਰਕੇ ਕਿਸੇ ਨਾਲ ਵੈਰ-ਵਿਰੋਧ ਨਹੀਂ ਕਮਾਇਆ। ਸਭਨਾਂ ਨੂੰ ਹੀ ਸਿੱਧਾੇ ਰਸਤੇ ਲਿਆਵਣ ਦੇ ਅਭਿਲਾਖੀ ਸਨ। ਸਭਨਾਂ ਕਪੁੱਠੇ ਮਾਰਗ ਪਏ ਹੋਇਆਂ ਬੰਦਿਆਂ ਦੇ ਸੋਧਕ ਸਨ। ਸੋਈ ਸਮਤੀ ਗੁਰੂ ਦਸਮੇਸ਼ ਜੀ ਨੇ ਆਪਣੇ ਸਾਜੇ ਨਿਵਾਜੇ ਖਾਲਸਾ ਜੀ ਨੂੰ ਨਦਰੀ ਨਦਰ ਨਿਹਾਲ ਹੋ ਕੇ ਬਖ਼ਸ਼ੀ ਕਿ ਕਿਸੇ ਇਕ ਜ਼ਾਤ ਕੌਮ ਦਾ ਘਾਤ ਨਹੀਂ ਕਰਨਾ, ਪਰੰਤੂ ਪਾਪਿਸ਼ਟ ਕਰਮੀ ਭਾਵੇਂ ਕੋਈ ਜ਼ਾਤੀ ਅਤੇ ਕੋਈ ਫ਼ਿਰਕਾ ਹੋਵੇ, ਦੋਹਾਂ ਨੂੰ ਸੁਮੱਤੇ ਲਾਉਣਾ ਹੈ। ਜੇ ਪਹਾੜੀ ਰਾਜਿਆਂ ਵਤ ਅੱਜ ਕੱਲ੍ਹ ਦੇ ਹਿੰਦੂ-ਡੰਮੀਏ ਭੀ ਸੱਚੇ ਪ੍ਰਮਾਰਥ ਅਤੇ ਸੱਚੇ ਧਰਮ ਮਾਰਗ ਤੋਂ ਬੇਮੁਖ ਹੋ ਜਾਣ ਤਾਂ ਤਿਨ੍ਹਾਂ ਨੂੰ ਗਏ-ਗੁਜ਼ਰੇ ਹਿੰਦੂ ਪਹਾੜੀਆਂ ਸਮਾਨ ਹੀ ਸਮਝਣਾ ਹੈ। ਉਹਨਾਂ ਦੀ ਨਿਰੇ ਹਿੰਦੂ ਹੋਣ ਕਰਕੇ ਕੋਈ ਰੱਛਿਆ ਰਿਆਇਤ ਨਹੀਂ ਕਰਨੀ। ਗੁਰੂ ਦਸਮੇਸ਼ ਜੀ ਨੇ ਸੱਚੀ ਸਮਦਰਸਤਾ ਦਾ ਸੱਚਾ ਸਬਕ ਅਮਲੀ ਤੌਰ ‘ਤੇ ਖਾਲਸਾ ਪੰਥ ਨੂੰ ਸਿਖਾਇਆ। ਜਿਸ ਪਰਕਾਰ ਸ੍ਰੀ ਦਸਮੇਸ਼ ਜੀ ਨੇ ਹਿੰਦੂ ਤੁਰਕ ਵਾਲੀ ਕਾਣ-ਕਨੌਡ ਮਿਟਾ ਦੇਣ ਦੇ ਸੱਚੇ ਪੂਰਨੇ ਪਾ ਕੇ ਦਿਖਾਏ, ਓਹਨਾਂ ਹੀ ਪੂਰਨਿਆਂ ਉਤੇ ਗੁਰੂ ਦਸਮੇਸ਼ ਜੀ ਦਾ ਸਾਜਿਆਂ ਨਿਵਾਜਿਆ ਖ਼ਾਲਸਾ ਪੰਥ ਤਤਪਰ ਹੈ, ਤੇ ਸਦਾ ਤਤਪਰ ਰਹੇਗਾ। ਜਦੋਂ ਦਸਮੇਸ਼ ਜੀ ਨੇ ਪੇਖ ਪਰਖ ਕੇ ਦੋਹਾਂ ਹੀ ਮੱਤਾਂ ਦੀ ਕਪਟ-ਕੁਕਰਮਤਾ ਭਲੀ ਬਿਧਿ ਜਾਂਚ ਲਈ ਤਦੋਂ ਹੀ ਦੋਹਾਂ ਨੂੰ ਸੋਧਣ ਲਈ ਖਾਲਸਾ ਪੰਥ ਦੀ ਸਾਜਨਾ ਕੀਤੀ। ਯਥਾ ਸ੍ਰੀ ਦਸਮੇਸ਼ ਵਾਕ:-

