Saturday, 13 August 2011

|| ਪਾਖੰਡ ਵਾਦ ਦੇ ਖਿਲਾਫ਼ ਸ੍ਰੀ ਦਸਮ ਗ੍ਰੰਥ ||- ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ


ਚੌਬੀਸ ਅਵਤਾਰ ਬਾਰੇ ਬਹੁੱਤ ਭੁਲੇਖੇ ਹਨ ਕੇ ਸ਼ਾਇਦ ਇਹ ਦੇਵਤਾ ਵਾਦ ਨੂੰ ਬਢਾਵਾ ਦਿੰਦਾ ਹੈ | ਇਤਿਹਾਸਿਕ ਹਵਾਲੇ ਤਾਂ ਅਸੀਂ ਬਹੁੱਤ ਪੜ੍ਹ ਚੁੱਕੇ ਹਾਂ ਹੁਣ ਦੇਖਣਾ ਹੈ ਕੇ ਅੰਦਰੂਨੀ ਲਿਖਤ ਕਿ ਕਹਿੰਦੀ ਹੈ | ਜਿੰਨਾ ਪਾਖੰਡ ਵਾਦ , ਵਹਿਮਾਂ ਭਰਮਾਂ , ਫਰੇਬੀ ਸੰਤਾਂ ਨੂੰ ਸ੍ਰੀ ਦਸਮ ਗ੍ਰੰਥ ਵਿੱਚ ਸਾਫ਼ ਲਫਜਾਂ ਵਿੱਚ ਭੰਡਿਆ ਹੈ ਉਸ ਦੀ ਮਿਸਾਲ ਹੋਰ ਕੀਤੇ ਵੀ ਨਹੀ ਮਿਲਦੀ | ਅੱਜ ਪੰਜਾਬ ਡੇਰਾਵਾਦ ਤੋਂ ਬਹੁੱਤ ਪੀੜਿਤ ਹੈ , ਦਸਮ ਦੇ ਪ੍ਰਚਾਰ ਦੀ ਸਬ ਤੋਂ ਵਧ ਲੌੜ ਅੱਜ ਪੰਜਾਬ ਵਿੱਚ ਹੈ | ਪਾਖੰਡ ਬਾਰੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਵੀ ਬਚਨ ਆਉਂਦੇ ਹਨ ਓਰ ਇੱਕ ਤਾਂ ਭਾਸ਼ਾ ਸਰਲ ਨਹੀ ਹੈ | ਗੁਰਬਾਣੀ ਦੇ ਗਲਤ ਅਰਥ ਕਰਕੇ ਮਾਸੂਮ ਜਨਤਾ ਨੂੰ ਭਰਮਾ ਲਿਆ ਜਾਂਦਾ ਹੈ | ਕਾਫੀ ਪਾਖੰਡੀ ਲੋਗ ਸ੍ਰੀ ਦਸਮ ਗ੍ਰੰਥ ਦੀ ਹਿਮਾਯਤ ਵੀ ਕਰਦੇ ਹਨ ਪਰ ਸਿਰਫ ਕਿਸੇ ਧੜੇ ਨਾਲ ਜੁੜੇ ਹੋਣ ਕਰਕੇ ਗਿਆਨ ਕਰਕੇ ਨਹੀ | ਹੁਣ ਇੱਕ ਸਵਾਲ ਹਮੇਸ਼ਾਂ ਹੀ ਉਠਦਾ ਹੈ ਕੇ ਮੰਨਿਆ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਵੀ ਅਵਤਾਰਾਂ ਦਾ ਜ਼ਿਕਰ ਆਇਆ ਹੈ ਬਹੁੱਤ ਹੀ ਸੂਖਮ ਰੂਪ ਵਿੱਚ ਪਰ ਸ੍ਰੀ ਗੁਰੁ ਗ੍ਰੰਥ ਸਾਹਿਬ ਤਾਂ ਸਿਰਫ ਦਸ ਅਵਤਾਰਾਂ ਦੀ ਹੀ ਗੱਲ ਕਰਦੇ ਹਨ |
