Saturday, 13 August 2011

|| ਚੰਡੀ ਕੋਣ ਹੈ || - Gurpreet Singh California


ਪਿਛਲੇ ਅੰਗ ਵਿੱਚ ਅਸੀਂ ਸਮਝਿਆ ਕਿ ਚੰਡੀ ਉਹ ਨਹੀ ਹੈ ਜੋ ਹਿੰਦੂ ਗ੍ਰੰਥਾਂ ਵਿੱਚ ਹੈ ਅਤੇ ਜਿਸ ਨੂੰ ਕਈ ਮੂਰਖ ਬਿਨਾ ਸਮਝੇ ਰੱਦ ਕਰੀ  ਜਾਂਦੇ ਹਨ | ਸਾਹਿਬ ਕਲਗੀਧਰ ਪਿਤਾ ਨੇ ਹਿੰਦੂ ਗ੍ਰੰਥਾਂ ਨੂੰ ਸੋਧਕੇ ਲਿਖਿਆ ਹੈ | ਕਿਓਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਜੀ ਮਹਾਰਾਜ ਵਿੱਚ ਇੱਕ ਇਸ਼ਾਰਾ ਮਾਤਰ ਕੀਤਾ ਗਿਆ ਸੀ |

                             ਬਿਨੁ ਹਰਿ ਨਾਮ ਨ ਟੂਟਸਿ ਪਟਲ || ਸੋਧੇ ਸਾਸਤ੍ਰ ਸਿਮ੍ਰਿਤਿ ਸਗਲ ॥
                                        ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੮੯੦ 

ਸਾਹਿਬ ਕਲਗੀਧਰ ਪਿਤਾ ਨੇ ਸਿਮਰਤੀਆਂ ਸ਼ਾਸਤਰ ਸੋਧਕੇ ਵਾਪਿਸ ਚੇਤਨ ਨਾਲ ਜੋੜ ਦਿੱਤੇ | ਕਿਓਂਕਿ ਪੰਡਿਤ ਨੇ ਸਚ ਨਾਲੋ ਬਾਟ ਪਾੜ ਕੇ ਸੰਸਾਰ ਨੂੰ ਜੜ੍ਹ ਨਾਲ ਜੋੜਿਆ ਸੀ |
                                        
           
            ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਕਪਾਟ ॥ ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ ॥੧੩੭॥
                                          ਸਲੋਕ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੧੩੭੧
  

ਕਬੀਰ ਸਾਹਿਬ ਦਾ ਫੁਰਮਾਨ ਹੈ ਕਿ ਕਾਗਜ਼ ਦੀ ਕਿਸ਼ਤੀ ( ਭਾਵ ਸਾਗਰ ਤਰਨ ਲਈ ਸਿਮਰਤੀਆਂ ਸ਼ਾਸਤਰਾਂ ) ਕਰਮ ਕਾਂਡਾਂ (ਦੀ ਸਿਆਹੀ ) ਬਣਾ ਦਿੱਤੀ | ਪਥਰ ਪੂਜਾ ਵਿੱਚ ਸੰਸਾਰ ਨੂੰ ਪਾ ਕੇ ਸਚ ਨਾਲੋ ਬਾਟ ਪਾੜੀ | ਉਹਨਾ ਹੀ ਸਿਮ੍ਰਿਤੀਆਂ ਸ਼ਾਸਤਰਾਂ ਨੂੰ ਵਾਪਿਸ ਇੱਕ ਨਿਰਾਕਾਰ ਨਾਲ ਜੋੜਨ ਲਈ ਹੀ ਇਹਨਾ  ਨੂੰ ਸਾਹਿਬ ਕਲਗੀਧਰ ਪਿਤਾ ਨੇ ਸੋਧਿਆ | ਦਸਮ ਗ੍ਰੰਥ ਨੂੰ ਲਿਖਣ ਦੀ ਲੌੜ ਕਿਓਂ ਪਈ  ਇਹ ਸਵਾਲ ਗੁਰਬਾਣੀ ਤੋਂ ਅਗਿਆਨਤਾ ਵਿਚੋਂ ਪੈਦਾ ਹੁੰਦਾ ਹੈ | ਸਾਹਿਬ ਪੰਚਮ ਪਿਤਾ ਦਾ ਬਚਨ ਹੈ ਸੁਖਮਨੀ ਸਾਹਿਬ ਵਿੱਚ |
                                      
