Saturday 13 August 2011

ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ! what is chandi in dasam granth !- gurpreet singh california


ਦੇਖਣ ਨੂੰ ਤਾਂ ਗੁਰਬਾਣੀ ਦੀ ਇਹ ਪੰਗਤੀ ਬਹੁਤ ਹੀ ਸੌਖੀ ਲਗਦੀ ਹੈ , ਪਰ ਇਹ ਪੰਗਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਔਖੇ ਸ਼ਬਦਾਂ ਵਿਚੋ ਇੱਕ ਹੈ | ਸਾਰੇ ਹੀ ਟੀਕਿਆਂ ਵਿੱਚ ਅਤੇ ਸਾਰੇ ਹੀ ਵਿਦਵਾਨਾਂ ਵਲੋਂ ਇਸ ਪੰਗਤੀ ਨੂੰ ਅਰਥਾਉਣ ਵੇਲੇ ਕੀਤੀ ਗਈ ਕੋਤਾਹੀ  ਦੇ ਸਦਕੇ ਹੀ ਗੁਰਬਾਣੀ ਦੀਆਂ ਬਹੁਤ ਸਾਰੀਆਂ ਪੰਗਤੀਆਂ ਦੇ ਅਰਥ ਗਲਤ ਕਰ ਦਿਤੇ ਗਏ ਹਨ |
ਦਰਅਸਲ ਗੁਰਬਾਣੀ ਨੂੰ ਅਰਥਾਉਣ ਵੇਲੇ ਜੋ ਸ਼ਬਦ ਕੋਸ਼ ਵਰਤਿਆ ਗਿਆ ਉਹ ਗੁਰਮਤਿ ਸ਼ਬਦ ਕੋਸ਼ ਦੇ ਅਨੁਕੂਲ ਨਹੀ ਸੀ
| ਹੁਣ ਨਿਰੰਕਾਰੀ ਪਿਤਾ ਦੀ ਤਾਂ ਕੁਝ - ਕੁਝ ਸਮਝ ਆਈ ਪਰ ਨਿਰੰਕਾਰੀ ਮਾਤਾ ਦੀ ਸਮਝ ਕਿਸੇ ਨੂੰ ਨਹੀ ਆਈ |

ਹੁਣ ਇੱਕ ਪੰਗਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੀ ਹੈ ...........|

|| ਜਿਨ ਹਰਿ ਹਿਰਦੈ ਨਾਮੁ ਨਾ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ||

  ਇਸ ਪੰਗਤੀ ਦੇ ਸਾਰਿਆਂ ਨੇ ਹੀ ਸੌਖੇ - ਸੌਖੇ ਅਰਥ ਕਰ ਦਿੱਤੇ ਹਨ ਕਿ " ਜਿੰਨਾ ਦੇ ਹਿਰਦੇ ਵਿੱਚ ਨਾਮ ਨਹੀ ਵਸਿਆ ਵਾਹਿਗੁਰੂ ਉਹਨਾਂ ਦੀ ਮਾਂ ਨੂੰ ਬਾਂਝਾ ਕਿਉ ਨਹੀ ਕਰ ਦਿੰਦਾ | ਹੁਣ ਅਗਰ ਅਸੀਂ ਇਹੀ ਅਰਥ ਮੰਨੀਏ ਤਾਂ ਚੌਥੇ ਪਾਤਿਸ਼ਾਹ ਦੇ ਘਰ ਪਹਿਲਾਂ ਬਾਬਾ ਪ੍ਰਿਥੀ ਚੰਦ ਪੈਦਾ ਹੋਏ ਤੇ ਫਿਰ ਕਿ ਮਾਤਾ ਜੀ ਨੂੰ ਵੀ ਬਾਂਝ ਹੋ ਜਾਣਾ  ਚਾਹਿਦਾ ਸੀ ? ਪਰ ਬਾਅਦ ਵਿੱਚ ਪੰਚਮ ਪਾਤਿਸ਼ਾਹ ਦਾ ਆਗਮਨ ਹੁੰਦਾ ਹੈ | ਫਿਰ ਇਥੇ ਅਰਥ ਕੀ ਬਣਨਗੇ ?

|| ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯੋਊ ||

ਗੁਰਬਾਣੀ ਵਿੱਚ ਮਾਤਾਵਾਂ ਸਿਰਫ ਮੱਤ ਵਾਸਤੇ ਹੀ ਆਈਆ ਹਨ | ਗੁਰੂ ਸਾਹਿਬ ਉੱਪਰ ਲਿਖੀ ਪੰਗਤੀ ਵਿੱਚ ਕਿਰਪਾ ਕਰਦੇ
ਹਨ ਕੇ ਜਿੰਨਾ ਦੇ ਹਿਰਦੇ ਵਿੱਚ ਨਾਮ ਨਹੀ ਵਸਿਆ ਪ੍ਰਮੇਸ਼ਵਰ ਉਹਨਾਂ ਦੀ ਮੱਤ ਨੂੰ ਵੀਚਾਰ ਹੀਨ ਕਰ ਦੇਵੇ ਭਾਵ ਉਹਨਾਂ ਦੀ
ਮੱਤ ਨੂੰ ਬਾਂਝ ਕਰ ਦੇਵੇ | ਕਿਓ ਕਿ ਜਿਆਦਾ ਤਰ ਮੱਤਾਂ ਉਹਨਾਂ ਲੋਕਾਂ ਦੀਆਂ ਚਲਾਈਆਂ ਹੋਈਆਂ ਹਨ ਜਿੰਨਾ ਦੇ ਹਿਰਦੇ ਵਿੱਚ ਨਾਮ ਨਹੀ ਸੀ ਵਸਿਆ | ਅੱਜ ਪੰਜਾਬ ਵਿੱਚ ਜਿੰਨੇ ਵੀ ਅਖੌਤੀ ਸੰਤਾਂ ਨੇ ਗੰਦ ਪਾ ਕੇ ਰਖਿਆ ਹੈ ਕਿਸੇ ਦੇ ਹਿਰਦੇ ਵਿੱਚ ਵੀ ਹਰੀ ਦਾ ਨਾਮ ਨਹੀ ਵਸਿਆ | ਪਰ ਅਪਨੀ ਸ਼ਾਤਿਰ ਮੱਤ ਨਾਲ ਉਹਨਾਂ ਨੇ ਅਨਪੜ ਲੋਕਾਂ ਨੂੰ ਮਗਰ ਲਾਇਆ ਹੋਇਆ ਹੈ |
                                                                   
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਿਰੰਕਾਰੀ ਪਿਤਾ ਦੇ ਕਾਰਣਾ ਦੀ ਪ੍ਰਧਾਨਤਾ ਹੈ ਅਤੇ ਸਾਹਿਬ ਸ੍ਰੀ ਦਸਮ ਗ੍ਰੰਥ ਵਿੱਚ ਨਿਰੰਕਾਰੀ ਮਾਤਾ ਦੀ | ਇਸੇ ਵਾਸਤੇ ਹੀ ਪੁਰਾਣੇ ਗੁਰਮੁਖਿ ਸ੍ਰੀ ਦਸਮ ਗ੍ਰੰਥ ਨੂੰ ਬਾਮ ਮਾਰਗ ਦੱਸਿਆ ਕਰਦੇ ਸਨ ਕਿਓਂ ਕਿ ਇਸ ਵਿੱਚ
ਔਰਤ ਦੀ ਪ੍ਰਧਾਨਤਾ ਹੈ | ਕਿਓਂ ਕਿ ਸਦੀਆਂ ਤੋਂ ਔਰਤ ਨੂੰ ਇੱਕ ਲੋੜੀਂਦਾ ਮੁਕਾਮ ਹਿੰਦੁਸਤਾਨ ਦੇ ਧਾਰਮਿਕ ਗ੍ਰੰਥਾਂ ਨੇ ਨਹੀ
ਦਿੱਤਾ ਸੀ | ਸ਼ਾਇਦ ਇਸੇ  ਕਰਕੇ ਹੀ ਪੰਡਿਤ ਨੂੰ ਸਾਹਿਬ ਕਲਗੀਧਰ  ਪਿਤਾ ਵਲੋਂ  ਲਿਆਂਦੇ ਇੱਕ ਨਿਵੇਕਲੇ ਅਤੇ ਕ੍ਰਾਂਤੀਕਾਰੀ
ਬਦਲਾਵ ਨੂੰ ਸਵੀਕਾਰ ਕਰਨਾ ਇੰਨਾ ਸੌਖਾ ਨਹੀ ਸੀ | ਸ੍ਰੀ ਦਸਮ ਗ੍ਰੰਥ ਸਾਹਿਬ ਦੀ ਖਿਲਾਫਤ ਦਾ  ਇਹ ਵੀ ਇੱਕ ਕਾਰਣ ਹੈ, ਦੂਸਰਾ ਕੁਝ ਸਿੱਖੀ ਭੇਸ ਵਿੱਚ ਲੁਕੇ ਹੋਏ ਪੰਡਿਤਾਂ ਨੇ ਕੁਝ ਅਗਿਆਨੀ ਅਤੇ ਮੂਰਖ ਲੋਕਾਂ ਨੂੰ ਆਪਣੇ ਮਗਰ ਲਾ ਲਿਆ | ਗੁਰਬਾਣੀ ਤੋ ਅਗਿਆਨ ਲੋਕਾਂ ਨੇ ਚੰਡੀ ਨੂੰ  ਦੇਵੀ ਘੋਸ਼ਿਤ ਕਰ ਦਿੱਤਾ ਅਤੇ ਗੁਰੂ ਕਲਗੀਧਰ ਪਿਤਾ ਨੂੰ ਦੇਵੀ ਪੂਜਕ ਪ੍ਰਚਾਰ ਬਣਾ ਦਿੱਤਾ |

ਹੁਣ ਅਸੀਂ ਇਹ ਵੀ ਦੇਖਣਾ ਹੈ ਕਿ ਚੰਡੀ ਵਾਕਿਆ ਹੀ ਕੋਈ ਦੇਵੀ ਹੈ ਜਾਂ ...........| ਹੁਣ ਸਭ ਤੋਂ ਪਹਿਲਾ ਅਸੀਂ ਇਹ ਦੇਖਣਾ ਹੈ ਕਿ ਚੰਡੀ ਵਾਕਿਆ ਹੀ ਹਿੰਦੂ ਗ੍ਰੰਥਾਂ ਦਾ ਉਤਾਰਾ ਹੈ ਜਾਂ ਨਹੀ ? ਜਵਾਬ ਹੈ ਨਹੀਂ ਬਿੱਲਕੁਲ ਨਹੀਂ | ਕਿਓਂ ਕਿ ਹਿੰਦੂ ਗ੍ਰੰਥਾਂ
ਵਿੱਚ ਸਾਰੀਆਂ ਦੇਵੀਆਂ ਨੂੰ ਪਾਰਵਤੀ ਦਾ ਹੀ ਅਵਤਾਰ ਮੰਨਿਆ ਗਿਆ ਹੈ | ਅਤੇ ਹਿੰਦੂ ਗ੍ਰੰਥਾਂ ਵਿੱਚ ਪਾਰਵਤੀ ਨੂੰ ਮਹਾਂਦੇਵ ਦੀ
ਪਤਨੀ ਮੰਨਿਆ ਗਿਆ ਹੈ | ਪਰ ਜਦੋਂ ਸਾਹਿਬ ਸ੍ਰੀ ਦਸਮ ਗ੍ਰੰਥ ਸਾਹਿਬ ਨੂੰ ਗੁਰਮਤਿ ਦੇ ਅਧਾਰ ਤੇ ਖੋਜੀਏ ਤਾਂ ਵਿਚਾਰ ਕੁਝ ਹੋਰ ਹੀ ਹੈ | ਸਾਹਿਬ ਜੀ ਫੁਰਮਾਉਂਦੇ ਹਨ ਕਿ | ...........
                                                                                          
                                                         || ਚੌਪਈ ||

                    ਸ਼ਿਵ ਦੂਤੀ ਇਤ ਦੁਰਗਾ ਬੁਲਾਈ || ਕਾਨ ਲਾਗ ਨੀਕੇ ਸਮੁਝਾਈ ||
ਚੰਡੀ ਦੀ ਜੰਗ ਜਦੋਂ ਦਾਨਵਾਂ ਨਾਲ ਚੱਲ ਰਹੀ ਸੀ ਤਾਂ ਦੁਰਗਾ ਨੇ ਸ਼ਿਵ ਦੂਤੀ  ਨੂੰ ਬੁਲਾ ਕੇ ਉਸਦੇ ਕੰਨ ਵਿੱਚ ਕੁਝ ਸਮਝਾਇਆ ।

              ਸ਼ਿਵ ਕੋ ਭੇਜ ਦੀਜੀਏ ਤਹਾਂ || ਦੈਂਤ ਰਾਜ ਇਸਥਿਤ ਹੈ ਜਹਾਂ || ੩੯||੧੯੫||
                   ਉਹਨੇ ਕਿਹਾ ਕੇ ਸ਼ਿਵ ਨੂੰ ਦੈਂਤ ਰਾਜ ਕੋਲ ਭੇਜ ਦੇਵੋ |

              ਸ਼ਿਵ ਦੂਤੀ ਜਬ ਇਮ ਸੁਨ ਪਾਵਾ || ਸ਼ਿਵਹਿ ਦੂਤ ਕਰਿ ਉਤੈ ਪਠਾਵਾ |
ਸ਼ਿਵ ਦੂਤੀ ਨੇ ਇਹ ਸੁਣ ਕੇ ਸ਼ਿਵ ਨੂੰ ਦੂਤ ਬਣਾ ਕੇ ਦੈਂਤ ਰਾਜ ਕੋਲ ਭੇਜਿਆ |ਹੁਣ ਸ਼ਿਵ ਨੂੰ ਹਿੰਦੂ ਗ੍ਰੰਥਾਂ ਵਿੱਚ ਸਭ ਤੋਂ ਵਡਾ ਮੰਨਿਆ ਗਿਆ ਹੈ ਪਰ ਇਥੇ ਤਾਂ ਸ਼ਿਵ ਨੂੰ ਹੀ ਦੂਤ ਬਣਾ ਕੇ ਭੇਜਿਆ ਗਿਆ ।


             ਸ਼ਿਵ ਦੂਤੀ ਤਾ ਤੇ ਭਯੋ ਨਾਮਾ || ਜਾਨਤ ਸਕਲ ਪੁਰਖ ਅਰੁ ਬਮਾ || ੪੦ || ੧੯੬ ||
 ਇਸੇ ਕਰਕੇ ਹੀ ਚੰਡੀ ਦਾ ਨਾਮ ਸ਼ਿਵ ਦੂਤੀ ਪਿਆ | ਇਸ ਗੱਲ ਨੂੰ ਸਾਰੇ ਪੁਰਖ ਅਤੇ ਔਰਤਾਂ ਜਾਣਦੇ ਹਨ |

  ਸ਼ਿਵ ਕਹੀ ਦੈਂਤ ਰਾਜ  ਸੁਨਿ ਬਾਤਾ || ਇਹ ਬਿਧਿ ਕਹਿਓ ਤੁਮਹੁ ਜਗਮਾਤਾ ||

ਸ਼ਿਵ ਨੇ ਉਥੇ ਜਾ ਕੇ ਕਿਹਾ ਕੇ ਦੈਂਤ ਰਾਜ ਮੇਰੀ ਗੱਲ ਸੁਣੋ | ਜਗਮਾਤਾ ਨੇ ਤੁਹਾਨੂੰ ਇਹ ਸੁਨੇਹਾ ਭੇਜਿਆ ਹੈ ਕਿ ਜਿਸ ਨੂੰ
ਸ਼ਿਵ ਖੁਦ ਜਗਮਾਤਾ ਆਖ ਰਿਹਾ ਹੈ |

ਕੋਣ ਹੈ ਉਹ  ਜਗਮਾਤਾ ? ਕਿ ਹਿੰਦੂ ਸ਼ਾਸਤਰਾਂ ਵਿੱਚ ਇਸ ਦਾ ਕੋਈ ਸੰਕੇਤ ਮਿਲਦਾ ਹੈ | ਕਿਓਂ ਕਿ ਦੇਵੀਆਂ ਦੇ ਸਾਰੇ ਅਵਤਾਰ ਪਾਰਵਤੀ ਦੇ ਹਨ ਜੋ ਕਿ ਸ਼ਿਵ ਦੀ ਪਤਨੀ ਹੈ | ਫਿਰ ਜਿਸ ਨੂੰ ਜਗਮਾਤਾ ਆਖ ਰਹੀ ਹੈ ਅਤੇ ਜੋ ਸ਼ਿਵ ਨੂੰ ਦੂਤ ਬਣਾ ਕੇ ਭੇਜ ਰਹੀ ਹੈ ਕੋਣ ਹੈ ? ਇੱਕ ਗੱਲ ਹੋਰ ਹੈ ਜੋ ਸੋਚਣ ਵਾਲੀ ਹੈ ਕਿ ਅਨੁਸ਼ਾਸ਼ਨ ਦੇ ਵਾਸਤੇ ਫੌਜ ਮਸ਼ਹੂਰ ਹੈ | ਪੁਰਾਣੇ ਸਮੇਂ
ਵਿੱਚ ਜਦੋਂ ਕਿਲੇ ਵਿਚੋਂ ਸੈਨਾ ਨਿਕਲਦੀ ਸੀ ਇੱਕ ਪਾਬੰਦਗੀ ਦੇ ਨਾਲ ਨਿਕਲਦੀ ਸੀ | ਪਰ ਇਥੇ ਜੰਗ ਦੇ ਦੌਰਾਨ ਦਾ ਹਾਲ ਸਾਹਿਬ ਕਲਗੀਧਰ ਪਿਤਾ ਬਿਆਨ ਕਰਦੇ ਹਨ |

ਖੋਲ ਕੇ ਦੁਆਰ ਕਿਵਾਰ ਸਭੈ || ਨਿਗ੍ਸੀ ਅਸੁਰਾਰ ਕਿ ਸੈਨ ਚਲੀ ||
ਇਹ ਕਿਹੜੀ ਫੌਜ ਹੈ ਜੋ ਖਿੜਕੀਆਂ ਦਰਵਾਜੇ ਖੋਲ ਕੇ ਨਿਕਲਦੀ ਹੈ |

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਕਬੀਰ ਜੀ ਦਾ ਇੱਕ ਬਚਨ ਹੈ |

ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ ||

ਜੋ ਦੁਆਰ ( ਦਰਵਾਜੇ ) ਕਿਵਾਰ ( ਖਿੜਕੀਆਂ ) ਖੋਲ ਕੇ ਦਾਨਵ ਸੈਨਾ ਨਿਕਲਦੀ ਹੈ | ਉਸੇ ਦਾ ਹੀ ਵਰਣਨ ਬਾਬਾ ਕਬੀਰ ਜੀ ਦੇ ਇਸ ਸ਼ਬਦ ਵਿੱਚ ਹੈ | ਕਾਮ ਰੂਪੀ ਖਿੜਕੀ ਅਤੇ ਪੁੰਨ ਪਾਪ ਦਾ ਦਰਵਾਜਾ ਲਗਿਆ ਹੋਇਆ ਹੈ | ਉਹ ਕਿਲੇ ਨੂੰ ਜਿਸ
ਵਿੱਚ ਮਨ ਮਾਵਾਸੀ ਰਾਜਾ ਬਣ ਕੇ ਬੈਠਿਆ ਹੋਇਆ ਹੈ | ਅਜਿਹੇ ਬਹੁੱਤ ਸੰਕੇਤ ਹਨ ਜੋ ਇਹ ਦਰਸਾਉਂਦੇ ਹਨ ਕੇ ਨਾ ਤਾਂ ਚੰਡੀ ਕੋਈ ਦੇਵੀ ਹੈ ਅਤੇ ਨਾ ਹੀ ਇਹ ਜੰਗ ਕਿਸੇ ਦੇਵਤਿਆਂ ਜਾਂ ਦਾਨਵਾਂ ਵਿੱਚ ਹੈ | ਸਿਰਫ ਜੰਗ ਦਾ ਪ੍ਰਸੰਗ ਬਣਾ ਕੇ ਚਿੱਤ
ਅਤੇ ਮਨ ਵਿਚਲੇ ਯੁੱਧ ਨੂੰ ਬਿਆਨ ਕੀਤਾ ਗਿਆ ਹੈ | ਚਲਦਾ ....
                                                                 


--
ਗੁਰਪ੍ਰੀਤ ਸਿੰਘ