|| ਦਸ ਅਵਤਾਰੀ ਰਾਮੁ ਰਾਜਾ ਆਇਆ ||
|| ਦੈਤਾ ਮਾਰੇ ਧਾਇ ਹੁਕਮਿ ਸਬਾਇਆ ||
ਜਾਂ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਬਚਨ ਆਉਂਦਾ ਹੈ |
|| ਸੁੰਨਹੁ ਉਪਜੇ ਦਸ ਅਵਤਾਰਾ ||
|| ਸ੍ਰਿਸਟਿ ਉਪਾਇ ਕੀਆ ਪਾਸਾਰਾ ||
ਹੁਣ ਅਗਰ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਦਸ ਅਵਤਾਰ ਹੀ ਮੰਨੇ ਹਨ ਫਿਰ ਸ੍ਰੀ ਦਸਮ ਗ੍ਰੰਥ ਵਿੱਚ ਚੌਬਾਸ ਅਵਤਾਰ ਕਿਓਂ | ਇਹ ਸਵਾਲ ਵੀ ਸ੍ਰੀ ਦਸਮ ਗ੍ਰੰਥ ਤੋਂ ਅਗਿਆਨਤਾ ਵਿਚੋਂ ਜਨਮ ਲੈਂਦਾ ਹੈ | ਸਾਹਿਬ ਕਲਗੀਧਰ ਪਿਤਾ ਸਾਫ਼ ਸਾਫ਼ ਲਿਖਦੇ ਹਨ ਕਿ | ਚੌਵਿਆਂ ਵਿਚੋਂ |
|| ਇਨ ਮਹਿ ਸ੍ਰਿਸਟਿ ਸੁ ਦਸ ਅਵਤਾਰਾ ||
|| ਜਿਨ ਮਹਿ ਰਮਿਯਾ ਰਾਮ ਹਮਾਰਾ ||
ਇਹਨਾ ਵਿੱਚੋਂ ੧੦ ਅਵਤਾਰ ਹੀ ਸ੍ਰੇਸ਼ਟ ਹਨ ਕਿਓਂ ਕੇ ਉਹਨਾ ਵਿੱਚ " ਹਮਾਰਾ ਰਾਮ " ਰਮਿਆ ਹੈ ਜੋ ਸਰਬ ਵਿਆਪਕ ਹੈ | 
|| ਅਨਤ ਚਤੁਰਦਸ ਗਨ ਅਵਤਾਰੁ ||
|| ਕਹੋ ਜੁ ਤਿਨ ਤਿਨ ਕ਼ੀਏ ਅਖਾਰੁ ||
ਸਾਹਿਬ ਕਿਰਪਾ ਕਰਦੇ ਹਨ ਕੇ ਬਾਕੀ ੧੪ ਤਾਂ ਅਵਤਾਰੁ ਹਨ | ਭਾਵ ਭਰਮ ਦੇ ਅੰਡੇ ਵਿੱਚ ਬੰਦ ਹਨ | ਉਹਨਾ ਨੂੰ ਸਾਹਿਬ ਨੇ ਨਕਾਰਿਆ ਹੈ | ਜੋ ਪੰਡਿਤ ਨੇ ਧੱਕੇ ਨਾਲ ਹੀ ਅਵਤਾਰ ਮੰਨੇ ਹੋਏ ਸਨ | ਹੁੱਕਮ ਦੀ ਵਿਆਖਿਆ ਅਤੇ ਪ੍ਰਮੇਸ਼ਰ ਦੇ ਗੁਣਵਾਚਕ ਨਵਾਂ ਦੀ ਵਿਆਖਿਆ ਤੋਂ ਬਾਅਦ ਸਾਹਿਬ ਪਾਖੰਡ ਤੇ ਪ੍ਰਹਾਰ ਕਰਦੇ ਹਨ |
|| ਚੌਪਾਈ ||