                         
                             ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਯ੍ਯਰ ॥ ਕੀਨੇ ਰਾਮ ਨਾਮ ਇਕ ਆਖ੍ਯ੍ਯਰ ॥
                                      ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੨੬੨        

ਸੋ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਜੋ ਹਿੰਦੂ ਗ੍ਰੰਥਾਂ ਦਾ ਉਲਥਾ ਹੈ ਅਸਲ ਵਿੱਚ ਉਹਨਾ ਨੂੰ ਸੋਧਿਆ ਗਿਆ ਹੈ | ਚੰਡੀ ਦੀ ਸ਼ੁਰੁਆਤ ਵਿੱਚ ਸਾਹਿਬ ਕਲਗੀਧਰ ਪਿਤਾ ਬਚਨ ਕਰਦੇ ਹਨ
                                                 
                            
                                        ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ ॥
                                             ਉਕਤਿ ਬਿਲਾਸ ਅ. ੧ - ੧ - ਸ੍ਰੀ ਦਸਮ ਗ੍ਰੰਥ ਸਾਹਿਬ

ਇਹ ਹਨ ਚੰਡੀ ਦੇ ੮ ਗੁਣ ੧ ਆਦਿ ( ਉਹ ਸਭ ਦੀ ਹੀ ਆਦਿ ਹੈ ) ੨ ਅਪਾਰ ( ਉਸ ਦਾ ਪਾਰ ਨਹੀ  ਪਾਇਆ ਜਾ ਸਕਦਾ ) ੩ ਅਲੇਖ ( ਉਹ ਲੇਖੇ ਤੋਂ ਪਰੇ ਹੈ ) ੪ ਅਨੰਤ ( ਉਸ ਦਾ ਅੰਤ ਨਹੀ ਪਾਇਆ ਜਾ ਸਕਦਾ) ੫ ਅਕਾਲ ( ਓਹ ਕਾਲ ਤੋਂ ਰਹਿਤ ਹੈ ) ੬ ਅਭੇਸ ( ਉਸ ਦਾ ਕੋਈ ਖਾਸ ਭੇਸ ਨਹੀਂ ਹੈ ) ੭ ਅਲਖ ( ਉਹ ਮਨੁਖੀ ਅੱਖਾਂ ਨਾਲ ਦੇਖਣ ਦਾ ਵਿਸ਼ਾ ਨਹੀਂ ਹੈ ) ੮  ਅਨਾਸਾ ( ਉਹ ਨਾਸ਼ ਰਹਿਤ ਹੈ ) ਇਹ ਹੈ ਵਿਆਖਿਆ ਚੰਡੀ ਦੀ |ਹੁਣ ਕੀ ਇਹ ਕੋਈ ਔਰਤ ਹੈ ? ਜਾਂ ਕੋਈ ਤਲਵਾਰ ਹੈ ?  ਦੂਸਰਾ ਚੰਡੀ ਦੇ ਇਹ ੮ ਗੁਣ ਹੀ ਇਸ ਦੀਆਂ ੮ ਭੁਜਾਵਾਂ ਹਨ | ਜਿੰਨਾ ਵਿੱਚ ੯ ਅਸਤਰ ਪਕੜੇ ਹੋਏ ਹਨ |  ਬਾਕੀ ਜੋ ਇੰਟਰਨਲ ਹਵਾਲੇ ਦਿੱਤੇ ਗਏ ਹਨ ਖੋਜਿਆ ਜਾਵੇ ਤਾਂ ਕਿਤੇ ਦੇਵੀ ਲਿਖਿਆ ਆਉਂਦਾ ਹੈ ਕਿਤੇ ਦੇਵ ਲਿਖਿਆ ਮਿਲਦਾ ਹੈ | ਬਾਕੀ ਚੰਡੀ ਦੀ ਵਾਰ ਵਿੱਚ ਜੋ ਸ਼੍ਰਿਸਟੀ ਨੂੰ ਬਨਾਉਣ ਦਾ ਵਰਣਨ ਹੈ ਉਹ ਕਿਸੇ ਵੀ ਹਿੰਦੂ ਗ੍ਰੰਥ ਵਿੱਚ ਨਹੀਂ ਮਿਲਦਾ |
                                      