  ਦੁਹੂੰ ਪੰਥ ਮੈ ਕਪਟ ਵਿਦਯਾ ਚਲਾਨੀ॥

  ਬਹੁਰ ਤੀਸਰੋ ਪੰਥ ਕੀਨੋ ਪਰਧਾਨੀ॥

     ਦਸਮ ਗ੍ਰੰਥ, ਉਗ੍ਰਦੰਤੀ, ਛਕਾ 5, ਤੁਕ 13

 ਸ੍ਰੀ ਦਸਮੇਸ਼ ਜੀ ਨੇ ਖਾਲਸਾ ਜੀ ਨੂੰ ਸਭ ਤੋਂ ਨਿਆਰਾ ਰੱਖਿਆ ਅਤੇ ਹੁਕਮ ਬਖਸ਼ਿਆ:-

  ਜਬ ਲਗ ਖਾਲਸਾ ਰਹੇ ਨਿਆਰਾ॥ ਤਬ ਲਗ ਤੇਜ ਦੀਓ ਮੈਂ ਸਾਰਾ॥

  ਜਬ ਇਹ ਗਹੈ ਬਿਪਰਨ ਕੀ ਰੀਤ॥ ਮੈਂ ਨ ਕਰੋਂ ਇਨ ਕੀ ਪ੍ਰਤੀਤ॥

       ਸਰਬ ਲੋਹ ਗ੍ਰੰਥ

 ਇਸ ਬਿਧਿ ਸ੍ਰੀ ਦਸਮੇਸ਼ ਜੀ ਨੇ ਸੱਚੀ ਸਮਦਰਸਤਾ ਦਾ ਪੂਰਨਾ ਪਾ ਕੇ ਦਿਖਾਇਆ।

 (4) ਚੌਥਾ ਪੂਰਨਾ:- ਸਭ ਤੋਂ ਸ੍ਰੇਸ਼ਟ ਪੂਰਨਾ ਸ੍ਰੀ ਦਸਮੇਸ਼ ਜੀ ਨੇ ਗੁਰਮਤਿ ਸੱਚਾਈ ਦਾ ਕੌਲ-ਔ-ਫ਼ੇਅਲ (ਕਹਿਣੀ ਅਤੇ ਕਰਨੀ) ਦਾ ਪਾਇਆ, ਜੋ ਅੱਜ ਤਾਈਂ ਕਿਸੇ ਧਾਰਮਕ ਆਗੂ ਅਤੇ ਰੀਫ਼ਾਰਮਰ ਨੇ ਨਹੀਂ ਪਾਇਆ। ਸ੍ਰੀ ਗੁਰੂ ਦਸਮੇਸ਼ ਜੀ ਨੇ ਨਿਧੜਕ ਹੋ ਕੇ ਗੁਰਮਤਿ ਤਤ ਸੱਤ ਦਾ ਨਿਰਣਾ ਪੂਰਨ ਸੱਚਾਈ ਦੇ ਪੂਰਨੇ ਅਨੁਸਾਰ ਪਾ ਕੇ ਦਿਖਾਇਆ। ਸਪੱਸ਼ਟ ਤੌਰ ਤੇ ਪਹਿਲਾਂ ਇਹ ਸੱਚਾਈ ਦਰਸਾਈ:-

  ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ॥9॥29॥       ਤਵਪ੍ਰਸਾਦਿ ਸਵਯੇ

 ਏਸ ਵਿਚ ਰੰਚਕ ਸੰਦੇਹ ਨਹੀਂ ਕਿ ਸ੍ਰੀ ਗੁਰੂ ਦਸਮੇਸ਼ ਜੀ ਦਾ ਆਦਰਸ਼ ਨਾਮ-ਭਿੰਨੜਾ ਪ੍ਰੇਮ ਹੈ। ਯਥਾ ਗੁਰਵਾਕ:-

  ਪ੍ਰੇਮ ਪਦਾਰਥੁ ਨਾਮੁ ਹੈ ਭਾਈ…5॥(9॥1)

     ਸੋਰਠਿ ਮ: 5 ਅਸ਼ਟ:, ਪੰਨਾ 640

 ਗੁਰੂ ਦਸਮੇਸ਼ ਜੀ ਨੇ ਪ੍ਰੇਮ ਦੀ ਏਸ ਸੱਚਾਈ ਨੂੰ ਸਭ ਤੋ ਸ੍ਰੇਸ਼ਟ ਪੂਰਨਾ ਪਾ ਕੇ ਸਿੱਧ ਕੀਤਾ ਕਿ ਗੁਰਮਤਿ ਅੰਦਰਿ ਨਾਮ-ਭਿੰਨੜੇ-ਪ੍ਰੇਮ ਤੋਂ ਬਿਨਾਂ ਸ਼ੁਸ਼ਕ ਪ੍ਰੇਮ ਕੋਈ ਅਰਥ ਹੀ ਨਹੀਂ ਰਖਦਾ। ਇਸ ਪ੍ਰੇਮ-ਮਈ-ਸੱਚਾਈ ਨੂੰ ਸ੍ਰੀ ਦਸਮੇਸ਼ ਜੀ ਨੇ ਸਪੱਸ਼ਟ ਤੌਰ ‘ਤੇ ਦਰਸਾਇਆ ਅਤੇ ਦਰਸਾ ਕੇ ਸਿੱਧ ਕੀਤਾ ਕਿ ਵਾਹਿਗੁਰੂ ਨੂੰ ਪਾਉਣ ਦਾ ਇਕੋ ਇਕ ਵਸੀਲਾ ਨਾਮ-ਭਿੰਨੜਾ-ਪ੍ਰੇਮ ਹੀ ਹੈ। ਇਸ ਪੂਰਨੇ ਨੂੰ ਸਪੱਸ਼ਟ ਤੌਰ ਤੇ ਦਰਸਾ ਕੇ ਸਿੱਧ ਕਰਨ ਲਈ ਸ੍ਰੀ ਦਸਮੇਸ਼ ਜੀ ਨੇ ਇਹ ਗੱਲ ਭਲੀ ਪਰਕਾਰ ਨਿਰੂਪਣ ਕਰ ਦਿੱਤੀ ਕਿ ਹੋਰਨਾਂ ਮਤ-ਮਤਾਂਤ੍ਰਾਂ ਅੰਦਰਿ ਜੋ ਪੂਰਨੇ ਵਾਹਿਗੁਰੂ ਨੂੰ ਪਾਉਣ ਦੇ ਇਸ ਪ੍ਰੇਮ ਤੋਂ ਸਖਣੇ ਹਨ, ਸਭ ਨਿਸਫਲ ਹਨ। ਜੈਸਾ ਕਿ ਸ੍ਰੀ ਮੁਖਵਾਕ ਦੁਆਰਾ ਇਸ ਬਿਧਿ ਨਿਰਣਾ ਹੈ:-