ਲਗਨ ਸਗਨ ਤੇ ਰਹਤ ਨਿਰਾਲਮ || ਹੈ ਯਹ ਕਥਾ ਜਗਤ ਮੈ ਮਾਲਮ ||
 || ਜੰਤ੍ਰ ਮੰਤ੍ਰ ਤੰਤ੍ਰ ਨ ਰਿਝਾਯਾ || ਭੇਖ ਕਰਤ ਕਿਨਹੂੰ ਨਹਿ ਪਾਯਾ ||
ਪੰਡਿਤਾਂ ਦੇ ਮਗਰ ਸਾਡੇ ਸਿੱਖ ਪਰਿਵਾਰ ਵੀ ਲਗੇ ਹੋਏ ਹਨ | ਲਗਨਾਂ ਸ਼ਗਨਾਂ ਵਿੱਚ ਫਸੇ ਹੋਏ ਹਨ | ਪਰ ਗੁਰੁ ਸਾਹਿਬ ਕਿਰਪਾ ਕਰਦੇ ਹਨ ਕੇ ਪ੍ਰਮੇਸ਼ਰ ਲਗਨ ਸ਼ਗਨ ਤੋਂ ਨਿਆਰਾ ਰਹਿੰਦਾ ਹੈ ਉਹ ਇੰਨਾ ਵਿੱਚ ਨਹੀ | ਥੋੜੀ ਜਿਹੀ ਤਕਲੀਫ਼ ਆਉਂਦੀ ਹੈ ਤਾਂ ਅਸੀਂ ਪੰਡਿਤ ਕੋਲ ਦੌੜਦੇ  ਹਾਂ ਅਗੋਂ ਪੰਡਿਤ ਵੀ ਆਖਦਾ ਹੈ ਕੇ ਮੈਂ ਮੰਤਰ ਜਾਪ ਕਰਕੇ ਜਾਂ ਕੋਈ ਜੰਤ੍ਰ ਬਣਾ ਜੇ ਜਾਂ ਫਿਰ ਤੰਤਰ ( ਕਿਸੇ ਤਾਂਬੇ ਦੀ ਪ੍ਲੇਟ ਤੇ ਲਿਖ ਕੇ ) ਦੇਵਾਂ ਗਾ ਅਤੇ ਸਭ ਕੁਸ਼ਲ ਹੋਵੇਗਾ | ਅੱਜ ਇਹ ਲੋਗ ਆਮ ਜਨਤਾ ਦਾ ਆਰਥਿਕ ਸ਼ੋਸ਼ਣ ਕਰਕੇ ਲਖਾਂ ਹੀ ਰੁਪੈ ਕਮਾ ਰਹੇ ਹਨ | ਪਰ ਸਹਿਬਾਂ ਦਾ ਬਚਨ ਹੈ ਕੇ ਉਹ ਤਾਂ ਕਿਸੇ ਵੀ ਜੰਤ੍ਰ , ਮੰਤ੍ਰ, ਜਾਂ ਤੰਤ੍ਰ ਨਾਲ ਰੀਝਦਾ ਹੀ ਨਹੀ | ਅਤੇ ਨਾ ਹੀ ਭੇਖਾਂ ਨੂੰ ਧਾਰਨ ਨਾਲ ਉਹ ਮਿਲਦਾ ਹੈ | ਇਸ ਪ੍ਰਚਾਰ ਦੀ ਅਨਹੋਂਦ ਕਾਰਣ ਹੀ ਅੱਜ ਸਿੱਖੀ ਸਿਰਫ ਭੇਖ ਬਣਕੇ ਰਹਿ ਗਈ ਹੈ | ਵਿਚਾਰਧਾਰਾ ਦਾ ਪਤਾ ਨਹੀ | 
|| ਚੌਪਈ ||
ਜਗ ਆਪਨ ਆਪਨ ਉਰਝਾਨਾ || ਪਾਰਬ੍ਰਹਮ ਕਾਹੂ ਨ ਪਛਾਨਾ ||
|| ਇਕ ਮੜੀਅਨ ਕਬਰਨ ਵੇ ਜਾਹੀ || ਦੁਹੂੰਅਨ ਮੈ ਪਰਮੇਸ਼੍ਵਰ ਨਹੀ ||