                                ਪਉੜੀ ॥ ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੈਸਾਰੁ ਉਪਾਇਆ ॥

ਪ੍ਰਮੇਸ਼ਰ ਨੇ ਸਭ ਤੋਂ ਪਹਿਲਾਂ ਆਪਣਾ ਹੁਕਮ ਰੂਪੀ ਖੰਡਾ ਸਾਜਿਆ ( ਖੰਡਾ ਦੋ ਧਾਰਾ ਹੁੰਦਾ ਹੈ , ਪ੍ਰਮੇਸ਼ਰ ਦਾ ਹੁੱਕਮ ਇੱਕ ਪਰ ਜੰਮਣਾ ਅਤੇ ਮਰਣਾ ਉਸੇ ਹੀ ਹੁੱਕਮ ਨਾਲ ਹੁੰਦਾ ਹੈ , (ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥ ) ਜਿਸ ਤੋਂ ਸਾਰਾ ਸੰਸਾਰ ਸਿਰਜਨਾ ਕੀਤਾ |
                                                                   
                               ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤਿ ਦਾ ਖੇਲੁ ਰਚਾਇ ਬਣਾਇਆ ॥


ਫਿਰ ਤਿੰਨਾ (ਬ੍ਰਹਮਾ ਬਿਸਨੁ ਮਹੇਸ) ਨੂੰ ਸਾਜ ਕੇ ਕੁਦਰਤ ਦਾ ਖੇਲ ਬਣਾਇਆ | ਕੀ ਹਿੰਦੂ ਗ੍ਰੰਥਾਂ ਵਿੱਚ ਇਹਨਾ ਤੋਂ ਪਹਿਲਾਂ ਕਿਸੇ ਤਾਕਤ ਨੂੰ ਮੰਨਿਆ ਹੈ ?
                                                         
                                    ਸਿੰਧੁ ਪਰਬਤ ਮੇਦਨੀ ਬਿਨੁ ਥੰਮ੍ਹਾ ਗਗਨਿ ਰਹਾਇਆ ॥

ਇਸ ਇੱਕ ਪੰਗਤੀ ਨੇ ਹਿੰਦੁਆਂ ਦੇ ਸਾਰੇ ਹੀ ਗ੍ਰੰਥ ਕੱਟ ਮਾਰੇ | ਕੋਈ ਗ੍ਰੰਥ ਆਖਦਾ ਹੈ ਕਿ ਧਰਤੀ ਬੌਲਦ ਦੇ ਸਿੰਗਾਂ ਤੇ ਖੜੀ ਹੈ ਕੋਈ ਸ਼ੇਸ਼ ਨਾਗ, ਅਤੇ ਕੋਈ ਕਛੂ ਤੇ ਧਰਤੀ ਖੜੀ ਦਸਦਾ ਹੈ |  ਜਪੁ ਜੀ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਇਸ਼ਾਰਾ ਤਾਂ ਕਰ ਦਿੱਤਾ ਹੈ ਕੇ |
                                                                         