  ਪ੍ਰੀਤਿ ਕਰੇ ਪ੍ਰਭੁ ਪਾਈਅਤ ਹੈ

  ਕ੍ਰਿਪਾਲ ਨ ਭੀਜਤ ਲਾਂਡ ਕਟਾਏ॥100॥

      ਬਚਿਤ੍ਰ ਨਾਟਕ, ਅਧਿਆਇ 1

 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬਾਣੀ ਅਨੁਸਾਰ ਏਥੇ ਇਸ ਮਹਾਂਵਾਕ ਦੁਆਰਾ ਆਨ-ਮੱਤੀਆਂ, ਖਾਸ ਕਰ ਤੁਰਕਾਂ ਦੀ ਸ਼ੁਸ਼ਕ ਸੁੰਨਤ ਕ੍ਰਿਆ ਵਲ ਸਪੱਸ਼ਟ ਇਸ਼ਾਰਾ ਹੈ ਅਤੇ ਏਸ ਇਸ਼ਾਰੇ ਨੂੰ ਸਪੱਸ਼ਟਤਾਈ ਸਹਿਤ ਦਰਸਾਉਣ ਦਾ ਸੱਚਾ ਪੂਰਨਾ ਸ੍ਰੀ ਦਸਮੇਸ਼ ਜੀ ਨੇ ਪਾਇਆ ਹੈ:-

  ਸੁੰਨਤਿ ਕੀਏ ਤੁਰਕੁ ਜੇ ਹੋਇਗਾ

  ਅਉਰਤਿ ਕਾ ਕਿਆ ਕਰੀਐ॥…3॥(4॥8)