ਅੱਜ ਸਾਰੇ ਹੀ ਸੰਤ , ਸਿੱਖ ਜਥੇ ਬੰਦੀਆਂ , ਆਪਣੀ ਆਪਣੀ ਮਰਿਯਾਦਾ ਦਾ ਰੌਲਾ ਪਾਉਂਦੇ ਹਨ | ਕੋਈ ਸੰਤ ਬਾਹਵਾਂ ਚੁਕਾ ਕੇ ਜੈਕਾਰੇ ਲਗਵਾਉਂਦਾ ਹੈ ਕੋਈ ਵਾਹਿਗੁਰੂ ਨਾਮ ਤੇ ਚੀਕਾਂ ਮਰਵਾਉਂਦਾ ਹੈ | ਕਿਸੇ ਨੇ ਕਿਸੇ ਸੰਤ ਕੋਲੋਂ ਪਾਹੁਲ ਲਈ ਹੈ ਕਿਸੇ ਨੇ ਕਿਸੇ ਕੋਲੋਂ | ਕੋਈ ਕਿਸੇ ਸਾਧ ਦਾ ਚੇਲਾ ਹੈ ਕੋਈ ਕਿਸੇ ਦਾ | ਪਰ ਪਾਰਬ੍ਰਹਮ ਨੇ ਨਿਰਾਕਾਰ ਸਰੂਪ ਨੂੰ ਇਸ ਰੌਲੇ  ਵਿੱਚ ਅਸੀਂ ਗਵਾ ਹੀ ਲਿਆ ਹੈ | ਅੱਜ ਕਕਾਰ ਪਹਿਨੇ ਹੋਏ ਸਿੱਖ ਵੀ ਮਾੜੀਆਂ ਕਬਰਾਂ ਤੇ ਮਿਲਦੇ ਹਨ | ਪਰ ਸਹਿਬਾਂ ਦਾ ਬਚਨ ਹੈ ਕੇ ਪ੍ਰਮੇਸ਼ਰ ਦੋਨਾ ਵਿੱਚ ਨਹੀ ਹੈ | ਕੀ ਇਸ ਗੱਲ ਦਾ ਖੁੱਲਾ ਪ੍ਰਚਾਰ ਹੋ ਰਿਹਾ ਹੈ | ਜੇ ਹੁੰਦਾ ਤਾਂ ਅੱਜ ਸਾਧਾਂ ਦੇ ਵੱਗ ਪੰਜਾਬ ਵਿੱਚ ਗੰਦ ਨਾ ਪਾ ਰਹੇ ਹੁੰਦੇ |
|| ਚੌਪਾਈ ||
|| ਏ ਦੋਊ ਮੋਹ ਬਾਦ ਮੋ ਪਚੇ || ਇਨ ਤੇ ਨਾਥ ਨਿਰਾਲੇ ਬਚੇ ||
|| ਜਾ ਤੇ ਛੁਟਿ ਗਯੋ ਭਰਮ ਉਰ ਕਾ || ਤਿਹ ਆਗੈ ਹਿੰਦੂ ਕਿਆ ਤੁਰਕਾ ||
ਗੁਰੁ ਸਾਹਿਬ ਦਾ ਬਚਨ ਹੈ ਕੇ ਇਹ ਦੋਵੈਂ  ਪ੍ਰਕਾਰ ਦੇ ਲੋਗ ਮੋਹ ਬਾਦ ਵਿੱਚ ਗਰਕ ਹੋ ਗਏ | ਆਪਣੀਆਂ ਮਤਾਂ ਕਾਰਣ ਪ੍ਰਮੇਸ਼ਰ ਦੇ  ਮਿਲਾਪ  ਤੋਂ ਰਹਿ ਗਏ | ਪਰ ਜੋ ਇਹਨਾ ਭਰਮਾ ਵਿੱਚ ਨਹੀ ਫਸੇ | ਉਹ ਨਿਰਾਕਾਰ ਨਾਲ ਜੁੜੇ ਹੋਏ ਲੋਗਾਂ ਵਿੱਚੋਂ ਹਿੰਦੂ ਮੁਸਲਮਾਨ ਦਾ ਫਰਕ ਵੀ ਨਹੀ ਰਿਹਾ | ਪਰ ਅੱਜ ਸਿੱਖ ਆਪਣੇ ਆਪਣੇ ਨਿੱਕੇ ਨਿੱਕੇ ਜਥਿਆਂ ਵਿੱਚ ਵੰਡੇ ਪਏ ਹਨ | ਕੋਈ ਮਿਸ਼ਨਰੀ ਹੈ , ਕੋਈ ਟਕਸਾਲੀ , ਕੋਈ ਬਬੇਕੀ ਅਤੇ ਕੋਈ ਅਖੰਡ ਕੀਰਤਨ ਜਥੇ ਵਿੱਚ | ਗੁਰੁ ਕਾ ਸਿੱਖ ਕੋਣ ਹੈ ? 