                                                      ਧਵਲੈ ਉਪਰਿ ਕੇਤਾ ਭਾਰੁ ॥

ਪਰ ਸਾਹਿਬ ਕਲਗੀਧਰ ਪਿਤਾ ਨੇ ਖੁੱਲ ਕੇ ਕਿਰਪਾ ਕੀਤੀ ਹੈ ਕਿ ਸਮੁੰਦਰ, ਪਰਬਤ, ਧਰਤੀ ਸਭ ਬਿਨਾ ਥੰਮਾਂ ਦੇ ਟਿਕੇ  ਹੋਇ ਹਨ | ਭਗਤ ਕਬੀਰ ਜੀ ਨੇ ਵੀ ਇਹੋ ਸਵਾਲ ਪੰਡਿਤ ਨੂੰ ਪੁਛਿਆ ਸੀ |

                                                ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ ॥
                                        (ਗਉੜੀ ਕਬੀਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 329)

ਇੱਕ ਸ਼ਬਦ ਦੇ ਵਿੱਚ ਪਾਖੰਡ ਵਾਦ ਅਤੇ ਝੂਠ ਦੀਆਂ ਧੱਜੀਆਂ ਉਡਾਈਆਂ ਹਨ ਸਾਹਿਬ ਕਲਗੀਧਰ ਪਿਤਾ ਨੇ | ਇਸ ਪਿਛੇ ਸਹਿਬਾਂ ਦੀ ਕਿਸੇ ਧਰਮ ਨਾਲ ਕੋਈ ਜਾਤੀ ਦੁਸ਼ਮਨੀ ਨਹੀਂ ਸੀ |ਸਿਰਫ ਸਰਬਤ ਦੇ ਭਲੇ ਲਈ ਸਹਿਬਾਂ ਨੇ ਪੰਡਿਤ ਦੇ ਪ੍ਰਚਾਰੇ ਇਸ ਝੂਠ ਨੂੰ ਨੰਗਾ ਕੀਤਾ | ਚਰਿਤ੍ਰੋ-ਪਾਖਿਯਾਨ ਦਾ ਪਹਿਲਾ ਚਰਿਤ੍ਰ ਚੰਡੀ ਦਾ ਹੀ ਹੈ | ਅਤੇ ਆਖਰੀ ਮਹਾਕਾਲ ਦਾ |

                                        ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥
                             (ਗਉੜੀ ਬਾਵਨ ਅਖਰੀ ਮਹਲਾ ੫ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 250 ਅਤੇ 262) 

ਪਹਿਲਾ ਚਰਿਤਰ ਮਾਤਾ ਦਾ ਹੈ | ਗੁਰਬਾਣੀ ਅਨੁਸਾਰ ਮਾਤਾ ਕੋਣ ਹੈ ?

                                                          ਮਤੀ ਦੇਵੀ ਦੇਵਰ ਜੇਸਟ ॥
                                         (ਆਸਾ ਮਹਲਾ ੫ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 370-371) 

ਜੇਸਟ ਵਰ ਦੇਣ ਵਾਲੀ ਮੱਤ ਮਾਤਾ ਹੀ ਚੰਡੀ ਹੈ ਜੋ ਰਚੰਡ ਆਨ ਦੀ ਦਾਤੀ ਹੈ | ਚਰਿਤ੍ਰੋ-ਪਾਖਿਯਾਨ ਦੇ ਪਹਿਲੇ ਚੰਡੀ ਚਰਿਤ੍ਰ ਵਿੱਚ ਸਾਹਿਬ ਕਲਗੀਧਰ ਪਿਤਾ ਸਪਸ਼ਟ ਕਰਦੇ ਹਨ ਕਿ
                                                                  
                                                     ਤੁਹੀ ਖੜਗਧਾਰਾ ਤੁਹੀ ਬਾਢਵਾਰੀ ॥
  
ਤੂੰ ਹੀ ਖੜਗ ਧਾਰਾ ਹੈਂ | ਖੜਗ ਧਾਰਾ ਕੀ ਹੈ ?

                                  ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥੩॥
                                     (ਮਾਰੂ ਮਹਲਾ ੧ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1022-1023) 

ਗਿਆਨ ਖੜਗ ਗੁਰਮਤਿ ਹੈ | ਜਿਸ ਨਾਲ ਮਨ ਨੂੰ ਜਿੱਤਣਾ ਹੈ | ਸਾਹਿਬਾ ਦਾ ਬਚਨ ਹੈ ਤੂੰ ਹੀ ਗੁਰਮਤਿ ਦੀ ਵੀਚਾਰਧਾਰਾ ਹੈਂ | ਮਨਮੱਤ ਨੂੰ ਵੱਡਣ ਵਾਲੀ ਵੀ ਤੂੰ ਹੀ ਹੈ |

                                                     ਸਗਲ ਮਤਾਂਤ ਕੇਵਲ ਹਰਿ ਨਾਮ ॥
                                     (ਗਉੜੀ ਸੁਖਮਨੀ ਮਃ ੫ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 296) 

ਸਾਰੀਆਂ ਮਨ ਮੱਤਾਂ ਦਾ ਅੰਤ ਹਰਿ ਨਾਮ ( ਗੁਰਮਤਿ ) ਨਾਲ ਹੀ ਹੋਣਾ ਹੈ |

                                                     ਤੁਹੀ ਤੀਰ ਤਰਵਾਰ ਕਾਤੀ ਕਟਾਰੀ ॥

ਤੂੰਹੀ ਤੀਰ ਹੈ | ਤੀਰ ?
                                        ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ ॥
                                  (ਆਸਾ ਮਹਲਾ ੪ ਛੰਤ ਘਰੁ ੪ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 448-449)

                                              <<<<            ਜਾਂ        >>>>

                                     ਗੁਰੁ ਸੁੰਦਰੁ ਮੋਹਨੁ ਪਾਇ ਕਰੇ ਹਰਿ ਪ੍ਰੇਮ ਬਾਣੀ ਮਨੁ ਮਾਰਿਆ ॥ 
                                       (ਸੂਹੀ ਮਹਲਾ ੪ ਘਰੁ ੫ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 776) 

 ਤੂੰਹੀ ਗਿਆਨ ਰੂਪੀ ਤੀਰ ਹੈਂ | ਪ੍ਰੇਮ ਰੂਪੀ ਤੀਰ |
  
ਕਾਤੀ : ਸਚ ਕੀ ਕਾਤੀ ਸਚੁ ਸਭੁ ਸਾਰੁ ॥  (ਮਃ ੧ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 956) ਤੂੰਹੀ ਕੂੜ ਨੂੰ ਕਟਣ ਵਾਲੀ ਸਚ ਕੀ ਕਾਤੀ ਹੈਂ |

ਕਟਾਰੀ : ਨਾਨਕ ਆਪਨ ਕਟਾਰੀ ਆਪਸ ਕਉ ਲਾਈ ਮਨੁ ਅਪਨਾ ਕੀਨੋ ਫਾਟ ॥੨॥੮੨॥੧੦੫॥ (ਸਾਰਗ ਮਹਲਾ ੫ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1224) ਤੂੰਹੀ ਉਹ ਗਿਆਨ ਰੂਪੀ ਕਟਾਰੀ ਹੈ ਜਿਸ ਨਾਲ ਆਪਣਾ ਅਸ਼ੁੱਦ ਮਨੁ ਆਪੇ ਹੀ ਕਟਕੇ ਅਲਗ ਕਰਨਾ ਹੈ |
                                                                ਹਲਬੀ ਜੁਨਬੀ ਮਗਰਬੀ ਤੁਹੀ ਹੈ ॥

ਹਲਬ, ਜੁਨੂਬੀ ਅਤੇ ਮਗ੍ਰਬੀ ਦੇਸ਼ਾਂ ਦੀ ਵਿਚਾਰ ਧਾਰਾ ਤੂੰ ਹੀ ਹੈ | ਇਹ ਸਾਰੀਆਂ ਮੱਤਾਂ  ਗੁਰਮਤਿ ਵਿਚੋਂ ਨਿਕਲੀਆਂ ਹੋਈਆਂ  ਹਨ | ਹੁਣ ਬੇ-ਸ਼ਕ਼ ਇਹਨਾ ਵਿੱਚ ਕਾਫੀ ਗਿਰਾਵਟ ਆ ਚੁੱਕੀ ਹੈ | ਪਰ ਇਸ  ਇੱਕ ਪੰਗਤੀ ਵਿੱਚ ਸਾਹਿਬ ਨੇ ਸਾਰੀ ਕਾਇਨਾਤ ਨੂੰ ਇੱਕ ਹੀ ਸੂਤਰ ਵਿੱਚ ਪਰੋ ਦਿੱਤਾ ਹੈ |