      ਆਸਾ ਕਬੀਰ ਜੀ, ਪੰਨਾ 477

ਵਾਲੇ ਗੁਰਵਾਕ ਦਾ ਇੰਨ ਬਿੰਨ ਅਨਵਾਦ ਕਰ ਵਿਖਾਇਆ ਹੈ। ਪ੍ਰੰਤੂ ਬਿਨਾਂ ਕਿਸੇ ਰੌ-ਰਿਆਇਤ ਅਤੇ ਝਕ-ਝੇਪ ਦੇ ਤੱਤ-ਸੱਚਾਈ ਦਾ ਪੂਰਨਾ ਪਾ ਕੇ ਸਪੱਸ਼ਟ ਕੀਤਾ ਹੈ ਕਿ ਸੱਚੇ ਗੁਰਮਤਿ ਪ੍ਰਮਾਰਥੀ ਪ੍ਰੇਮ-ਬਿਹੂਨ ਹੋਰ ਸਭ ਕ੍ਰਿਆ, ਆਨਮਤੀਆਂ ਦੀ ਸੁੰਨਤ ਆਦਿ ਸਭ ਬਿਰਥੀ ਹੈ। ਏਸ ਦੁਆਰਾ ਪਰਮਾਤਮਾ ਪਾਇਆ ਹੀ ਨਹੀਂ ਜਾ ਸਕਦਾ। ਪਾਇਆ ਜਾ ਸਕਦਾ ਹੈ ਤਾਂ ਕੇਵਲ ਗੁਰਮਤਿ ਨਾਮ-ਭਿੰਨੜੇ-ਪ੍ਰੇਮ ਦੁਆਰਾ ਹੀ ਪਾਇਆ ਜਾ ਸਕਦਾ ਹੈ। ਇਹ ਸੱਚਾਈ ਚਾਹੇ ਕਿਸੇ ਅਨਮਤੀ ਪੁਰਸ਼ ਨੂੰ ਕੋੜੀ ਹੀ ਲੱਗੇ, ਪ੍ਰੰਤੂ ਸ੍ਰੀ ਦਸਮੇਸ਼ ਜੀ ਨੇ ਇਸ ਸਾਰ-ਸਚਾਈ ਵਾਲੇ ਪੂਰਨੇ ਨੂੰ ਸਪੱਸ਼ਟ ਤੌਰ ਤੇ ਪਾ ਹੀ ਦਿਤਾ। ਬਚਿੱਤ੍ਰ ਨਾਟਕ ਅੰਦਰਿ ਜਿਸ ਸਾਰ-ਸਚਾਈ ਨੂੰ ਨਿਰੂਪਣ ਕਰ ਕੇ ਸ੍ਰੀ ਦਸਮੇਸ਼ ਜੀ ਨੇ ਇਸ ਨੂੰ ਖ਼ਾਸ ਦਰਸਾਉਣ ਦਾ ਪੂਰਨਾ ਪਾਇਆ ਹੈ, ਉਹ ਕਿਸੇ ਤੋਂ ਵੀ ਨਹੀਂ ਪੈਂਦਾ। ਇਹ ਸ੍ਰੀ ਦਸਮੇਸ਼ ਜੀ ਨੂੰ ਸਮਰੱਥਾ ਹੈ ਕਿ ਇਸ ਗੁਰਮਤਿ ਤੱਤ-ਸੱਚਾਈ ਨੂੰ ਹੀ ਸਪੱਸ਼ਟ ਤੌਰ ਤੇ ਦਰਸਾ ਕੇ ਸਿੱਧ ਕੀਤਾ ਜਾਏ ਕਿ ਨਾਮ-ਭਿੰਨੜੇ-ਪ੍ਰੇਮ ਬਿਨਾਂ ਸਾਰੇ ਕਰਮ ਧਰਮ ਨਿਸਫਲ ਹਨ। ਇਸ ਸੱਚਾਈ ਨੂੰ ਮੁਖ ਰਖ ਕੇ ਸ੍ਰੀ ਦਸਮੇਸ਼ ਜੀ ਨੇ ਸਮੱਗਰ ਆਨਮੱਤ ਨੇਤਾਵਾਂ ਦਾ ਪੋਲ ਖੋਲ੍ਹ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਨਾਮ-ਭਿੰਨੜਾ-ਪ੍ਰੇਮ ਸਿਵਾਏ ਗੁਰਮਤਿ ਦੇ ਕਿਸੇ ਵੀ ਅਨ-ਮੱਤ ਅੰਦਰਿ ਅਤੇ ਅਨ-ਮੱਤ ਨੇਤਾ ਦੇ ਕਿਸੇ ਵੀ ਮਿਸ਼ਨ ਅੰਦਰ ਨਹੀਂ ਪਾਇਆ ਜਾਂਦਾ। ਇਹ ਵਡਿਆਈ, ਇਸ ਤੱਤ ਸਤ ਸੱਚਿਆਈ ਨੂੰ ਇਨ ਬਿੰਨ ਪ੍ਰਗਟਾਉਣ ਲਈ, ਅਕਾਲ ਪੁਰਖ ਨੇ ਕੇਵਲ ਸ੍ਰੀ ਦਮਸੇਸ਼ ਜੀ ਨੂੰ ਬਖਸ਼ੀ।

 ਇਤਨੇ ਪੂਰਨਿਆਂ ਦਾ ਮਾਲਕ ਹੁੰਦਾ ਹੋਇਆ ਭੀ ਸਾਡਾ ਸ੍ਰੀ ਦਸਮੇਸ਼ ਪਿਤਾ ਸਵਾਸ ਸਵਾਸ ਨਾਮ ਅਭਿਆਸ ਦੇ ਰੰਗਾਂ ਵਿਚ ਜੁੱਧਾਂ-ਜੰਗਾਂ ਵਿਚ ਅਹਿਨਿਸ ਰੱਤੜਾ ਹੀ ਰਹਿੰਦਾ ਹੈ। ਹੋਰ ਸਭ ਪੂਰਨੇ ਏਸ ਸੱਚਾਈ ਦੇ ਪੂਰਨੇ ਦੀ ਰੋਸ਼ਨੀ ਵਿਚ, ਸਮੱਗਰ ਤੌਰ ਤੇ ਆਏ ਸਪੱਸ਼ਟਾਏ ਗਿਣੇ ਜਾਂਦੇ ਹਨ।