|| ਚੌਪਾਈ || 
 || ਪੇਟ ਹੇਤ ਨਰ ਭਿੰਡ ਦਿਖਾਈ || ਭਿੰਡ ਕਰੇ ਬਿਨੁ ਪਈਯਤ ਨਾਹੀ ||
|| ਜਿਨ ਨਰ ਇਕ ਪੁਰਖ ਕਹ ਧਿਆਯੋ || ਤਿਨ ਕਰ ਭਿੰਡ ਨ ਕਿਸੀ ਦਿਖਾਯੋ ||
ਪਰ ਅੱਜ ਸਾਧਾਂ ਦੇ ਵ੍ਗਾਂ ਨੇ ਪੰਜਾਬ ਵੱਲ ਵਹੀਰਾਂ ਕਿਓਂ ਘਤੀਆਂ ਨੇ | ਸਹਿਬਾਨ ਦੇ ਬਚਨਾ ਤੋਂ ਸਾਫ਼ ਜ਼ਾਹਿਰ ਹੈ | ਸਾਹਿਬ ਕਿਰਪਾ ਕਰਦੇ ਹਨ ਕੇ ਇਸ ਸਭ ਪੇਟ ਦੇ ਖਾਤਿਰ ਭਾਵ ਮਾਯਾ ਖਾਤਿਰ ਇਹ ਦਿਖਾਵਾ ਕਰਦੇ ਹਨ | ਕਿਓਂ ਕਿ ਭੇਖ ਕੀਤੇ ਬਿਨਾ ਇਹਨਾ ਨੂੰ ਕੁਝ ਮਿਲਦਾ ਵੀ ਤਾਂ ਨਹੀ | ਆਲਸੀ ਲੋਗ ਹਨ ਕੋਈ ਕੰਮ ਨਹੀ ਆਉਂਦਾ ਚਲੋ ਸੰਤ ਬਣ ਜਾਵੋ | ਪਰ ਜਿੰਨਾ  ਮਹਾਪੁਰਖਾਂ ਨੇ ਉਸ ਇੱਕ ਪ੍ਰਮੇਸ਼ਰ ਨੂੰ ਆਪਣੇ ਧਿਆਨ ਵਿੱਚੋਂ ਵਿਸਾਰਿਆ ਨਹੀ | ਉਹਨਾ  ਨੇ ਕਦੇ ਵੀ ਭਿੰਡ ਨਹੀ ਕੀਤਾ | ਆਪਣੇ ਡੇਰਿਆਂ ਦੇ ਬਹਾਰ ਵਡੇ ਵਡੇ ਬੈਨਰ ਨਹੀ ਲਗਾਏ | ਵਡੇ ਵਡੇ ਚੋਲੇ ਪਾ ਕੇ ਢੋਲਕੀਆਂ ਨਹੀ ਕੁੱਟੀਆਂ | ਉਹ ਤਾਂ ਗੁਪਤ ਹੀ ਰਹਿੰਦੇ ਹਨ  | ਲੌੜ ਹੈ ਇਸ ਪ੍ਰਚਾਰ ਦੀ ਸਿਰਫ ਨਿੰਦਾ ਨਾਲ ਕੁਝ ਹਾਸਿਲ ਨਹੀ ਹੋਣਾ | ਪਰ ਗਲਤੀ ਸਾਡੀ ਵੀ ਹੈ ਸਾਡੇ ਲੋਭ ਨੇ ਹੀ ਇੰਨੇ ਸੰਤ ਪੈਦਾ ਕੀਤੇ ਹਨ | ਸੰਤਾਂ ਦੇ ਡੇਰਿਆਂ ਤੇ ਹੋਣ ਵਾਲੇ ਵਿਭਚਾਰਾਂ ਦਾ ਹਰ ਉਹ ਸਿੱਖ ਭਾਗੀਦਾਰ ਹੈ ਜੋ ਡੇਰਿਆਂ ਤੇ ਪੈਸੇ ਭੇਜਦਾ ਹੈ | ਉਸ ਹੀ ਪੈਸੇ ਦੀ ਤਾਕ਼ਾਤ ਨਾਲ ਇਸ ਸਭ ਵਿਭਚਾਰ ਹੁੰਦੇ ਹਨ |