                                                    ਨਿਹਾਰੌ ਜਹਾ ਆਪੁ ਠਾਢੀ ਵਹੀ ਹੈ ॥੧॥

ਸਾਹਿਬਾਂ ਦਾ ਬਚਨ ਹੈ ਮੈਂ ਜਿਥੇ ਵੀ ਦੇਖਦਾ ਹਾਂ ਉੱਥੇ ਤੂੰ ਹੀ ਹੈ |

                                                       ਤੁਹੀ ਜੋਗ ਮਾਯਾ ਤੁਸੀ ਬਾਕਬਾਨੀ ॥

ਸ਼੍ਰਿਸ਼ਟੀ ਦੀ ਰਚਨਾ ( ਮਾਇਆ ) ਦਾ ਕਾਰਣ ਵੀ ਤੂੰ ਹੀ ਹੈ |

                                                    ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥
                                                      (ਜਪੁਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 7)

                                                        ਤੁਹੀ ਆਪੁ ਰੂਪਾ ਤੁਹੀ ਸ੍ਰੀ ਭਵਾਨੀ ॥

ਤੇਰੇ ਵਰਗੀ ਤੂੰਹੀ ਹੈ | ਹੋਰ ਕੋਈ ਨਹੀਂ ਜਿਸ ਨਾਲ ਤੈਨੂੰ ਤਸ਼੍ਬੀਹ ਦਿੱਤੀ ਜਾ ਸਕਦੀ ਹੋਵੇ | ਤੂੰ ਆਪ ਹੀ ਸ਼੍ਰੋਮਣੀ ਹੈਂ | ਸੰਸਾਰ ਨੂੰ ਮਾਇਆ ਵਿੱਚ ਭਵਾਉਣ ਵਾਲੀ ਵੀ ਤੂੰ ਆਪ ਹੀ ਹੈਂ |

                                                     ਤੁਹੀ ਬਿਸਨ ਤੂ ਬ੍ਰਹਮ ਤੂ ਰੁਦ੍ਰ ਰਾਜੈ ॥

ਸਹਿਬਾਂ ਦਾ ਬਚਨ ਹੈ ਕਿ ਤੂੰ ਹੀ ਵਿਸ਼੍ਣੁ ਹੈ , ਤੂੰ ਹੀ ਬ੍ਰਹਮਾ ਹੈ ਤੂੰ ਹੀਂ ਸ਼ਿਵ ਹੈਂ | ਕੀ ਇਹ ਕੋਈ ਦੇਵੀ ਹੈ ? ਕੋਈ ਤਰਵਾਰ (ਤਲਵਾਰ) ਹੈ ? ਇਹ ਪੰਗਤੀ ਜਪੁ ਜੀ ਸਾਹਿਬ ਵਿੱਚ ਆਈ ਹੈ ਅਤੇ ਇਹ ਉੱਪਰਲੀ ਪੰਗਤੀ ਦੀ ਹੀ ਵਿਆਖਿਆ ਹੈ |

                                               ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥
                                               (ਜਪੁਜੀ ਸਾਹਿਬ  ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 7) 

