ਬਚਿਤ੍ਰ ਨਾਟਕ ਦਾ ਨਾਮ ਸੁਣਦਿਆਂ ਹੀ ਕਮਜ਼ੋਰ ਬਿਰਤੀ ਵਾਲੇ ਲੋਕਾਂ ਦੀਆਂ ਅੱਖਾਂ ਵਿੱਚ ੩੩ ਕਰੋੜ ਦੇਵੀ ਦੇਵਤੇ ਚਮਕਣ ਲਗ ਪੈਂਦੇ ਹਨ , ਦਿਮਾਗ ਵਿੱਚ ਜਨਮਾ-ਜਨਮਾ ਦਾ ਭਰਿਆ ਹੋਇਆ ਗੰਦ ਭੜਾਸ ਮਾਰਨ ਲਗਦਾ ਹੈ | ਅੱਖਾਂ ਉਹੀ ਦੇਖਦੀਆਂ ਹਨ ਜੋ ਵਿਚਾਰਾਂ ਵਿੱਚ ਚੱਲ ਰਿਹਾ ਹੁੰਦਾ ਹੈ | ਜਿਵੇਂ ਬਾਜ਼ਾਰ ਵਿੱਚ ਇੱਕ ਨੌਜਵਾਨ ਲੜਕੀ ਖਲੋਤੀ ਹੈ , ਗਰੀਬੀ ਦੀ ਹਾਲਤ ਵਿੱਚ ਕਪੜੇ ਵੀ ਪਾਟੇ ਹੋਏ ਹਨ | ਇੱਕ ਭੱਦਰ ਪੁਰਸ਼ ਜੱਦ ਉਸ ਨੂੰ ਦੇਖਦਾ ਹੈ ਤਾਂ ਉਸਨੂੰ ਉਸਦੀ ਗਰੀਬੀ ਨਜ਼ਰ ਆਉਂਦੀ ਹੈ | ਕੋਈ ਦਿਆਲੂ ਦੇਖਦਾ ਹੈ ਤਾਂ ਸੋਚਦਾ ਹੈ ਕੇ " ਵਿਚਾਰੀ ਦੇ ਕਪੜਿਆਂ ਦੀ ਇਹ ਹਾਲਤ ਹੈ ਰੋਟੀ ਵਗੈਰਾ ਕਿਸ ਤਰ੍ਹਾਂ ਜੁਟਾਉਂਦੀ ਹੋਵੇਗੀ |" ਕੋਈ ਨੀਚ ਵਿਅਕਤੀ ਦੇਖੇਗਾ ਤਾਂ ਪਾਟੇ ਹੋਏ ਕਪੜੇ ਤਾਂ ਨਜ਼ਰ ਨਹੀਂ ਆਉਣਗੇ ਉਸਨੂੰ ਪਰ ਉਹਨਾ ਕਪੜਿਆਂ ਵਿਚੋਂ ਝਲਕ ਰਿਹਾ ਜਿਸਮ ਜਰੂਰ ਨਜਰ ਆਵੇਗਾ | ਇਸੇ ਤਰ੍ਹਾਂ ਹੀ ਪੰਡਿਤ ਦੇ ਚੇਲਿਆਂ ਨੂੰ ਬਚਿਤ੍ਰ ਨਾਟਕ ਵਿਚ ਵਿੱਚ ਦੇਵੀ ਪੂਜਾ, ਪੱਥਰ ਪੂਜਾ, ਅਤੇ ਹੋਰ ਕਈ ਕੁਝ ਨਜਰ ਆਉਂਦਾ ਹੈ ਜੋ ਉਹਨਾ ਨੇ ਆਪਣੇ ਗੁਰੂ ਪੰਡਿਤ ਕੋਲੋਂ ਪੜਿਆ ਹੈ | ਦੇਖਣਾ ਹੈ ਕੇ ਗੁਰਮੁਖਾਂ ਦਾ ਦ੍ਰਿਸ਼ਟੀਕੋਣ ਕੀ ਹੈ ਬਚਿਤ੍ਰ ਨਾਟਕ ਬਾਰੇ | ਦਰਅਸਲ ਬਚਿਤ੍ਰ ਨਾਟਕ, ਅਤੇ ਚਰਿਤ੍ਰੋ-ਪਾਖਿਯਾਨ ਦੋਨਾ ਨੂੰ ਮਿਲਾ ਕੇ ਹੀ ਸਾਹਿਬ ਸ੍ਰੀ ਦਸਮ ਗ੍ਰੰਥ ਜੀ ਦਾ ਸੰਪੂਰਨ ਸਰੂਪ ਬਣਦਾ ਹੈ | ਬਿਲਕੁਲ ਜਿਵੇਂ ਜਪੁ ਜੀ ਸਾਹਿਬ, ਸੁਖਮਨੀ ਸਾਹਿਬ, ਭਗਤ ਬਾਣੀ, ਭੱਟਾਂ ਦੇ ਸਵਈਏ, ਘੋੜੀਆਂ, ਅਲਾਹਣੀਆਂ, ਮਾਰੂ ਸੋਹਿਲੇ, ਨੌਵੇਂ ਮਹਲੇ ਦੇ ਸਲੋਕ, ਰਾਗਮਾਲਾ ਸਭ ਮਿਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾ ਸੰਪੂਰਨ ਸਰੂਪ ਬਣਦਾ ਹੈ | ਬਚਿਤ੍ਰ ਨਾਟਕ ਨਾਮ ਸਾਹਿਬ ਕਲਗੀਧਰ ਪਿਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਲਿਆ ਹੈ .....................|
ਚਚਾ ਰਚਿਤ ਚਿਤ੍ਰ ਹੈ ਭਾਰੀ ॥
ਤਜਿ ਚਿਤ੍ਰੈ ਚੇਤਹੁ ਚਿਤਕਾਰੀ ॥
ਚਿਤ੍ਰ ਬਚਿਤ੍ਰ ਇਹੈ ਅਵਝੇਰਾ ॥
ਤਜਿ ਚਿਤ੍ਰੈ ਚਿਤੁ ਰਾਖਿ ਚਿਤੇਰਾ ॥੧੨॥
(ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ - ਅੰਗ 340)