|| ਚੌਪਈ ||
|| ਭਿੰਡ ਕਰੇ ਬਿਨੁ ਹਾਥਿ ਨਾ ਆਵੈ  || ਕੋਊ ਨ ਕਾਹੂ ਸੀਸ ਨਿਵਾਵੈ ||
|| ਜੋ ਇਹੁ ਪੇਟ ਨ ਕਾਹੂ ਹੋਤਾ || ਰਾਵ ਰੰਕ ਕਾਹੂ ਕੋ ਕਹਤਾ ||
ਅਗਰ ਇਹ ਸਾਧ ਭੇਖ ਨਾ ਦਿਖਾਉਣ ਭਾਵ ਲਾਂਬੇ ਚੋਲੇ , ਲੰਬੀਆਂ ਮਾਲਾਵਾਂ , ਚੇਲਿਆਂ ਦੇ ਵੱਗ | ਤਾਂ ਕੋਈ ਵੀ ਇਹਨਾ ਦੇ ਮਗਰ ਨਹੀ ਲਗਦਾ | ਅੱਜ ਕੋਈ ਚੋਲੇ ਵਾਲੇ ਨਜਰ ਆ ਜਾਵੇ ਤਾਂ ਪੜੇ ਲਿਖੇ ਡਾਕਟਰ ਵੀ ਇਹਨਾ ਅਨਪੜਾਂ ਦੇ ਪੈਰੀਂ ਪੈਂਦੇ ਦੇਖੇ ਜਾਂਦੇ ਹਨ | 
|| ਚੌਪਾਈ ||
 ||ਜਿਨ ਪ੍ਰਭ ਏਕ ਵਹੈ ਠਹਰਾਯੋ || ਤਿਨ ਕਰ ਭਿੰਡ ਨ ਕਿਸੂ ਦਿਖਾਯੋ ||
|| ਸੀਸ ਦੀਯੋ ਉਨ ਸਿਰਰ ਨ ਦੀਨਾ || ਰੰਚ ਸਮਾਨ ਦੇਹ ਕਰਿ ਚੀਨਾ ||
ਪਰ ਸਾਹਿਬਾਂ ਦਾ ਬਚਨ ਹੈ ਕੇ ਜਿੰਨਾ ਨੇ ਉਸ ਪ੍ਰਮੇਸ਼ਰ ਨੂੰ ਘਟ - ਘਟ ਵਿੱਚ ਦੇਖਿਆ ਹੈ ਜੋ ਉਹ ਰਾਮ ਨੂੰ ਸਰਭ ਵਿਆਪਕ ਜਾਣਦੇ | ਉਹਨਾ ਨੇ ਕੋਈ ਵੀ ਭੇਖ ਧਾਰ ਕੇ ਪਾਖੰਡ ਨਹੀ ਕੀਤਾ | ਪਰ ਸਵਾਲ ਉਠਦਾ ਹੈ  ਕਿ ਕਿ ਅੱਜ ਕੋਈ ਸੰਤ ਗੁਰੁ ਸਾਹਿਬ ਜੀ ਦੇ ਲਗਾਈ ਹੋਈ ਕਸਵੱਟੀ ਤੇ ਖਰਾ ਉਤਰਦਾ ਹੈ | ਜੇ ਨਹੀ ਤਾਂ ਫਿਰ ਕਿਓਂ  ਅਸੀਂ ਇਹਨਾ ਦੇ ਮਗਰ ਲਗਦੇ ਹਾਂ | ਸੰਤ ਕੀ ਤੇ ਮਾਯਾ ਕੀ | ਸੰਤ ਨੇ ਤਾਂ ਮੁਕਤਿ ਹੁੰਦਾ ਹੈ ਪਰ ਇਹ ਸੰਤ ਤਾਂ ਜਮੀਨਾ , ਡੇਰਿਆਂ ਵਿੱਚ ਫਸੇ ਹੋਈ ਸੰਸਾਰ ਵਿੱਚ ਰਹਿਣ ਦਾ ਪ੍ਰਬੰਦ ਕਰੀ ਬੈਠੇ ਹਨ | ਸਤਿਗੁਰਾਂ ਦਾ ਬਚਨ ਹੈ ਕੇ ਜੋ ਪ੍ਰਮੇਸ਼ਰ ਵਿੱਚ ਅਭੇਦ ਹਨ | ਉਹ ਬਚਨਾ ਦੇ ਬਲੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਵਾਂਗ ਸੀਸ ਤੇ ਦੇ ਦੇਂਦੇ ਹਨ ਪਰ ਹਾਰਦੇ ਨਹੀ | ਪਰ ਲੁਧਿਆਣਾ ਕਾਂਡ ਵਿੱਚ ਕਿੰਨੇ ਸੰਤ ਸਨ | ਭਾਈ ਦਰਸ਼ਨ ਸਿੰਘ ਨੂੰ ਸ਼ਹੀਦ ਕਰਵਾ ਕੇ ਆਪ ਪੀਛੇ ਹਟ ਗਏ | ਅਗਰ ਇਹ ਵਾਕਿਆ ਹੀ ਗੁਰੁ ਕਲਗੀਧਰ ਪਿਤਾ ਜੀ ਦੇ ਕਸਵਟੀ ਤੇ ਖਰੇ ਉਤਰਦੇ ਹੁੰਦੇ ਤਾਂ ਸ਼ਹੀਦੀਆਂ ਪਾ ਜਾਂਦੇ  ਪੀਛੇ ਨਾ ਹਟਦੇ |
ਕਿਓਂ ਕੇ ਉਹ ਆਪਣੇ ਆਪ ਨੂੰ ਜਰਾ ਵੀ ਦੇਹ ਕਰਕੇ ਨਹੀ ਮੰਨਦੇ | ਫੈਸਲਾ ਪਾਠਕਾਂ ਨੇ ਕਰਨਾ ਹੈ | ਕੀ ਇਹ ਭੇਖੀ ਬਨਾਰਸ ਕੇ ਠੱਗ ਹਨ ਜਾਂ ਫਿਰ ਹਰਿ ਕਰ ਸੰਤ | ਭੇਖਾਂ ਪਾਖੰਡਾਂ ਨੂੰ ਕਟਦੀ ਹੋਈ ਇਹ ਰਚਨਾ ਗੁਰਮਤਿ ਦੇ ਅਨੁਕੂਲ ਹੈ ਜਾਂ ਪ੍ਰਤਿਕੂਲ | ਪਾਖੰਡਾਂ ਨੂੰ ਭੇਦਦੀ ਹੋਈ ਇਹ ਰਚਨਾ ਗੁਰੁ ਸਾਹਿਬ ਦੀ ਹੈ ਜਾਂ ਫਿਰ ਪੰਡਿਤਾਂ , ਜਾਂ ਪਾਖੰਡੀ ਸਾਧਾਂ ਦੀ ? ਦਾਸ ਦਾ ਕਿਸੇ ਹਿਰਦੇ ਨੂੰ ਦੁਖਾਉਣ ਦਾ ਕੋਈ ਮੰਤਵ ਨਹੀ ਬਾਕੀ ਭੁੱਲਾਂ ਚੁੱਕਾਂ ਦੀ ਖਿਮਾਂ | ਚਲਦਾ ...................
                                                      ਗੁਰਪ੍ਰੀਤ ਸਿੰਘ ਕੈਲੀਫ਼ੋਰਨਿਆ 
                                                        ੫੧੦ -੫੮੯-੨੧੨੪