ਇਥੇ ਟੀਕੇ ਕਰਨ ਵਾਲਿਆ ਨੇ "ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥" ਵਿਚੋਂ ਤਿਨਿ ਦੇ ਅਰਥ ਤਿੰਨ ਕਰ ਦਿੱਤੇ ਕਿਓਂਕਿ ਦਿਮਾਗ ਵਿੱਚ ਵਿਸ਼੍ਣੁ ਬ੍ਰਹਮਾ ਮਹੇਸ਼ ਹੋਣ ਕਰਕੇ ਇਥੇ ਵੀ ਤਿੰਨੋ ਮੰਨ ਲਏ | ਅਗਰ  "ਤੁਹੀ ਬਿਸਨ ਤੂ ਬ੍ਰਹਮ ਤੂ ਰੁਦ੍ਰ ਰਾਜੈ ॥" ਨੂੰ ਵਿਚਾਰਿਆ ਹੁੰਦਾ ਤਾਂ ਪਤਾ ਹੁੰਦਾ ਕਿ ਇਕ ਨਹੀ ਇਕੁ ਹੈ ਜਿਸਦਾ ਮਤਲਬ ਹੈ ਇੱਕੋ ਇਕ | ਉਹ ਇੱਕੋ ਹੀ ਹੈ ਜੋ ਵਿਸ਼੍ਣੁ ਹੈ, ਉਹੀ ਬ੍ਰਹਮਾ ਹੈ ਮਹੇਸ਼ ਵੀ ਉਹੀ ਹੈ |

                                                   ਤੁਹੀ ਬਿਸ੍ਵ ਮਾਤਾ ਸਦਾ ਜੈ ਬਿਰਾਜੈ ॥੨॥

ਤੂੰਹੀ ਵਿਸ਼ਵ ਦੀ ਮਾਤਾ ਹੈਂ | ਅਗਰ ਮਾਤਾ ਇਥੇ ਔਰਤ ਹੁੰਦੀ ਤਾਂ ਔਰਤ ਤਾਂ ਸਿਰਫ ਇਨਸਾਨ ਨੂੰ ਹੀ ਜਨਮ ਦੇ ਸਕਦੀ ਹੈ | ਫਿਰ ੮੪ ਲੱਖ ਜੂਨ ਕਿਸ ਨੇ ਪੈਦਾ ਕੀਤੀ | ਪੇੜ ਪੌਦੇ ਸਭ ਕਿਸਨੇ ਪੈਦਾ ਕੀਤੇ? ਸਾਫ਼ ਜ਼ਾਹਿਰ ਹੈ ਕਿ ਇਹ ਪ੍ਰਮੇਸ਼ਰ ਦੀ ਮੱਤ ( ਗੁਰਮਤਿ ) ਭਾਵ ਪ੍ਰਮੇਸ਼ਰ ਦੀ ਇਛਾ ਦੀ ਹੀ ਗੱਲ ਚੱਲ ਰਹੀ ਹੈ |

                                                      ਤੁਹੀ ਦੇਵ ਤੂ ਦੈਤ ਤੈ ਜਛੁ ਉਪਾਏ ॥

ਸਾਰੇ ਸੁਭਾਵਾਂ ਵਾਲੇ ਵਿਅਕਤੀ ਭਾਵ ਚਾਹੇ ਕੋਈ ਦੈਵੀ ਗੁਣਾ ਨਾਲ ਭਰਪੂਰ ਹੋਵੇ, ਜਾਂ ਰਾਖਸ਼ ਬਿਰਤੀ ਵਾਲਾ ਹੋਵੇ ਸਾਰਿਆਂ ਵਿੱਚ ਮੱਤ ਤੂੰ ਹੀ ਭਰੀ ਹੈ | ਗੁਰਬਾਣੀ ਦਾ ਵੀ ਇਹੀ ਫੈਂਸਲਾ ਹੈ |

                          ਜਿਤੁ ਕੋ ਲਾਇਆ ਤਿਤ ਹੀ ਲਗਾਨਾ ॥ ਨਾ ਕੋ ਮੂੜੁ ਨਹੀ ਕੋ ਸਿਆਨਾ ॥
                                   (ਰਾਮਕਲੀ ਮਹਲਾ ੫ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 914)

                                                ਤੁਹੀ ਤੁਰਕ ਹਿੰਦੂ ਜਗਤ ਮੈ ਬਨਾਏ ॥

ਇਥੇ ਸਾਫ਼ ਹੋ ਜਾਂਦਾ ਹੈ ਕੇ ਚੰਡੀ ਕੌਣ ਹੈ | ਹਿੰਦੂ ਤਾਂ ਠੀਕ ਹੈ ਚੰਡੀ ਨਾਲ ਸੰਬੰਦਿਤ ਹਨ ਪਰ ਮੁਸਲਮਾਨ ? ਜ਼ਾਹਿਰ ਹੈ ਕਿ ਇਹ ਮੱਤਾਂ ਹੀ ਹਨ | ਹਿੰਦੂ ਮੱਤ ਅਤੇ ਇਸਲਾਮਿਕ ਮੱਤ ਗੁਰਮਤਿ ਵਿਚੋਂ ਹੀ ਖਿੰਡੀਆਂ ਹਨ | ਵਰਨਾ ਚੰਡੀ ਦਾ ਮੁਸਲਮਾਨ ਬਣਾਉਣ ਨਾਲ ਕੀ ਮਤਲਬ ਹੋ ਸਕਦਾ ਹੈ |

                                                 ਤੁਹੀ ਪੰਥ ਹ੍ਵੈ ਅਵਤਰੀ ਸ੍ਰਿਸਟਿ ਮਾਹੀ ॥

ਸਾਹਿਬਾਂ ਦਾ ਬਚਨ ਹੈ ਕਿ ਤੂੰਹੀ ਪੰਥ ਹੋ ਕੇ ਸ਼੍ਰਿਸ਼ਟੀ ਵਿੱਚ ਅਵਤਾਰ ਧਾਰਿਆ ਹੈ | ਹੁਣ ਪੰਥ ਮੱਤ ਦਾ ਨਾਮ ਹੈ ਜਾਂ ਕਿਸੇ ਹਿੰਦੁਆਂ ਦੀ ਦੇਵੀ ਦਾ | ਇਹ ਸਨ ਕੁਝ ਕੁ ਨਿਸ਼ਾਨ ਚਿੰਨ ਜੋ ਇਹ ਸਾਬਿਤ ਕਰਦੇ ਹਨ ਕਿ ਚੰਡੀ ਕੋਈ ਹਿੰਦੁਆਂ ਦੀ ਦੇਵੀ ਨਹੀ ਹੈ ਸਗੋਂ ਗੁਰਮਤਿ ਹੈ ਪ੍ਰਚੰਡ ਗਿਆਨ ਦੀ ਦਾਤੀ | ਉੱਪਰ ਦਿੱਤੀਆਂ ਸਾਰੀਆਂ ਨਿਸ਼ਾਨੀਆ ਮੱਤ ਦੀਆਂ ਹਨ ਨਾ ਕਿ ਔਰਤ ਦੀਆਂ | ਮੂਰਖ ਹਨ ਉਹ ਲੋਗ ਜੋ ਪੰਡਿਤ ਦੇ ਦਿਖਾਏ ਮਾਰਗ ਤੇ ਚਲ ਕੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਖਿਲਾਫਤ ਕਰਦੇ ਹਨ | ਜਦ ਸਾਡੇ ਕੋਲ ਗੁਰਬਾਣੀ ਹੈ ਸਾਡਾ ਮਾਰਗ ਦਰਸ਼ਨ ਕਰਨ ਲਈ ਫਿਰ ਪੰਡਿਤ ਦੇ ਪਗ ਚਿੰਨਾ ਤੇ ਚਲਣ ਵਾਲੇ ਪੰਡਿਤ ਦੇ ਚੇਲੇ ਤਾਂ ਹੋ ਸਕਦੇ ਹਨ, ਗੁਰਮੁਖਿ ਨਹੀਂ | ਲੌੜ ਹੈ ਸਵੈ ਪੜਚੋਲ ਦੀ | ਕਿਸਦੇ ਸਿੱਖ ਹਾਂ ਅਸੀਂ ?? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਂ ਪੰਡਿਤ ਦੇ ?

Gurpreet Singh California