ਹੁਣ ਸਵਾਲ ਹੈ ਕਿ ਜਿਨਾ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਖਿਲਾਫ਼ ਕੂੜ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ | ਉਹਨਾਂ ਨੇ ਆਪਣੀ ਸੰਸਥਾ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿਸ ਪੰਨੇ ਤੋਂ ਰਖਿਆ ਹੈ " ਮਿਸ਼ਨਰੀ "|
॥ ੧ਓ ਸਤਿਗੁਰ ਪ੍ਰਸਾਦਿ ॥
੧ਓ : ਪ੍ਰਮੇਸ਼ਰ ਜੋ ਸਦਾ ਇੱਕ ਰਹਿੰਦਾ ਹੈ | ਜੋ ਆਪਣੇ ਮੂਲ ਨਾਲੋਂ ਟੁਟਦਾ ਨਹੀਂ | ਸਤਿਗੁਰ ਪ੍ਰਸਾਦਿ : ਸਚੇ ਗਿਆਨ ਦੀ ਅਪਾਰ ਕਿਰਪਾ ਸਦਕਾ ਹੀ ਪ੍ਰਾਪਤ ਹੁੰਦਾ ਹੈ |
॥ ਅਥ ਬਚਤ੍ਰਿ ਨਾਟਕ ਗ੍ਰੰਥ ਲਿਖਯਤੇ ॥
"ਅਥ" ਇਸ ਵਾਸਤੇ ਲਿੱਖਿਆ ਹੈ ਪਾਤਸ਼ਾਹ ਨੇ ਕਿਓਂ ਕੇ ਇਸ ਵਿਚ ਸਿਰਫ ਨਿਰਾਕਾਰੀ ਗਿਆਨ ਹੀ ਨਹੀ ਸਗੋਂ ਇਤਿਹਾਸਿਕ ਪਖ ਵੀ ਰਖਿਆ ਹੈ ਸਾਹਿਬ ਨੇ |
॥ ਤ੍ਵੈ ਪ੍ਰਸਾਦਿ ॥
ਤੇਰੀ ਕਿਰਪਾ ਸਦਕਾ | ਤ੍ਵੈ ਪ੍ਰਸਾਦਿ ਸਾਹਿਬਾਂ ਦਾ ਤਕੀਆ ਕਲਾਮ ਰਿਹਾ ਹੈ |
॥ ਸ੍ਰੀ ਮੁਖਵਾਕ ਪਾਤਿਸ਼ਾਹੀ ੧੦ ॥
ਸ਼੍ਰੋਮਣੀ ਮੁਖਵਾਕ ਭਾਵ ਸਾਹਿਬ ਕਲਗੀਧਰ ਪਿਤਾ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ |
ਦੋਹਰਾ ॥ ਨਮਸਕਾਰ ਸ੍ਰੀ ਖੜਗ ਕੌ ਕਰੋਂ ਸੋ ਹਿਤੁ ਚਿਤੁ ਲਾਇ ॥
"ਨਮਸਕਾਰ ਸ੍ਰੀ ਖੜਗ" ਕਿਓਂ ਵਰਤਿਆ ਹੈ ਸਾਹਿਬ ਨੇ ? ਕੀ ਇਹ ਖੜਗ ਲੋਹੇ ਦੀ ਹੈ ? ਇਸ ਦਾ ਜਵਾਬ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੀ ਮੰਗਣਾ ਹੈ | ਖੜਗ ਕੀ ਹੈ ?
॥ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ॥
॥ ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥
( ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ .....ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 966 )
॥ ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥੩॥
( ਮਾਰੂ ਮਹਲਾ ੧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 1022-1023 )
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਖੜਗ ਪ੍ਰਚੰਡ ਗਿਆਨ ਵਾਸਤੇ ਵਰਤੀ ਗਈ ਹੈ | ਬਿਬੇਕ ਬੁਧ ਵਾਸਤੇ ਵਰਤਿਆ ਗਿਆ ਹੈ ਗਿਆਨ ਖੜਗ | ਇਥੇ ਵੀ ਸਾਹਿਬ ਕਲਗੀਧਰ ਪਿਤਾ ਕਿਰਪਾ ਕਰਦੇ ਹਨ ਕਿ ਮੈਂ ਪ੍ਰਚੰਡ ਗਿਆਨ ( ਬਿਬੇਕ ਬੁਧ ) ਨੂੰ ਨਮਸ਼ਕਾਰ ਕਰਦਾ ਹਾਂ ਪੂਰਾ ਚਿੱਤ ਲਾ ਕੇ | ਮਨ ਲਗਾ ਕੇ ਨਹੀਂ ਚਿੱਤ ਲਗਾ ਕੇ | ਕਿਓਂਕਿ ਚਿੱਤ ਦਾ ਭਾਵ ਸਦਾ ਸ਼ੁਧ ