Thursday 15 September 2016

ਹੁਣ ਦੱਸੋ ਬਚਿਆ ਬਾਹਮਣ ਵਾਦ ਤੇ ਪਖੰਡ ਦਾ ਕੁਛ ?

ਬਚਿਤ੍ਰ ਨਾਟਕ ਵਿਚ ਗੁਰੂ ਸਾਹਿਬ ਦਸਦੇ ਹਨ ਕੇ ਕਰੋੜਾਂ ਲੋਕ ਪੁਰਾਣ ਅਤੇ ਕੁਰਾਨ ਆਦਿਕ ਪੁਸਤਕਾਂ ਪੜ ਰਹੇ ਨੇ, ਪਰ ਅੰਤ ਸਮੇ ਇਹਨਾ ਵਿਚੋਂ ਕਿਸੇ ਨੇ ਕੰਮ ਨਹੀਂ ਆਉਣਾ। ਗੁਰੂ ਸਾਹਿਬ ਕਹਿੰਦੇ ਕੇ ਉਸ ਨੂੰ ਜਪੋ ਜੋ ਅੰਤ ਵੇਲੇ ਵੀ ਸਹਾਈ ਹੁੰਦਾ ਹੈ, ਫੋਕਟ ਧਰਮ ਦੇ ਚਕ੍ਰ ਵਿਚ ਪੈਣ ਨਾਲ ਭਰਮ ਪੈਦਾ ਹੁੰਦਾ ਹੈ, ਇਹਦੇ ਨਾਲ ਕੁਛ ਨਹੀਂ ਸਰਨਾ। ਇਹਨਾਂ ਸਾਰੀਆਂ ਗੱਲਾਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਹੀ ਪਰਮੇਸ੍ਵਰ ਨੇ ਗੁਰੂ ਸਾਹਿਬ ਨੂੰ ਧਰਤੀ ਤੇ ਭੇਜਿਆ। ਗੁਰੂ ਸਾਹਿਬ ਕਹਿੰਦੇ ਨੇ ਕੇ ਮੈਂ ਕੋਈ ਜਟਾਵਾਂ ਨਹੀਂ ਧਰਨੀਆ, ਨਾ ਕੋਈ ਜੋਗੀਆਂ ਵਾਂਗੂ ਕੰਨਾਂ ਵਿਚ ਮੁਦਰਾਂ ਪਾਉਣੀਆਂ। ਸਿਰਫ ਮੈਂ ਪਰਮੇਸ੍ਵਰ ਦਾ ਨਾਮ ਜਪਣਾ ਜਿਹੜਾ ਹਮੇਸ਼ਾਂ ਕੰਮ ਆਉਂਦਾ। ਨਾ ਹੀ ਮੈਂ ਅੱਖਾਂ ਮਿਚਵਾ ਕੇ ਲੋਕਾਂ ਨੂੰ ਬਿਠਾਉਣਾ, ਤੇ ਨਾ ਹੀ ਕੋਈ ਪਖੰਡ ਕਰਨਾ। ਨਾ ਕੋਈ ਕੁਕਰਮ ਕਰਨਾ, ਤੇ ਨਾ ਹੀ ਭੇਖੀ ਬਣਨਾ।

ਕਈ ਕੋਟਿ ਮਿਲਿ ਪੜ੍ਹਤ ਕੁਰਾਨਾ ॥ ਬਾਚਤ ਕਿਤੇ ਪੁਰਾਨ ਅਜਾਨਾ ॥
ਅੰਤ ਕਾਲ ਕੋਈ ਕਾਮ ਨ ਆਵਾ ॥ ਦਾਵ ਕਾਲ ਕਾਹੂ ਨ ਬਚਾਵਾ ॥੪੮॥
ਕਿਉ ਨ ਜਪੋ ਤਾ ਕੋ ਤੁਮ ਭਾਈ ॥ ਅੰਤ ਕਾਲ ਜੋ ਹੋਇ ਸਹਾਈ ॥
ਫੋਕਟ ਧਰਮ ਲਖੋ ਕਰ ਭਰਮਾ ॥ ਇਨ ਤੇ ਸਰਤ ਨ ਕੋਈ ਕਰਮਾ ॥੪੯॥
ਇਹ ਕਾਰਨ ਪ੍ਰਭੁ ਹਮੈ ਬਨਾਯੋ ॥ ਭੇਦੁ ਭਾਖਿ ਇਹੁ ਲੋਕ ਪਠਾਯੋ ॥
ਜੋ ਤਿਨ ਕਹਾ ਸੁ ਸਭਨ ਉਚਰੋਂ ॥ ਡਿੰਭ ਵਿੰਭ ਕਛੁ ਨੈਕ ਕ ਕਰੋਂ ॥੫੦॥
ਰਸਾਵਲ ਛੰਦ ॥
ਨ ਜਟਾ ਮੂੰਡ ਧਾਰੋਂ ॥ ਨ ਮੁੰਦ੍ਰਕਾ ਸਵਾਰੋਂ ॥
ਜਪੋ ਤਾਸ ਨਾਮੰ ॥ ਸਰੈ ਸਰਬ ਕਾਮੰ ॥੫੧॥
ਨ ਨੈਨੰ ਮਿਚਾਊਂ ॥ ਨ ਡਿੰਭੰ ਦਿਖਾਊਂ ॥
ਨ ਕੁਕਰਮੰ ਕਮਾਊਂ ॥ ਨ ਭੇਖੀ ਕਹਾਊਂ ॥੫੨॥

ਹੁਣ ਦੱਸੋ ਬਚਿਆ ਬਾਹਮਣ ਵਾਦ ਤੇ ਪਖੰਡ ਦਾ ਕੁਛ ?

ਗੁਰੂ ਤੇਗ ਬਹਾਦੁਰ ਸਾਹਿਬ ਦੀ ਕੁਰਬਾਨੀ ਦਾ ਕਾਰਨ

ਕਿਸੇ ਨਿਰਦੋਸ਼ ਤੇ ਹੋ ਰਹੇ ਜ਼ੁਲਮ ਵਿਰੁੱਧ ਅਵਾਜ ਉਠਾਉਣੀ ਧਰਮ ਹੈ ਤੇ ਧਰਮੀ ਪੁਰਸ਼ਾਂ ਨੂੰ ਆਪਣਾ ਧਰਮ ਪਾਲਣ ਲਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ। ਜਦੋਂ ਔਰੰਗਜੇਬ ਬਾਹਮਣਾ ਨੂੰ ਹਰ ਰੋਜ ਹਜਾਰਾਂ ਦੀ ਗਿਣਤੀ ਵਿਚ ਕਤਲ ਕਰਦਾ ਸੀ ਤਾਂ ਉਸ ਵਿਰੁੱਧ ਗੁਰੂ ਸਾਹਿਬ ਨੇ ਅਵਾਜ ਉਠਾ ਕੇ ਆਪਣਾ ਧਰਮ ਨਿਭਾਇਆ। ਕਿਸੇ ਨੂੰ ਜ਼ੋਰ ਨਾਲ ਗੱਲ ਮਨਵਾਉਣਾ ਧਰਮ ਨਹੀਂ ਹੁੰਦਾ , ਬਲਕਿ ਜ਼ੁਲਮ ਹੁੰਦਾ ਹੈ। ਗੁਰੂ ਸਾਹਿਬ ਨੇ ਨਿਰਬਲ ਹਿੰਦੂ ਕੌਮ ਨੂੰ ਬਚਾਉਣ ਆਪਣੀ ਕੁਰਬਾਨੀ ਦਿੱਤੀ। ਦੁਨੀਆ ਦੇ ਪਹਿਲਾ ਧਰਮ ਪੁਰਸ਼ ਗੁਰੂ ਤੇਗ ਬਹਾਦੁਰ ਸਾਹਿਬ ਨੇ ਜਿਨ੍ਹਾਂ ਨੇ ਕਿਸੇ ਹੋਰ ਦੇ ਧਰਮ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ ਤੇ ਦੁਨੀਆਂ ਨੂੰ ਇਕ ਸੁਨੇਹਾ ਦਿੱਤਾ ਕੇ ਭਾਵੇਂ ਸਾਡੇ ਹਿੰਦੂਆਂ ਨਾਲ ਵਿਚਾਰ ਨਾ ਵੀ ਮਿਲਦੇ ਹੋਣ, ਪਰ ਕਿਸੇ ਨਿਰਦੋਸ਼ ਦੀ ਧੋਣ ਤੇ ਲੱਤ ਰੱਖ ਕੇ ਈਨ ਮਨਵਾਣਾ ਜ਼ੁਲਮ ਹੈ ਤੇ ਸਿੱਖ ਇਸ ਜ਼ੁਲਮ ਦੇ ਖਿਲਾਫ ਅਵਾਜ ਉਠਾਵੇਂਗਾ ਭਾਵੇਂ ਆਪਣਾ ਸਰ ਹੀ ਕਿਓਂ ਨਾ ਦੇਣਾ ਪਵੇ। ਔਰੰਗਜੇਬ ਵਰਗੇ ਲੋਕ ਧਰਮੀ ਹੋਣ ਦਾ ਨਾਟਕ ਕਰਦੇ ਨੇ, ਤੇ ਧਰਮ ਦੇ ਨਾਮ ਤੇ ਕੁਕਾਜਾ ਭਾਵ ਜ਼ੁਲਮ ਕਰਦੇ ਨੇ। ਇਹੋ ਜਹੇ ਜ਼ੁਲਮੀ ਬੰਦਿਆਂ ਨੂੰ ਰੱਬ ਦੇ ਬੰਦੇ ਕਹਿਣ ਲਗਿਆਂ ਵੀ ਸ਼ਰਮ ਆਉਂਦੀ ਹੈ। 

ਤਿਲਕ ਜੰਵੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥
ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਆ ਪਰ ਸੀ ਨ ਉਚਰੀ ॥੧੩॥
ਧਰਮ ਹੇਤਿ ਸਾਕਾ ਜਿਨਿ ਕੀਆ ॥ ਸੀਸੁ ਦੀਆ ਪਰ ਸਿਰਰੁ ਨ ਦੀਆ ॥
ਨਾਟਕ ਚੇਟਕ ਕੀਏ ਕੁਕਾਜਾ ॥ ਪ੍ਰਭ ਲੋਗਨ ਕਹ ਆਵਤ ਲਾਜਾ ॥੧੪॥

ਦਸਮ ਗ੍ਰੰਥ ਵਿਚ ਇਕ ਓਅੰਕਾਰ

ਪ੍ਰਣਵੋ ਆਦਿ ਏਕੰਕਾਰਾ ॥
ਜਲ ਥਲ ਮਹੀਅਲ ਕੀਓ ਪਸਾਰਾ ॥
ਨਮਸਕਾਰ ਹੈ ਉਸ ਇਕ ਓਅੰਕਾਰ ਨੂੰ ਜੋ ਆਦਿ ਤੋਂ ਹੀ ਮੌਜੂਦ ਹੈ। ਉਸ ਨੇ ਹੀ ਜਲ ਤੇ ਥਲ ਵਿਚ ਪਸਾਰਾ ਕੀਤਾ ਹੋਇਆ ਹੈ। 
ਸ੍ਰੀ ਦਸਮ ਗ੍ਰੰਥ 
ਇਸੇ ਏਕੰਕਾਰ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿਚ ਹੈ ਤੇ ਇਸੇ ਦੀ ਦਸਮ ਵਿਚ। ਇਸੇ ਦੇ ਵੱਖ ਵੱਖ ਨਾਮ ਨੇ ਗੁਰੂ ਗ੍ਰੰਥ ਸਾਹਿਬ ਵਿਚ ਤੇ ਦਸਮ ਗ੍ਰੰਥ ਵਿਚ।

ਕੀ ਮਹਾਕਾਲ ਸ਼ਰਾਬੀ "ਵਿਅਕਤੀ" ਹਨ?

ਇਹ ਪੋਸਟਰ ਅੱਜ ਪੜ ਰਿਹਾ ਸੀ ਜੋ ਕੇ ਇਸ ਨੂੰ ਲਿਖਣ ਵਾਲੇ ਅਨੁਸਾਰ ਓਹਨਾ ਨੇ "ਮਹਿੰਦਰ ਸਿੰਘ ਜੋਸ਼" ਦੀ ਪੁਸਤਕ ਵਿਚੋਂ ਅੰਸ਼ ਲੈ ਕੇ ਬਣਾਇਆ ਹੈ। ਮਤਲਬ ਕੇ ਪੋਸਟਰ ਬਣਾਉਣ ਵਾਲੇ ਨੇ ਦਸਮ ਗ੍ਰੰਥ ਵਿਚੋਂ ਬਚਿਤ੍ਰ ਨਾਟਕ ਖੁਦ ਪੜ ਕੇ ਕੁਛ ਸਿੱਟਾ ਕੱਢਣ ਦੀ ਬਜਾਵੇ ਕਿਸੇ ਲਿਖਾਰੀ ਦੀ ਕਿਤਾਬ ਵਿੱਚੋ ਪੜ ਕੇ ਝੂਠ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਚਲੋ ਹੁਣ ਇਸ ਪੋਸਟਰ ਬਾਰੇ ਵਿਚਾਰ ਕਰਦੇ ਹਾਂ :
ਪਹਿਲਾ ਸਵਾਲ ਲਿਖਦੇ ਹਨ - "ਕਾਲ/ਮਹਾਕਾਲ ਜੋ ਸ਼ਰਾਬੀ "ਵਿਅਕਤੀ" ਹਨ ਓਹਨਾ ਨੇ ਕਿੰਨੇ ਹੀ ਕ੍ਰਿਸ਼ਨ, ਰਾਮ, ਮੁਹੰਮਦ ਵਰਗੇ ਪੈਦਾ ਕੀਤੇ ਤੇ ਮਿਟਾ ਦਿੱਤੇ"
ਇਸ ਸਵਾਲ ਵਿਚ ਲਿਖਾਰੀ ਨੇ ਮਹਾਕਾਲ ਨੂੰ ਇਕ ਵਿਅਕਤੀ ਦਰਸਾਇਆ ਹੈ ਜੋ ਕੇ ਸ਼ਰਾਬੀ ਹੈ। ਇਸ ਦਾ ਉੱਤਰ ਇਹ ਹੈ ਕੇ ਬਚਿਤ੍ਰ ਨਾਟਕ ਦੇ ਸ਼ੁਰੂ ਵਿਚ ਹੀ ਕਾਲ/ਮਹਾਕਾਲ ਦੇ ਸਰੂਪ ਦਾ ਵਰਨਣ ਹੈ :
ਸਦਾ ਏਕ ਜੋਤਯੰ ਅਜੂਨੀ ਸਰੂਪੰ ॥ ਮਹਾ ਦੇਵ ਦੇਵੰ ਮਹਾ ਭੂਪ ਭੂਪੰ ॥
ਭਾਵ ਕੇ ਮਹਾਕਾਲ ਸਦਾ ਰਹਿਣ ਵਾਲਾ ਇਕ ਜੋਤ ਹੈ ਤੇ ਉਸ ਦਾ ਰੂਪ ਅਜੂਨੀ ਹੈ ਭਾਵ ਜਨਮ ਵਿਚ ਨਹੀਂ ਆਉਂਦਾ। ਜੇ ਜਨਮ ਵਿਚ ਨਹੀਂ ਆਉਂਦਾ ਤਾਂ ਵਿਅਕਤੀ ਕਿਵੇਂ ਹੋ ਗਿਆ ? ਉਹ ਮਹਾਕਾਲ ਰਾਜਿਆਂ ਦਾ ਵੀ ਰਾਜਾ ਹੈ , ਦੇਵਾਂ ਦਾ ਵੀ ਦੇਵ ਹੈ , ਭਾਵ ਓਸ ਤੋਂ ਉੱਪਰ ਕੋਈ ਨਹੀਂ , ਉਹ ਸਰਬ ਸ੍ਰੇਸ਼ਟ ਹੈ। ਉਸ ਦੇ ਹੋਰ ਗੁਣ ਕਿਹੜੇ ਨੇ ?
ਨਿਰੰਕਾਰ ਨਿਤਯੰ ਨਿਰੂਪੰ ਨ੍ਰਿਬਾਣੰ ॥ ਕਲੰ ਕਾਰਣੇਯੰ ਨਮੋ ਖੜਗਪਾਣੰ ॥੩॥
ਭਾਵ ਉਸ ਦਾ ਕੋਈ ਆਕਾਰ ਨਹੀਂ, ਉਹ ਸਦਾ ਰਹਿਣ ਵਾਲਾ , ਉਸ ਦਾ ਕੋਈ ਰੂਪ ਨਹੀਂ, ਉਸ ਸਰਬ ਸ਼ਕਤੀਆਂ ਦੇ ਸਰੋਤ ਨੂੰ ਜੋ ਹੁਕਮ ਰੂਪ ਖੜਗ ਦਾ ਧਾਰਨੀ ਹੈ ਉਸ ਨੂੰ ਮੇਰਾ ਨਮਸਕਾਰ ਹੈ। ਭਾਵ ਕੇ ਮਹਾਕਾਲ ਕੋਈ ਵਿਅਕਤੀ ਨਹੀਂ , ਜੇ ਵਿਅਕਤੀ ਹੁੰਦਾ ਤਾਂ ਉਸ ਦਾ ਕੋਈ ਰੂਪ ਹੁੰਦਾ, ਉਹ ਜੰਮਦਾ ਮਰਦਾ, ਉਸ ਦਾ ਕੋਈ ਆਕਾਰ ਹੁੰਦਾ। 
ਨਿਰੰਕਾਰ ਨ੍ਰਿਬਿਕਾਰ ਨਿਤਯੰ ਨਿਰਾਲੰ ॥ ਨ ਬ੍ਰਿਧੰ ਬਿਸੇਖੰ ਨ ਤਰੁਨੰ ਨ ਬਾਲੰ ॥
ਉਸ ਦਾ ਕੋਈ ਆਕਾਰ ਨਹੀਂ , ਉਹ ਵਿਕਾਰ ਰਹਿਤ ਹੈ, ਹਮੇਸ਼ਾਂ ਰਹਿਣ ਵਾਲਾ, ਉਹ ਨਿਰਾਲਾ ਹੈ ਭਾਵ ਉਸ ਵਰਗਾ ਕੋਈ ਹੋਰ ਨਹੀਂ , ਨਾ ਉਹ ਬੁਢਾ ਹੁੰਦਾ , ਨਾ ਹੀ ਉਹ ਬਾਲ ਹੈ , ਨਾ ਹੀ ਉਹ ਕੋਈ ਜਵਾਨ ਹੈ। ਜੇ ਵਿਅਕਤੀ ਹੁੰਦਾ ਤਾਂ ਉਹ ਜਵਾਨ ਹੁੰਦਾ , ਜਾ ਬੁੜਾ ਹੁੰਦਾ। 
ਨ ਰੰਕੰ ਨ ਰਾਯੰ ਨ ਰੂਪੰ ਨ ਰੇਖੰ ॥ ਨ ਰੰਗੰ ਨ ਰਾਗੰ ਅਪਾਰੰ ਅਭੇਖੰ ॥੪॥
ਨਾ ਕੋਈ ਉਹ ਰਾਜਾ , ਨਾ ਕੋਈ ਉਹ ਪਰਜਾ ਹੈ , ਨਾ ਹੀ ਉਸ ਦਾ ਕੋਈ ਰੂਪ ਹੈ ਤੇ ਨਾ ਹੀ ਉਸ ਦੀ ਕੋਈ ਰੂਪ ਰੇਖਾ ਹੈ , ਨਾ ਕੋਈ ਰੰਗ ਹੈ , ਨਾ ਹੀ ਕੋਈ ਉਸ ਦੀ ਅਵਾਜ ਹੈ, ਉਸ ਦਾ ਕੋਈ ਪਾਰ ਨਹੀਂ ਪਾਇਆ ਜਾ ਸਕਦਾ, ਉਸ ਦਾ ਕੋਈ ਭੇਖ ਨਹੀਂ। ਹੁਣ ਕਿ ਕਿਸੇ ਵਿਅਕਤੀ ਵਿਚ ਇਹ ਗੁਣ ਹੁੰਦੇ ਨੇ ? 
ਨ ਰੂਪੰ ਨ ਰੇਖੰ ਨ ਰੰਗੰ ਨ ਰਾਗੰ ॥ ਨ ਨਾਮੰ ਨ ਠਾਮੰ ਮਹਾ ਜੋਤਿ ਜਾਗੰ ॥
ਨਾ ਹੀ ਓਹਦਾ ਕੋਈ ਰੂਪ ਹੈ, ਨਾ ਕੋਈ ਰੇਖ ਭੇਖ , ਨਾ ਕੋਈ ਰੰਗ , ਨਾ ਕੋਈ ਅਵਾਜ, ਨਾ ਹੋ ਉਸ ਦਾ ਕੋਈ ਨਾਮ ਹੈ , ਨਾ ਹੀ ਕੋਈ ਠਿਕਾਣਾ ਭਾਵ ਨਾ ਉਹ ਕਿਸੇ ਸੁਰਗ ਵਿਚ ਬੈਠਾ ਤੇ ਨਾ ਹੀ ਕਿਸੇ ਨਰਕ ਵਿਚ, ਉਹ ਹਰ ਜਗਾਹ ਹੈ, ਉਹ ਇਕ ਸਭ ਤੋਂ ਵਡੀ ਜੋਤ ਹੈ ਜੋ ਜਗ ਰਹੀ ਹੈ , ਭਾਵ ਉਹ ਸਭ ਤੋਂ ਵੱਡੀ ਤਾਕਤ ਹੈ। ਹੁਣ ਪਹਿਲੇ ਹੀ ਸਵਾਲ ਵਿਚ ਪੋਸਟਰ ਲਿਖਣ ਵਾਲੇ ਦੀ ਤੇ ਮਹਿੰਦਰ ਸਿੰਘ ਜੋਸ਼ ਦੀ ਅਕਲ ਦਾ ਜਨਾਜਾ ਨਿਕਲ ਜਾਂਦਾ ਹੈ। 
ਹੁਣ ਇਹਨਾਂ ਨੇ ਲਿਖਿਆ ਹੈ ਕੇ ਮਹਾਂਕਾਲ ਜੀ ਮਾਸਾ ਹਾਰੀ ਹਨ ਹੋ ਆਪਣੀਆਂ ਵਡੀਆਂ ਦਾੜਾ ਨਾਲ ਸੰਸਾਰ ਦੇ ਹਜਾਰਾਂ ਜੀਵਨ ਨੂੰ ਚਿਥ ਚੱਬ ਕੇ ਖਾ ਜਾਂਦਾ ਹੈ :
ਮਹਾਂ ਦਾੜ੍ਹ ਦਾੜ੍ਹੰ ਸੁ ਸੋਹੰ ਅਪਾਰੰ ॥ ਜਿਨੈ ਚਰਬੀਯੰ ਜੀਵ ਜਗਯੰ ਹਜਾਰੰ ॥੧੮॥
ਇਸ ਦਾ ਉੱਤਰ ਇਹ ਹੈ ਕੇ ਜਿਸ ਦਾ ਰੂਪ ਹੀ ਕੋਈ ਨਹੀਂ , ਆਕਾਰ ਹੀ ਕੋਈ ਨਹੀਂ , ਰੰਗ ਭੇਖ ਹੀ ਕੋਈ ਨਹੀਂ , ਓਸ ਦੀਆਂ ਦਾੜਾ ਕਿਦਾਂ ਹੋ ਸਕਦੀਆਂ ਹਨ ? ਇਹ ਕਵੀ ਦੀ ਪਰਮੇਸ੍ਵਰ ਦੇ ਕੰਮਾਂ ( ਕਰਮ ਨਾਮ ) ਦਿਖਾਉਣ ਦਾ ਤਰੀਕਾ ਹੈ , ਜਿਸ ਤੋਂ ਭਾਵ ਹੈ ਕੇ ਪਰਮੇਸ੍ਵਰ ਦੇ ਸਾਹਮਣੇ ਕੋਈ ਨਹੀਂ ਟਿਕਦਾ, ਪਰਮੇਸ੍ਵਰ ਨੇ ਸਭ ਨੂੰ ਖਤਮ ਕੀਤਾ ਹੈ , ਕੋਈ ਵੀ ਅੱਜ ਤਕ ਉਸ ਦੇ ਸਾਹਮਣੇ ਨਹੀਂ ਟਿਕਿਆ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬ ਲਿਖਦੇ ਹਨ :
ਧਰਣੀਧਰ ਈਸ ਨਰਸਿੰਘ ਨਾਰਾਇਣ ॥ ਦਾੜਾ ਅਗ੍ਰੇ ਪ੍ਰਿਥਮਿ ਧਰਾਇਣ ॥ ਬਾਵਨ ਰੂਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ ॥੩॥
ਕੀ ਹੁਣ ਇਹ ਲੋਕ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਪੋਸਟਰ ਬਣਾ ਦੇਣਗੇ ਕੇ ਜੀ ਇਥੇ ਅਕਾਲ ਪੁਰਖ ਨੂੰ ਵਿਸ਼ਨੂੰ ਦਾ ਅਵਤਾਰ ਬਣਾ ਕੇ ਉਸ ਦੀਆਂ ਦਾੜਾ ਬਣਾਈਆਂ ਹਨ। 
ਬਾਕੀ ਦੇ ਸਵਾਲ ਵੀ ਜੋ ਉਠਾਏ ਨੇ ਬੇਵਕੂਫਾਨਾ ਨੇ। ਓਹਨਾ ਦੇ ਜਵਾਬ ਵੀ ਜਲਦੀ ਦੇ ਦੇਵਾਂਗੇ।

Tuesday 28 June 2016

ਰਾਮ ਨੂੰ 14 ਸਾਲ ਲਈ ਬਨਵਾਸ

ਦਸਮ ਗ੍ਰੰਥ ਵਿਚ ਵੀ ਕਕੇਈ ਨੇ ਭਰਥ ਲਈ 14 ਸਾਲ ਦਾ ਰਾਜ ਮੰਗਿਆ ਸੀ, ਤੇ ਰਾਮ ਨੂੰ 14 ਸਾਲ ਲਈ ਬਨਵਾਸ ਭੇਜਣ ਨੂੰ ਕਹਿਆ ਸੀ। ਪਰ ਇਹ ਗੱਲ ਰਾਜੇ ਤੇ ਕਕੇਈ ਦੀ ਰਾਮ ਨੂੰ ਖੁਦ ਕਹਿਣ ਦੀ ਹਿੰਮਤ ਨਹੀਂ ਪਈ। ਸੋ ਹਨ ਨੇ ਵਸ਼ਿਸ਼ਟ ਨੂੰ ਬੁਲਾ ਕੇ ਕਿਹਾ ਕੇ ਰਾਮ ਨੂੰ ਦੱਸ ਦੇ ਕੇ ਰਾਮ ਜੰਗਲ ਵਿਚ ਚਲਾ ਜਾਵੇ ਤੇ 14 ਸਾਲ ਭਰਤ ਰਾਜ ਕਰੇਗਾ। ਤੇ ਜਦੋਂ 14 ਸਾਲ ਬੀਤ ਜਾਣ ਤਾਂ ਰਾਮ ਨੂੰ ਰਾਜ ਮਿਲੇਗਾ।

ਕੇਕਈ ਬਾਚ ਨ੍ਰਿਪੋ ਬਾਚ ॥ਬਸਿਸਟ ਸੋਂ ॥
ਰਾਮ ਪਯਾਨੋ ਬਨ ਕਰੈ ਭਰਥ ਕਰੈ ਠਕੁਰਾਇ ॥
ਬਰਖ ਚਤਰ ਦਸ ਕੇ ਬਿਤੇ ਫਿਰਿ ਰਾਜਾ ਰਘੁਰਾਇ ॥੨੪੧॥

ਭਾਵ - ਕਕੇਈ ਤੇ ਰਾਜੇ ਨੇ ਵਸ਼ਿਸ਼ਟ ਨੂੰ ਕਹਿਆ ਕੇ ਰਾਮ ਨੂੰ ਕਹਿ ਦੇ ਕੇ ਉਹ ਹੁਣ ਜੰਗਲ ਨੂੰ ਜਾਵੇ ਤੇ ਭਰਤ ਹੁਣ ਰਾਜ ਕਰੇਗਾ। ਜਦੋਂ 14 ਸਾਲ ( ਚਤਰ ਦਸ = 4+10=14) ਬੀਤ ਜਾਣਗੇ, ਫਿਰ ਰਾਮ ਰਾਜ ਕਰੇਗਾ।
ਕਹੀ ਬਸਿਸਟ ਸੁਧਾਰ ਕਰਿ ਸ੍ਰੀ ਰਘੁਬਰ ਸੋ ਜਾਇ ॥
ਬਰਖ ਚਤੁਰ ਦਸ ਭਰਥ ਨ੍ਰਿਪ ਪੁਨਿ ਨ੍ਰਿਪ ਸ੍ਰੀ ਰਘੁਰਾਇ ॥੨੪੨॥

ਭਾਵ - ਵਸਿਸ਼ਟ ਨੇ ਫਿਰ ਇਹ ਗੱਲ ਸੁਧਾਰ ਕੇ ਰਾਮ ਨੂੰ ਜਾ ਕੇ ਕਹੀ ਕੇ 14 ਸਾਲ ਭਰਤ ਦੇ ਰਾਜ ਤੋਂ ਬਾਅਦ ਰਾਮ ਦਾ ਰਾਜ ਹੋਵੇਗਾ।

ਰਾਮ ਇਹ ਸੁਣ ਕੇ ਉਦਾਸ ਹੋ ਕੇ ਚਲਾ ਗਿਆ। ਅਤੇ ਆਪਣੀ ਮਾਤਾ ਨੂੰ ਮਿਲਿਆ :

ਰਾਮ ਬਾਚ ਮਾਤਾ ਪ੍ਰਤਿ ॥
ਤਾਤ ਦਯੋ ਬਨਬਾਸ ਹਮੈ ਤੁਮ ਦੇਹੁ ਰਜਾਇ ਅਬੈ ਤਹ ਜਾਊ ॥
ਕੰਟਕ ਕਾਨਨ ਬੇਹੜ ਗਾਹਿ ਤ੍ਰਿਯੋਦਸ ਬਰਖ ਬਿਤੇ ਫਿਰਿ ਆਊ ॥

ਭਾਵ ਕੇ ਪਿਤਾ ਨੇ ਮੈਨੂੰ ਬਨਵਾਸ ਦਿੱਤਾ ਹੈ ਤੇ ਹੁਣ ਮੈਂ ਤੇਰੀ ਇਜਾਜ਼ਤ ਲੈਣ ਆਇਆ ਹਾਂ। ਹੁਣ ਔਖੇ ਜੰਗਲਾਂ ਵਿਚ 13 ਸਾਲ ਗੁਜਾਰ ਕੇ ( ਚੌਦਵੇਂ ਸਾਲ ) ਫਿਰ ਆਵਾਂਗਾ। ਤੇ ਇਹੋ ਗੱਲ ਰਾਮ ਨੇ ਆਪਣੇ ਭਰਾ ਭਰਤ ਨੂੰ ਵੀ ਬਾਅਦ ਵਿਚ ਕਹੀ। ਰਾਮ ਦੇ ਜਾਣ ਪਿੱਛੋਂ ਉਸ ਦੇ ਪਿਤਾ ਦੀ ਮੌਤ ਹੋ ਗਈ। ਭਰਤ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕੇ ਰਾਮ ਨੂੰ ਬਨਵਾਸ ਮਿਲ ਚੁਕਾ ਹੈ ਕਿਓਂ ਕੇ ਉਹ ਉਸ ਸਮੇ ਕਿਸੇ ਹੋਰ ਜਗਾਹ ਤੇ ਸੀ। ਰਾਮ ਦੇ ਜਾਣ ਪਿੱਛੋਂ ਭਰਤ ਨੂੰ ਸੱਦਾ ਮਿਲਿਆ ਕੇ ਉਸ ਦਾ ਪਿਤਾ ਮਰ ਚੁਕਾ ਹੈ। ਇਹ ਸੁਣ ਕੇ ਭਰਤ ਵਾਪਸ ਆਇਆ ਤਾਂ ਪਤਾ ਲੱਗਾ ਕੇ ਰਾਮ ਬਨਵਾਸ ਤੇ ਚਲਾ ਗਿਆ ਹੈ। ਭਰਤ ਰਾਮ ਨੂੰ ਲੱਭਣ ਚਲਾ ਗਿਆ ਤੇ ਜਦੋਂ ਰਾਮ ਨੂੰ ਮਿਲਿਆ ਤਾਂ ਰਾਮ ਨੇ ਕਿਹਾ ਕੇ ਹੁਣ 13 ਸਾਲ ਬੀਤਣ ਤੋਂ ਬਾਅਦ ਆ ਕੇ ਰਾਜ ਸਿੰਘਾਸਨ ਹਾਸਲ ਕਰਾਂਗਾ। ਹੁਣ ਤੂੰ ਘਰ ਜਾ ਕੇ ਮਾਤਾ ਨੂੰ ਸੰਭਾਲ।

ਕਾਜ ਕਹਿਯੋ ਜੁ ਹਮੈ ਹਮ ਮਾਨੀ ॥ ਤ੍ਰਿਯੋਦਸ ਬਰਖ ਬਸੈ ਬਨ ਧਾਨੀ ॥੨੮੫॥
ਤ੍ਰਿਯੋਦਸ ਬਰਖ ਬਿਤੈ ਫਿਰਿ ਐਹੈਂ ॥ ਰਾਜ ਸਿੰਘਾਸਨ ਛੱਤ੍ਰ ਸੁਹੈਹੈਂ ॥
ਜਾਹੁ ਘਰੈ ਸਿਖ ਮਾਨ ਹਮਾਰੀ ॥ ਰੋਵਤ ਤੋਰਿ ਉਤੈ ਮਹਤਾਰੀ ॥੨੮੬॥

ਸੋ ਬਨਵਾਸ 14 ਸਾਲ ਦਾ ਹੀ ਮਿਲਿਆ ਸੀ, ਪਰ ਰਾਮ ਨੇ 13 ਸਾਲ ਮੰਨੇ ਤੇ ਚੌਦਵੇਂ ਵਿਚ ਰਾਵਣ ਨਾਲ ਜੰਗ ਕਰਕੇ ਵਾਪਿਸ ਆਇਆ।  

Sunday 17 April 2016

ਗੁਰ ਸਾਹਿਬ ਦੀ ਚੰਡੀ

ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ ॥
ਕੈ ਸਿਵ ਸਕਤ ਦਏ ਸ੍ਰੁਤਿ ਚਾਰ ਰਜੋ ਤਮ ਸਤ ਤਿਹੂੰ ਪੁਰ ਬਾਸਾ ॥
ਦਿਉਸ ਨਿਸਾ ਸਸਿ ਸੂਰ ਕੈ ਦੀਪਕ ਸ੍ਰਿਸਟਿ ਰਚੀ ਪੰਚ ਤਤ ਪ੍ਰਕਾਸਾ ॥
ਬੈਰ ਬਢਾਇ ਲਰਾਇ ਸੁਰਾਸੁਰ ਆਪਹਿ ਦੇਖਤ ਬੈਠ ਤਮਾਸਾ ॥੧॥

ਚੰਡੀ ਚਰਿਤਰ ਦੀ ਸ਼ੁਰੁਆਤ ਇਥੋ ਹੁੰਦੀ ਹੈ। ਕੀ ਇਹ ਕਿਸੇ ਬਾਹਮਣਾ ਦੀ ਮੰਨੀ ਹੋਈ ਕਿਸੇ ਜਨਾਨੀ ਦੇਵੀ ਦੇ ਗੁਣ ਹੋ ਸਕਦੇ ਹਨ? ਗੁਰ ਸਾਹਿਬ ਦੀ ਚੰਡੀ ਆਦਿ ਕਾਲ ਤੋਂ ਹੈ, ਓਸ ਦਾ ਪਾਰ ਨਹੀ ਪਾਇਆ ਜਾ ਸਕਦਾ, ਓਸ ਦਾ ਕੋਈ ਲੇਖਾ ਨਹੀ, ਓਸ ਦਾ ਕੋਈ ਅੰਤ ਨਹੀ, ਓਹ ਅਕਾਲ ਹੈ ਭਾਵ ਕਾਲ ਵਸ ਨਹੀ, ਓਸ ਨੂੰ ਲਖਿਆ ਨਹੀਂ ਜਾ ਸਕਦਾ ਤੇ ਓਸ ਦਾ ਨਾਸ ਨਹੀ ਹੁੰਦਾ। ਇਹ ਅਠ ਗੁਣ ਨੇ ਗੁਰ ਸਾਹਿਬ ਦੀ ਚੰਡੀ ਦੇ। ਓਸ ਨੇ ਹੀ ਸਿਵ ਸਕਤੀ ਨੂੰ ਪੈਦਾ ਕੀਤਾ ਹੈ  ( ਜਿਹੜੀ ਹਿੰਦੁਆ ਨੇ ਮੰਨੀ ਹੈ, ਓਹ ਵਾਲੀ ਤਾਂ ਸ਼ਿਵ ਜੀ ਦੀ ਘਰਵਾਲੀ ਹੈ ਤੇ ਗੁਰੂ ਸਾਹਿਬ ਵਾਲੀ ਤਾਂ ਸਿਵ ਤੇ ਸਕਤੀ ਨੂੰ ਪੈਦਾ ਕਰਨ ਵਾਲੀ ), ਧਰਮ ਦੇ ਚਾਰ ਥੰਮ ਪੈਦਾ ਕੀਤੇ, ਤੇ ਤਿਨ ਲੋਕ ( ਰਜ, ਤਮ ਤੇ ਸਤ) ਵਿਚ ਵਾਸਾ ਕਰ ਰਹੀ ਹੈ। ਗੁਰੂ ਸਾਹਿਬ ਦੀ ਇਸੇ ਹੀ ਚੰਡੀ ਨੇ ਚੰਦ ਭਾਵ ਮਨ ਨੂੰ ਸੂਰਜ ਭਾਵ ਆਤਮ ਤੋਂ ਉਜਿਆਰਾ ਕੀਤਾ ਹੈ  ਤੇ ਇਸ ਦੇਹ ਰੂਪ ਪੰਜ ਤਤਾਂ ਦੀ ਸ੍ਰਿਸਟੀ ਨੂੰ ਪੈਦਾ ਕੀਤਾ ਹੈ। ਫਿਰ ਇਸੇ ਚੰਡੀ ਨੇ ਮਨਮਤ ਨੂੰ ਗੁਰਮਤ ਨਾਲ ਲੜਾਇਆ ਹੈ ਤੇ ਆਪ ਫਿਰ ਤਮਾਸਾ ਦੇਖ ਰਹੀ ਹੈ ਕੇ ਇਹ ਮਨ ਮਵਾਸੀ ਰਾਜਾ ਜਿਤਦਾ ਕਿਵੇਂ ਹੈ ਇਸ ਮਨਮਤ ਦੇ ਪ੍ਰਕੋਪ ਤੋਂ।  ਇਹ ਗੁਰੂ ਸਾਹਿਬ ਦੀ ਚੰਡੀ ( ਭਾਵ ਮਨ ਨੂੰ ਚੰਡਣ ਵਾਲੀ ) ਗੁਰਮਤ/ਹੁਕਮ/ਨਾਮ ਹੀ ਹੈ, ਹੋਰ ਕੋਈ ਨਹੀ। 

ਭੇਖੀ ਜੋਗਨ ਭੇਖ ਦਿਖਾਏ ॥

ਭੇਖੀ ਜੋਗਨ ਭੇਖ ਦਿਖਾਏ ॥
ਨਾਹਨ ਜਟਾ ਬਿਭੂਤ ਨਖਨ ਮੈ ਨਾਹਿਨ ਬਸਤ੍ਰ ਰੰਗਾਏ ॥
ਜੌ ਬਨ ਬਸੈ ਜੋਗ ਕਹੁ ਪੱਈਐ ਪੰਛੀ ਸਦਾ ਬਸਤ ਬਨ ॥
ਕੁੰਚਰ ਸਦਾ ਧੂਰ ਸਿਰ ਮੇਲਤ ਦੇਖਹੁ ਸਮਝ ਤੁਮਹੀ ਮਨ ॥
ਦਾਦਰ ਮੀਨ ਸਦਾ ਤੀਰਥ ਮੋ ਕਰਯੋ ਕਰਤ ਇਸ਼ਨਾਨਾ ॥ 
ਧਯਾਨ ਬਿੜਾਲ ਬਕੀ ਬਕ ਲਾਵਤ ਤਿਨ ਕਿਆ ਜੋਗੁ ਪਛਾਨਾ ॥
ਜੈਸੇ ਕਸ਼ਟ ਠਗਨ ਕਹ ਠਾਟਤ ਐਸੇ ਹਰਿ ਹਿਤ ਕੀਜੈ ॥
ਤਬਹੀ ਮਹਾਂ ਗਯਾਨ ਕੋ ਜਾਨੈ ਪਰਮ ਪਯੂਖਹਿ ਪੀਜੈ ॥੨੪॥੯੮॥
ਸ੍ਰੀ ਦਸਮ ਗ੍ਰੰਥ 
ਗੁਰੂ ਸਾਹਿਬ ਜੋਗੀਆਂ ਨੂੰ ਸਮਝਾ ਰਹੇ ਨੇ ਕੇ ਜੋਗੀਓ ਭੇਖ ਕਿਓਂ ਦਿਖਾਉਂਦੇ ਹੋ। ਜੋ ਅਸਲ ਪਰਮੇਸ੍ਵਰ ਦਾ ਜੋਗ ਹੈ ਓਸ ਵਿਚ ਜਟਾਵਾਂ ਤੇ ਨੋਹਾਂ ਨੂੰ ਵਧਾਉਣ ਦੀ ਜਰੂਰਤ ਨਹੀ ਤੇ ਨਾ ਹੀ ਕੋਈ ਕਪੜੇ ਰੰਗਾ ਕੇ ਪਾਉਣ ਦੀ ਲੋੜ ਹੈ , ਇਹ ਸਭ ਭੇਖ ਹੈ। ਜੇ ਜੰਗਲਾਂ ਵਿਚ ਰਹਿ ਕੇ ਪਰਮੇਸ੍ਵਰ ਪ੍ਰਾਪਤੀ ਹੁੰਦੀ ਤਾਂ ਪੰਛੀ ਰਹਿੰਦੇ ਹੀ ਜੰਗਲਾਂ ਵਿਚ ਨੇ, ਓਹਨਾ ਨੂੰ ਨਾ ਮਿਲ ਜਾਂਦਾ। ਜੇ ਮਿੱਟੀ ਮਲਿਆਂ ਰੱਬ ਮਿਲਦਾ ਤਾਂ ਹਾਥੀ ਮਿੱਟੀ ਵਿਚ ਲੇਟਦਾ ਰਹਿੰਦਾ, ਓਹਨੂੰ ਦੇਖ ਕੇ ਹੀ ਕੁਛ ਸਮਝ ਜਾਓ ਕੇ ਇਸ ਤਰਾਂ ਪਰਮੇਸ੍ਵਰ ਨਹੀ ਮਿਲਦਾ। ਜੇ ਰੱਬ ਤੀਰਥ ਨਹਾਉਣ ਨਾਲ ਮਿਲਦਾ ਤਾਂ ਡੱਡੂਆ ਮਛੀਆਂ ਨੂੰ ਮਿਲਦਾ ਜੋ ਰਹਿੰਦੇ ਹੀ ਪਾਣੀ ਵਿਚ ਨੇ। ਤੇ ਨਾ ਹੀ ਰੱਬ ਧਿਆਨ ਲਾਉਣ ਨਾਲ ਮਿਲਦਾ।ਜੇ ਇਸ ਤਰਾਂ ਮਿਲਦਾ ਹੁੰਦਾ ਤਾਂ ਬਿੱਲਾ ਤੇ ਬਗਲਾ ਸਭ ਤੋਂ ਜਿਆਦਾ ਧਿਆਨ ਲਾਉਂਦੇ ਨੇ , ਫਿਰ ਓਹਨਾ ਨੂੰ ਮਿਲਦਾ। ਜਿੰਨਾ ਜੋਰ ਤੁਸੀਂ ਲੋਕਾਂ ਨੂੰ ਠੱਗਣ ਤੇ ਲਾਉਂਦੇ ਹੋ, ਓਨਾ ਜੋਰ ਆਤਮ ਦੀ ਖੋਜ ਤੇ ਲਾਓ। ਤਾਂ ਹੀ ਮਹਾਂ ਗਿਆਨ ਦੀ ਪ੍ਰਾਪਤੀ ਕਰਦੇ ਹੋਏ ਅਸਲ ਅਮ੍ਰਿਤ ਰਸ ਪੀਵੋਗੇ। 
ਜੋ ਕਹਿੰਦੇ ਨੇ ਕੇ ਦਸਮ ਗ੍ਰੰਥ ਹਿੰਦੁਆਂ ਦਾ ਗ੍ਰੰਥ ਹੈ, ਤੀਰਥ ਨਹਾਉਣ ਨੂੰ ਕਹਿੰਦਾ ਹੈ, ਜੰਗਲਾਂ ਵਿਚ ਜਾਣ ਨੂੰ ਕਹਿੰਦਾ ਹੈ , ਜੋਗੀ ਬਣਨ ਨੂੰ ਕਹਿੰਦਾ ਓਹ ਦੇਖ ਲੈਣ ਕੇ ਦਸਮ ਗ੍ਰੰਥ ਤਾਂ ਇਹਨਾ ਸਭ ਕ੍ਰਮ ਕਾਂਡਾ ਨੂੰ ਛੱਡ ਕੇ ਗਿਆਨ ਪ੍ਰਾਪਤੀ ਕਰਨ ਨੂੰ ਕਹਿ ਰਿਹਾ।

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚ ਬਹੁਤ ਚੀਜਾਂ ਭੇਦ ਵਾਲੀਆਂ ਨੇ ਜਿਨਾ ਨੂੰ ਦਸਮ ਬਾਣੀ ਵਿਚ ਖੋਲਿਆ ਗਿਆ ਹੈ। ਸ੍ਰੀ ਦਸਮ ਗ੍ਰੰਥ ਵਿਚ ਚੋਬਿਸ ਅਵਤਾਰ ਵਿਚ ਪਾਰਸ ਨਾਥ ਤੇ ਮਛਿੰਦਰ ਨਾਥ ਦਾ ਪ੍ਰਸੰਗ ਹੈ ਜਿਸ ਵਿਚ ਰਿਸ਼ੀ ਮਛਿੰਦਰ ਨਾਥ ਰਾਜੇ ਪਾਰਸ ਨਾਥ ਨੂੰ ਆਪਣਾ ਮਨ ਫਤਿਹ ਕਰਨ ਦਾ ਗੁਝਾ ਭੇਦ ਦਸਦਾ ਹੋਇਆ ਮਨੁਖ ਦੇ ਮਨ ਦੇ ਅੰਦਰ ਹੁੰਦੇ ਬਿਬੇਕ ( ਗੁਰਮਤ) ਤੇ ਅਬਿਬੇਕ (ਮਨਮਤ) ਦੇ ਯੋਧਿਆਂ ਵਿਚ ਹੁੰਦੇ ਯੁਧ ਦੇ ਸ਼ੁਰੂ ਹੋਣ ਦੇ ਪ੍ਰਸੰਗ ਦਾ ਵਰਣਨ ਕਰਦਾ ਹੋਇਆ ਕਹਿੰਦਾ ਹੈ :
ਦੁਹੂ ਦਿਸਨ ਮਾਰੂ ਬਜਯੋ ਪਰਯੋ ਨਿਸ਼ਾਨੇ ਘਾਉ ॥
ਉਮਡ ਦੁ ਬਹੀਆ ਉਠਿ ਚਲੈ ਭਯੋ ਭਿਰਨ ਕੋ ਚਾਉ ॥੬੯॥੨੯੬॥
ਭਾਵ ਦੋਵਾਂ ਧਿਰਾਂ ਵਿਚ ਨਗਾਰੇ ਵਜਦੇ ਹਨ ਤੇ ਯੋਧੇ ਇਕ ਦੂਜੇ ਵੱਲ ਪੂਰੇ ਜੋਸ਼ ਨਾਲ ਦੂਜੇ ਯੋਧਿਆਂ ਨੂੰ ਨਿਸ਼ਾਨੇ ਲਗਾ ਕੇ ਜਖਮੀ ਕਰਦੇ ਹਨ, ਦੋਨਾ ਪਾਸਿਆਂ ਦੇ ਯੋਧੇ ਇਕ ਦੂਜੇ ਵਲ ਲੜਨ ਦੀ ਚਾਹ ਨਾਲ ਵਧਦੇ ਹਨ। 
ਬਿਲਕੁਲ ਇਸੇ ਤਰਜ ਤੇ ਇਹੋ ਗੱਲ ਭਗਤ ਕਬੀਰ ਜੀ ਗੁਰੂ ਗ੍ਰੰਥ ਸਾਹਿਬ ਵਿਚ ਲਿਖਦੇ ਹਨ: 
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥
ਹੁਣ ਭਗਤ ਜੀ ਨੇ ਕੋਈ ਕਿਰਪਾਨ ਪਾ ਕੇ ਬਾਹਰੀ ਯੁਧ ਨਹੀ ਕੀਤਾ। ਇਹ ਅੰਦਰ ਦੇ ਯੁਧ ਦਾ ਵਰਣਨ ਹੈ। ਇਸੇ ਪ੍ਰਕਾਰ ਦਸਮ ਬਾਨੀ ਵਿਚ ਬਿਬੇਕ ਬੁਧ ਤੇ ਮਨਮਤ ਦੀ ਲੜਾਈ ਦੱਸੀ ਗਈ ਹੈ। ਗੱਲ ਬੁਝਣ ਦੀ ਹੈ।

Friday 19 February 2016

ਕਰਮ ਨਾਮ

ਗੁਰਮਤ ਵਿਚ ਪਰਮੇਸ੍ਵਰ ਦੇ ਕਰਮ ਨਾਮ ਵਰਤੇ ਗਏ ਨੇ , ਭਾਵ ਜਿਨਾ ਨਾਵਾ ਨਾਲ ਪਰਮੇਸ੍ਵਰ ਦੇ ਗੁਣ ਦਰਸਾਏ ਜਾ ਸਕਣ। ਜਿਵੇਂ ਓਹ ਦਿਆਲ ਹੈ ਕਿਓਂ ਕੇ ਓਹ ਦਿਆਲੂ ਹੈ। ਓਹ ਕਿਰਪਾਲ ਹੈ ਕਿਓਂ ਕੇ ਪਰਮੇਸ੍ਵਰ ਕਿਰਪਾ ਕਰਦਾ ਹੈ। ਅਸੀਂ ਓਸ ਦੇ ਇਹਨਾ ਕਰਮ ਨਾਵਾ ਨਾਲ ਹੀ ਓਸ ਨੂੰ ਸੰਬੋਧਨ ਕਰ ਸਕਦੇ ਹਾਂ। ਕਿਓਂ ਕੇ ਅਸਲ ਵਿਚ ਤਾਂ ਓਸ ਦਾ ਕੋਈ ਨਾਮ ਹੈ ਹੀ ਨਹੀ, ਸਿਰਫ ਕਰਮ ਨਾਮ ਹੀ ਹਨ। ਓਹ ਸਭ ਨੂੰ ਜੀਵਨ ਦੇਣ ਵਾਲਾ ਹੈ ਤੇ ਓਹੀ ਸਭ ਨੂੰ ਮੋਤ ਵੀ ਦਿੰਦਾ ਹੈ। ਇਹ ਸਭ ਓਹ ਇਕ ਸਮੇ ਵਿਚ ਕਰ ਰਿਹਾ ਹੈ ,ਇਸੇ ਲਈ ਓਸ ਨੂੰ ਕਾਲ ਨਾਮ ਦੇ ਦਿੱਤਾ। ਫਰਕ ਕੋਈ ਨਹੀ। ਵਖਰੀਆਂ ਭਾਸ਼ਾਵਾਂ ਦੇ ਅਧਾਰ ਤੇ ਨਾਮ ਕੁਛ ਵੀ ਦਿੱਤਾ ਜਾ ਸਕਦਾ ਹੈ, ਪਰ ਓਸ ਦੇ ਗੁਣ ਦੇਖ ਕੇ ਪਤਾ ਲਗਦਾ ਹੈ ਕੇ ਕੀ ਇਹ ਪਰਮੇਸ੍ਵਰ ਦੀ ਗੱਲ ਹੈ ਕੇ ਨਹੀ ? ਦਮੋਦਰ, ਦੀਨ, ਦਿਆਲ, ਸਾਰੰਗਪਾਨ ਆਦਿਕ ਹੋਰ ਅਨੇਕਾਂ ਨਾਮ ਨੇ। ਪਰ ਹੈ ਇਕ ਹੀ ਪਰਮੇਸ੍ਵਰ ਦੇ। ਬਚਿਤਰ ਨਾਟਕ ਸ਼ੁਰੂ ਵਿਚ ਹੀ ਸ੍ਰੀ ਕਾਲ ਜੀ ਕੀ ਉਸਤਤ ਵਿਚ ਗੁਰੂ ਸਾਹਿਬ ਲਿਖਦੇ ਹਨ :
ਸਦਾ ਏਕ ਜੋਤਯੰ ਅਜੂਨੀ ਸਰੂਪੰ ॥ ਮਹਾ ਦੇਵ ਦੇਵੰ ਮਹਾ ਭੂਪ ਭੂਪੰ ॥
ਨਿਰੰਕਾਰ ਨਿਤਯੰ ਨਿਰੂਪੰ ਨ੍ਰਿਬਾਣੰ ॥ ਕਲੰ ਕਾਰਣੇਯੰ ਨਮੋ ਖੜਗਪਾਣੰ ॥੩॥
ਭਾਵ ਕੇ ਪਰਮੇਸ੍ਵਰ ਹਮੇਸ਼ਾ ਹੀ ਇਕ ਜੋਤ ਹੈ, ਭਾਵ ਇਕੋ ਹੀ ਹੈ , ਓਹ ਅਜੂਨੀ ਹੈ , ਭਾਵ ਗਰਭ ਵਿਚ ਨਹੀ ਆਉਂਦਾ, ਓਹ ਦੇਵਤਿਆਂ ਦਾ ਵੀ ਦੇਵਤਾ ਹੈ ਭਾਵ ਦੇਵਤੇ ਵੀ ਓਸ ਦੀ ਪੂਜਾ ਕਰਦੇ ਨੇ , ਓਹ ਰਾਜਿਆਂ ਦਾ ਰਾਜਾ ਹੈ।ਓਸ ਦਾ ਕੋਈ ਅਕਾਰ ਨਹੀਂ, ਓਹ ਹਮੇਸ਼ਾਂ ਰਹਿਣ ਵਾਲਾ ਹੈ , ਓਸ ਦਾ ਕੋਈ ਰੂਪ ਨਹੀਂ, ਅਨੰਦੁ ਰੂਪ ਹੈ ਜੋ ਸਾਰੀਆਂ ਤਾਕਤਾਂ ਦਾ ਆਪ ਮਾਲਿਕ ਹੈ, ਓਹ ਹੀ ਤਾਕਤ ( ਹੁਕਮ ਦੀ ਤਾਕਤ) ਰੂਪ ਤਲਵਾਰ ਦਾ ਧਾਰਨੀ ਵੀ ਹੈ। ਇਹ ਤਲਵਾਰ ਹੁਕਮ ਦਾ ਹੈ , ਨਾ ਕੇ ਕਿਸੇ ਦਿਸਣ ਵਾਲੇ ਲੋਹੇ ਦੀ। ਗਿਆਨ ਦੇ ਤਲਵਾਰ ਦਾ ਮਾਲਿਕ ਹੈ, ਜਿਸ ਨਾਲ ਵਡਿਆਂ ਵਡਿਆਂ ਦੀ ਅਗਿਆਨਤਾ ਨਾਸ਼ ਕਰ ਦਿੰਦਾ ਹੈ।
ਹੁਣ ਇਹ ਗੁਣ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਸਾਏ ਗਏ ਨੇ। ਹੈ ਓਹੀ, ਪਰ ਕਰਮ ਨਾਮ ਬਦਲ ਦਿੱਤੇ।

ਅਸਲ ਪਰਮੇਸ੍ਵਰ ਕਿਸ ਨੂੰ ਮੰਨਣਾ ਹੈ

ਹਿੰਦੂਸਤਾਨ ਵਿਚ ਕਿਸੇ ਵੀ ਜਣੇ ਖਣੇ ਦੇਵਤੇ ਨੂੰ ਪਰਮੇਸ੍ਵਰ ਬਣਾ ਕੇ ਪੇਸ਼ ਕਰਨ ਦੀ ਰੀਤੀ ਕਈ ਸੋ ਸਾਲ ਤੋਂ ਨਿਰੰਤਰ ਜਾਰੀ ਹੈ। ਅਨੇਕਾਂ ਭਗਵਾਨ ਮੰਨੀ ਬੈਠੇ ਨੇ ਇਹ ਲੋਕ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਥੇ ਦਸਮ ਗ੍ਰੰਥ ਵਿਚ ਇਹਨਾ ਦੇ ਭਗਵਾਨਾ ਦੇ ਪੋਲ ਖੋਲੇ ਨੇ , ਓਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਗ੍ਰੰਥ ਵਿਚ ਸਮਝਾਉਂਦੇ ਨੇ ਕੇ ਅਸਲ ਪਰਮੇਸ੍ਵਰ ਕਿਸ ਨੂੰ ਮੰਨਣਾ ਹੈ। 
ਬਿਨ ਕਰਤਾਰ ਨ ਕਿਰਤਮ ਮਾਨੋ ॥
ਭਾਵ ਬਿਨਾ ਕਰਤਾਰ ਦੇ ਕਿਸੇ ਨੂੰ ਵੀ ਕਰਤਾ ਨਾ ਮੰਨੋ। ਪਰ ਓਸ ਕਰਤਾਰ ਦੀ ਪਹਿਚਾਣ ਕਿਸ ਤਰਾਂ ਕਰਨੀ ਹੈ ? ਓਹ ਅਗਲੀ ਪੰਕਤੀ ਵਿਚ ਸਮਝਾਉਂਦੇ ਨੇ :
ਆਦਿ ਅਜੋਨਿ ਅਜੈ ਅਬਿਨਾਸ਼ੀ ਤਿਹ ਪਰਮੇਸ਼ਰ ਜਾਨੋ ॥੧॥ ਰਹਾਉ ॥
ਭਾਵ : ਜੋ ਆਦਿ ਕਾਲ ਤੋਂ ਹੈ, ਜਿਸ ਨੂੰ ਜਿੱਤਿਆ ਨਹੀ ਜਾ ਸਕਦਾ , ਜੋ ਜੂਨਾਂ ਵਿਚ ਨਹੀ ਆਉਂਦਾ, ਭਾਵ ਅਜੂਨੀ ਹੈ, ਜੋ ਮਰਦਾ ਨਹੀ , ਭਾਵ ਕਾਲ ਦੇ ਪ੍ਰਭਾਵ ਤੋਂ ਪਰੇ ਹੈ , ਸਿਰਫ ਓਸੇ ਨੂੰ ਹੀ ਪਰਮੇਸ੍ਵਰ ਮੰਨਣਾ ਹੈ। 
ਉੱਪਰ ਵਾਲੇ ਗੁਣ ਸਿਰਫ ਇਕੋ ਇਕ ਪਰਮੇਸ੍ਵਰ ਦੇ ਹੀ ਨੇ, ਹੋਰ ਕਿਸੇ ਦੇ ਨਹੀ। ਇਸੇ ਪਰਮੇਸ੍ਵਰ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਤੇ ਦਸਮ ਗ੍ਰੰਥ ਸਾਹਿਬ ਵਿਚ ਅਨੇਕਾਂ ਗੁਣ ਕਾਰੀ ਨਾਮਾ ਨਾਲ ਯਾਦ ਕੀਤਾ ਗਿਆ ਹੈ।

ਧਰਮ ਦੇ ਨਾਮ ਤੇ ਕੀਤੇ ਜਾਂਦੇ ਪਖੰਡਾ ਦਾ ਖੁਲ ਕੇ ਵਿਰੋਧ

ਤਾਹਿ ਪਛਾਨਤ ਹੈ ਨ ਮਹਾ ਪਸੁ ਜਾ ਕੋ ਪ੍ਰਤਾਪੁ ਤਿਹੂੰ ਪੁਰ ਮਾਹੀ ॥
ਪੂਜਤ ਹੈ ਪਰਮੇਸਰ ਕੈ ਜਿਹ ਕੇ ਪਰਸੈ ਪਰਲੋਕ ਪਰਾਹੀ ॥
ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਲਜਾਹੀ ॥
ਪਾਇ ਪਰੋ ਪਰਮੇਸਰ ਕੇ ਜੜ ਪਾਹਨ ਮੈਂ ਪਰਮੇਸਰ ਨਾਹੀ ॥੯੯॥
ਮੋਨ ਭਜੇ ਨਹੀ ਮਾਨ ਤਜੇ ਨਹੀ ਭੇਖ ਸਜੇ ਨਹੀ ਮੂੰਡ ਸੁਹਾਏ ॥
ਕੰਠ ਨ ਕੰਠੀ ਕਠੋਰ ਧਰੇ ਨਹੂ ਸੀਸ ਜਟਾਨ ਕੇ ਜੂਟ ਸੁਹਾਏ ॥
ਸਾਚੁ ਕਹੋਂ ਸੁਨ ਲੈ ਚਿਤ ਦੈ ਬਿਨੁ ਦੀਨ ਦਿਆਲ ਕੀ ਸਾਮ ਸਿਧਾਏ ॥
ਪ੍ਰੀਤਿ ਕਰੇ ਪ੍ਰਭੁ ਪਾਯਤ ਹੈ ਕ੍ਰਿਪਾਲ ਨ ਭੀਜਤ ਲਾਂਡ ਕਟਾਏ ॥੧੦੦॥
ਕੁਛ ਕੁ ਪੰਕਤੀਆਂ ਵਿਚ ਹੀ ਗੁਰੂ ਸਾਹਿਬ ਨੇ ਧਰਮ ਦੇ ਨਾਮ ਤੇ ਕੀਤੇ ਜਾਂਦੇ ਪਖੰਡਾ ਦਾ ਖੁਲ ਕੇ ਵਿਰੋਧ ਹੀ ਨਹੀ ਕੀਤਾ ਬਲਕਿ ਇਹਨਾ ਨੂੰ ਨਕਾਰ ਵੀ ਦਿੱਤਾ। ਪਥਰ ਪੂਜਾ ਵਾਲੇ ਨੂੰ ਪਸ਼ੂ ਤੇ ਮੂਰਖ ਕਹਿ ਕੇ ਨਿਵਾਜਿਆ, ਮੋਨੀਆ ਨੂੰ, ਭੇਖੀਆਂ ਨੂੰ, ਪਖੰਡ ਵਾਲੀ ਨਿਮਰਤਾ ਵਿਚ ਰਹਿਣ ਵਾਲਿਆਂ ਨੂੰ ( ਜੋ ਕਹਿੰਦੇ ਹਨ ਕੇ ਬੋਲੀ ਮਿਠੀ ਹੋਣੀ ਚਾਹੀਦੀ ਹੈ ਗੁਰਸਿਖ ਦੀ, ਅੰਦਰੋਂ ਭਾਵੇਂ ਗੁਰਸਿਖਾਂ ਨੂੰ ਗਾਲਾਂ ਕਢਦੇ ਹੋਣ ), ਟਿੰਡ ਕਰਵਾ ਕੇ, ਮਾਲਾ ਪਾਉਣ ਵਾਲਿਆਂ ਨੂੰ , ਜਟਾਵਾਂ ਬਣਾਉਣ ਵਾਲਿਆਂ ਨੂੰ , ਸੁੰਨਤ ਕਰਵਾਣ ਵਾਲਿਆਂ ਨੂੰ ( ਮੁਸਲਮਾਨਾ ਵਾਂਗ ) ਇਹਨਾ ਪਖੰਡਾ ਨੂੰ ਛੱਡ ਕੇ ਅਸਲ ਮਾਰਗ ਤੇ ਚੱਲਣ ਦੀ ਤਾਕੀਦ ਕੀਤੀ।

ਮਾਨਵਤਾ ਦੀ ਬਰਾਬਰੀ ਦਾ ਸੰਦੇਸ਼

ਅੱਜ ਜਦੋਂ ਆਦਮੀ ਹੈਵਾਨ ਬਣਿਆ ਮਸੂਮਾ ਦਾ ਕਤਲ ਕਰ ਰਿਹਾ ਹੈ। ਹਰ ਧਰਮ ਵਾਲਾ ਆਪਣੇ ਗ੍ਰੰਥ ਦਾ ਹਵਾਲਾ ਦੇ ਕੇ ਕਹਿੰਦਾ ਹੈ ਕੇ ਜੇ ਤੁਸੀਂ ਸਾਡੇ ਧਰਮ ਨੂੰ ਨਹੀ ਮੰਨਦੇ ਤਾਂ ਤੁਸੀਂ ਕਾਫ਼ਿਰ ਹੋ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਹ ਸੁਨੇਹਾ ਜੋ ਦਸਮ ਗ੍ਰੰਥ ਵਿਚ ਓਹਨਾ ਨੇ ਦਰਜ ਕੀਤਾ ਹੈ, ਮਾਨਵਤਾ ਦੀ ਬਰਾਬਰੀ ਦਾ ਸੰਦੇਸ਼ ਹੈ। ਇਹ ਸੰਦੇਸ਼ ਗੁਰੂ ਸਾਹਿਬ ਨੇ ਸਵਾ ਤਿਨ ਸੋ ਸਾਲ ਪਹਿਲਾਂ ਦਿੱਤਾ ਸੀ।

ਧਰਮ ਯੁਧ ਦਾ ਚਾਓ

ਛਤ੍ਰੀ ਕੋ ਪੂਤ ਹੌ ਬਾਮਨ ਕੋ ਨਹਿ ਕੈ ਤਪੁ ਆਵਤ ਹੈ ਜੁ ਕਰੋ ॥
ਅਰੁ ਅਉਰ ਜੰਜਾਰ ਜਿਤੋ ਗ੍ਰਹਿ ਕੋ ਤੁਹਿ ਤਿਆਗ ਕਹਾ ਚਿਤ ਤਾ ਮੈ ਧਰੋ ॥
ਅਬ ਰੀਝ ਕੈ ਦੇਹੁ ਵਹੈ ਹਮ ਕਉ ਜੋਊ ਹਉ ਬਿਨਤੀ ਕਰ ਜੋਰ ਕਰੋ ॥
ਜਬ ਆਉ ਕੀ ਅਉਧ ਨਿਦਾਨ ਬਨੈ ਅਤਿਹੀ ਰਨ ਮੈ ਤਬ ਜੂਝ ਮਰੋ ॥੨੪੮੯॥
ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਵਿਚ ਓਹਨਾ ਨੇ ਆਪਣਾ ਮੰਤਵ ਸਾਫ਼ ਲਿਖਿਆ ਹੈ। ਓਹ ਹੈ ਧਰਮ ਯੁਧ ਦਾ ਚਾਓ ਤੇ ਜੰਗ ਵਿਚ ਲੜਦਿਆਂ ਸ਼ਹੀਦੀ ਪ੍ਰਾਪਤ ਕਰਨਾ। ਕ੍ਰਿਸ਼ਨਾ ਅਵਤਾਰ ਦੇ ਅੰਤ ਵਿਚ ਇਹ ਸ਼ਬਦ ਹੈ ਜਿਸ ਵਿਚ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਛਤ੍ਰੀ ਦਾ ਪੁੱਤਰ, ਭਾਵ ਯੋਧੇ ਦਾ ਪੁਤਰ ਦੱਸਿਆ ਹੈ। ਗੁਰੂ ਸਾਹਿਬ ਕਹਿੰਦੇ ਨੇ ਕੇ ਮੈਂ ਯੋਧੇ ਦਾ ਪੁਤਰ ਹਾਂ, ਮੇਰਾ ਕਰਤਵ ਬਾਮਣਾ ਵਾਂਗ ਬੈਠ ਕੇ ਪੂਜਾ ਕਰਨਾ ਨਹੀ , ਬਲਕਿ ਸ਼ਮਸ਼ੀਰ ਹਥ ਵਿਚ ਫੜ ਕੇ ਯੁਧ ਭੂਮੀ ਵਿਚ ਜੂਝਣਾ ਹੈ। ਜਿੰਨੇ ਵੀ ਦੁਨਿਆਵੀ ਕਰਜ ਨੇ, ਓਹਨਾ ਦੀ ਚਿੰਤਾ ਛਡ ਮੈਂ ਬਸ ਇਕ ਪਰਮੇਸ੍ਵਰ ਨੂੰ ਯਾਦ ਕਰਦਾ ਬੇਨਤੀ ਕਰਦਾ ਹਾਂ, ਕੇ ਹੇ ਪਰਮੇਸ੍ਵਰ ਮੇਰੀ ਇਕ ਬੇਨਤੀ ਹੈ ਦੋਨੋ ਹਥ ਜੋੜ ਕੇ ਤੂੰ ਮੈਂ ਰੀਝ ਨਾਲ ਇਹ ਬਖਸ਼ਿਸ਼ ਦੇ ਕੇ ਜਦੋਂ ਮੇਰਾ ਅੰਤ ਸਮਾ ਆਵੇ ਤਾ ਮੈਂ ਮੈਦਾਨੇ ਜੰਗ ਵਿਚ ਜੂਝਦਾ ਹੋਇਆ ਸ਼ਹੀਦੀ ਪ੍ਰਾਪਤ ਕਰਾਂ। ਭਾਵ ਮੇਰੇ ਪ੍ਰਾਣ ਯੁਧ ਭੂਮੀ ਵਿਚ ਨਿਕਲਣ।
ਅਗਲੇ ਹੀ ਦੋਹਰੇ ਵਿਚ ਗੁਰੂ ਸਾਹਿਬ ਲਿਖਦੇ ਨੇ:
ਦਸਮ ਕਥਾ ਭਾਗਉਤ ਕੀ ਭਾਖਾ ਕਰੀ ਬਨਾਇ ॥ ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ ॥੨੪੯੧॥
ਤੇ ਓਸ ਤੋਂ ਅਗਲੇ ਸਵੈਯੇ ਵਿਚ ਲਿਖਦੇ ਨੇ:
ਧੰਨ ਜੀਓ ਤਿਹ ਕੋ ਜਗ ਮੈ, ਮੁਖ ਤੇ ਹਰਿ, ਚਿੱਤ ਮੈ ਜੁਧੁ ਬਿਚਾਰੈ ॥
ਦੇਹ ਅਨਿੱਤ, ਨ ਨਿੱਤ ਰਹੈ, ਜਸੁ ਨਾਵ ਚੜੈ, ਭਵਸਾਗਰ ਤਾਰੈ ॥
ਧੀਰਜ ਧਾਮ ਬਨਾਇ ਇਹੈ ਤਨ, ਬੁੱਧਿ ਸੁ ਦੀਪਕ ਜਿਉ ਉਜੀਆਰੈ ॥
ਗਯਾਨਹਿ ਕੀ ਬਢਨੀ ਮਨਹੁ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ ॥੨੪੯੨॥
ਅਰਥ ਸਪਸ਼ਟ ਨੇ। ਓਹ ਪੁਰਖ ਧੰਨ ਹੈ ਇਸ ਜਗ ਅੰਦਰ, ਹੋ ਮੁਖ ਤੇ ਹਰੀ ਦਾ ਨਾਮ, ਤੇ ਆਪਣੇ ਮਨ ਵਿਚ ਪੰਜਾ ਨਾਲ ਯੁਧ ਕਰਦਾ ਹੈ। ਓਹ ਜਾਣਦਾ ਹੈ ਇਹ ਦੇਹਿ ਨਿਤ ਨਹੀ ਰਹਿਣੀ, ਇਸ ਲਈ ਪ੍ਰ੍ਮੇਸ੍ਵਰ ਦੇ ਜਸ ਦੀ ਬੇੜੀ ਵਿਚ ਬੈਠ ਕੇ ਭਵਸਾਗਰ ਤਰ ਜਾਂਦਾ ਹੈ। ਆਪਣੇ ਇਸ ਤਨ ਨੂੰ ਧੀਰਜ ਦਾ ਧਾਮ ਬਣਾ ਲੈਂਦਾ ਹੈ, ਤੇ ਆਪਣੀ ਬੁਧਿ ਦੇ ਗਿਆਨ ਨਾਲ ਉਜਾਲਾ ਕਰਦਾ ਹੈ। ਫਿਰ ਓਸ ਗਿਆਨ ਦੀ ਦਾਤਰੀ ਹਥ ਵਿਚ ਲੈ ਕੇ ਆਪਣੇ ਅੰਦਰ ਹੋ ਮੈਲ ਉੱਗੀ ਹੋਈ ਹੈ ਓਹਨੂੰ ਵਡ ਕੇ ਬਾਹਰ ਸੁੱਟਦਾ ਹੈ।

ਅੰਤ ਸਮੇ

ਅੰਤ ਸਮੇ ਕਿਸੇ ਵੀ ਧੀ, ਪੁਤਰ, ਪਤਨੀ ਕੇ ਕੰਮ ਨਹੀ ਆਉਣਾ। ਇਹ ਸਦੀਵੀ ਸਚ ਹੈ ਪਰ ਫਿਰ ਵੀ ਆਦਮੀ ਮੋਹ ਵਿਚ ਹੀ ਗਵਾਚਿਆ ਪਿਆ ਹੈ

ਪੁੱਤ੍ਰ ਕਲਿੱਤ੍ਰ ਨ ਮਿੱਤ੍ਰ ਸਭੈ ਊਹਾ ਸਿੱਖ ਸਖਾ ਕੋਊ ਸਾਖ ਨ ਦੈ ਹੈ ॥
ਚੇਤ ਰੇ ਚੇਤ ਅਚੇਤ ਮਹਾਂ ਪਸੁ ਅੰਤ ਕੀ ਬਾਰ ਅਕੇਲੋ ਈ ਜੈ ਹੈ ॥੩੨॥
ਤੋ ਤਨ ਤਯਾਗਤ ਹੀ ਸੁਨ ਰੇ ਜੜ ਪ੍ਰੇਤ ਬਖਾਨ ਤ੍ਰਿਆ ਭਜਿ ਜੈ ਹੈ ॥
ਪੁੱਤ੍ਰ ਕਲੱਤ੍ਰ ਸੁ ਮਿਤ੍ਰ ਸਖਾ ਇਹ ਬੇਗ ਨਿਕਾਰਹੁ ਆਇਸੁ ਦੈ ਹੈ ॥
ਭਉਨ ਭੰਡਾਰ ਧਰਾ ਗੜ ਜੇਤਕ ਛਾਡਤ ਪ੍ਰਾਨ ਬਿਗਾਨ ਕਹੈ ਹੈ ॥
ਚੇਤ ਰੇ ਚੇਤ ਅਚੇਤ ਮਹਾਂ ਪਸੁ ਅੰਤ ਕੀ ਬਾਰ ਅਕੇਲੋ ਈ ਜੈ ਹੈ ॥੩੩॥

ਸ੍ਰੀ ਦਸਮ ਗ੍ਰੰਥ

ਭਾਈ ਬੰਧ ਕੁਟੰਬ ਸਹੇਰਾ ॥ ਓਇ ਭੀ ਲਾਗੇ ਕਾਢੁ ਸਵੇਰਾ ॥2॥
ਘਰ ਕੀ ਨਾਰਿ ਉਰਹਿ ਤਨ ਲਾਗੀ ॥ ਉਹ ਤਉ ਭੁਤੁ ਭੁਤੁ ਕਰਿ ਭਾਗੀ ॥3॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 

Friday 29 January 2016

ਪਰਮੇਸ੍ਵਰ ਦਾ ਸਰੂਪ

ਗੁਰੂ ਸਾਹਿਬ ਜਾਪ ਸਾਹਿਬ ਦੇ ਸ਼ੁਰੂ ਵਿਚ ਪਰਮੇਸ੍ਵਰ ਦਾ ਸਰੂਪ ਵਰਣਨ ਕਰਦੇ ਦਸਦੇ ਨੇ:

ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥

ਭਾਵ ਓਹ ਨਾ ਚਕ੍ਰ ਪਾਉਂਦਾ ਹੈ ਤੇ ਨਾ ਹੋ ਓਹਦੇ ਕੋਈ ਚਿਹਨ ਨਹੀ ( ਭਾਵ ਨਿਸ਼ਾਨ ਨਹੀ ), ਨਾ ਹੀ ਓਹਦੀ ਕੋਈ ਜਾਤ ਹੈ ਤੇ ਨਾ ਵੀ ਵਰਨ। ਇਹ ਪਹਿਲੀ ਪੰਕਤੀ ਹੀ ਹਿੰਦੂਆਂ ਦੇ ਸਾਰੇ ਬਣਾਏ ਹੋਏ ਭਗਵਾਨਾ ( ਜਿਨਾ ਵਿਚ ਸ਼ਿਵ, ਬ੍ਰਹਮਾ, ਵਿਸ਼ਨੂ, ਰਾਮ ਚੰਦਰ , ਕ੍ਰਿਸ਼ਨ, ਹੋਰ ਅਵਤਾਰ, ਦੁਰਗਾ ਦੇਵੀ  ਆਦਿਕ) ਦਾ ਭਗਵਾਨ ਹੋਣ ਦਾ ਭਰਮ ਵੀ ਖਤਮ ਕਰ ਕੇ ਰਖ ਦਿੰਦੀ ਹੈ। ਚਕ੍ਰ ਵਿਸ਼ਨੂੰ ਤੇ ਓਹਦੇ ਅਵਤਾਰ ਕ੍ਰਿਸ਼ਨ ਪਾਉਂਦੇ ਸੀ, ਚਿਹਨ ( ਭਾਵ ਓਹ ਨਿਸ਼ਾਨ ਜਿਨਾ ਤੋਂ ਇਹਨਾ ਦਾ ਪਤਾ ਲੱਗ ਸਕੇ ) ਜਿਵੇਂ ਬ੍ਰਹਮਾ ਦੇ ਚਾਰ ਮੂੰਹ, ਸ਼ਿਵ ਜੀ ਦੇ ਗਲ ਦੇ ਸੱਪ, ਗਣੇਸ਼ ਦੀ ਸੁੰਡ ਆਦਿਕ, ਦੁਰਗਾ ਦੀਆਂ 8 ਬਾਹਵਾਂ , ਬਰਨ..ਜਿਵੇਂ ਰਾਮ ਤੇ ਕ੍ਰਿਸ਼ਨ  ਦਾ  ਸ਼ਤਰੀ ਬਰਨ, ਜਾਤ ਜਿਵੇਂ ਕ੍ਰਿਸ਼ਨ ਦੀ ਜਾਦਵ -ਭਾਵ ਇਹਨਾ ਵਿਚੋਂ ਕੋਈ ਵੀ ਭਗਵਾਨ ਨਹੀਂ।

ਅਗਲੀ ਪੰਕਤੀ ਵਿਚ ਬਾਕੀ ਰਹਿੰਦਾ ਭਰਮ ਵੀ ਕਢ ਦਿੰਦੇ ਨੇ :

ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ ॥

ਭਾਵ ਓਸ ਪਰਮੇਸ੍ਵਰ ਦਾ ਕੀ ਰੂਪ, ਰੰਗ , ਰੇਖ , ਭੇਖ ਨਹੀ। ਜੇ ਹੁੰਦਾ ਤੇ ਤਾਂ ਹੀ ਕੋਈ ਕਹਿ ਸਕਦਾ। ਜੇ ਦੇਹ ਧਾਰੀ ਹੁੰਦਾ ਤਾਂ ਓਸ ਦੇ ਕੀ ਇਹ ਗੁਣ ਹੁੰਦੇ ?

ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿਜੈ ॥

ਅਚਲ ਭਾਵ ਪਰਮੇਸ੍ਵਰ ਸਦਾ ਰਹਿਣ ਵਾਲੀ ਸ਼ਕਤੀ ਹੈ, ਓਸ ਦਾ ਪ੍ਰਕਾਸ਼ ਅਨਭਉ ਹੀ ਕੀਤਾ ਜਾ ਸਕਦਾ ਹੈ, ਓਸ ਦੀ ਸ਼ਕਤੀ ਅਮਿਤ ਹੈ।

ਕੋਟਿ ਇੰਦ੍ਰ ਇੰਦ੍ਰਾਣਿ ਸਾਹੁ ਸਾਹਾਣਿ ਗਣਿਜੈ ॥

ਹਿੰਦੂ ਇਕ ਇੰਦਰ ਗਿਣਦੇ ਨੇ , ਗੁਰੂ ਸਾਹਿਬ ਕਹਿੰਦੇ ਨੇ ਕੇ ਪਰਮੇਸ੍ਵਰ ਕਰੋੜਾਂ ਇੰਦਰਾ ਦਾ ਰਾਜਾ , ਰਾਜਿਆਂ ਦਾ ਵੀ ਰਾਜਾ ਹੈ।

ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਤ ॥

ਭਾਵ ਤਿੰਨਾ ਲੋਕਾਂ ਦੇ ਰਾਜੇ ਵੀ, ਦੇਵਤੇ ਵੀ, ਰਾਖਸ਼ ਵੀ ਓਸ ਪਰਮੇਸ੍ਵਰ ਨੂੰ ਬੇਅੰਤ ਬੇਅੰਤ ਕਹਿੰਦੇ ਨੇ। ਹੁਣ ਦਸਮ ਗ੍ਰੰਥ ਵਿਚ ਹੀ ਦੱਸਿਆ ਹੈ ਕੇ ਦੇਵਤੇ ਕੋਣ ਨੇ ਤੇ ਰਾਖਸ਼ ਕੋਣ। ਦੇਵਤੇ ( "ਸਾਧ ਕਰਮ ਜੇ ਪੁਰਖ ਕਮਾਵੈ ॥ ਨਾਮ ਦੇਵਤਾ ਜਗਤ ਕਹਾਵੈ ॥" ਦੇਖੋ ਦਸਮ ਗ੍ਰੰਥ ਵਿਚ ਇਹ ਵੀ ਦੱਸ ਦਿੱਤਾ ਕੇ ਦੇਵਤੇ ਕਿਸ ਨੂੰ ਕਹਿੰਦੇ ਨੇ ,  ਭਾਵ ਚੰਗੇ ਕੰਮ ਕਰਨ ਵਾਲੇ ਮਨੁਖਾ ਨੂੰ ਹੀ ਦੇਵਤੇ ਕਿਹਾ ਜਾਂਦਾ ਹੈ , ਸੋ ਬਾਹਮਣਾ ਨੇ ਦੇਵਤੇ ਬਣਾਏ ਸੀ, ਓਹ ਮੂਲੋਂ ਹੀ ਰੱਦ ਕਰ ਦਿੱਤੇ ), ਨਰ -ਆਦਮੀ , ਅਸੁਰ ( ਗਲਤ ਬੁਧੀ ਵਾਲੇ "ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ ॥ ਨਾਮ ਅਸੁਰ ਤਿਨ ਕੋ ਸਭ ਧਰਹੀਂ ॥੧੫॥" ਭਾਵ ਜਿਨਾ ਲੋਕਾਂ ਨੇ ਜਗ ਉੱਪਰ ਲਗਤ ਕੰਮ ਕੀਤੇ, ਲੋਕਾਂ ਨੇ ਓਹਨਾ ਨੂੰ ਰਾਖਸ਼ ਕਿਹਾ, ਫਿਰ ਦੇਖੋ ਬਾਹਮਣਾ ਨੇ ਜੋ ਰਾਖਸ਼ ਬਣਾਏ ਸੀ , ਓਹ ਵੀ ਰੱਦ ਕਰ ਦਿੱਤੇ ਗੁਰੂ ਸਾਹਿਬ ਨੇ ਦਸਮ ਗ੍ਰੰਥ ਵਿਚ )

ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ ॥੧॥

ਹੁਣ ਇਸ ਪੰਕਤੀ ਵਿਚ ਸਾਰੀ ਗੱਲ ਸਾਫ਼ ਕਰ ਦਿੰਦੇ ਨੇ ਕੇ ਓਸ ਪਰਮੇਸ੍ਵਰ ਦੇ ਸਾਰੇ ਨਾਮ ਕੋਣ ਦੱਸ ਸਕਦਾ ਹੈ ? ਜਿੰਨੀ ਕੁ ਪਰਮੇਸ੍ਵਰ ਨੇ ਸੁਮੱਤ ਦਿੱਤੀ ਹੈ , ਓਸ ਹਿਸਾਬ ਨਾਲ ਓਸ ਦੇ "ਕਰਮ ਨਾਮ" ਭਾਵ ਜੋ ਨਾਮ ਓਸ ਦੇ ਗੁਣਾ ਕਰਕੇ ਨੇ, ਓਹ ਦੱਸ ਰਿਹਾ ਹਾਂ।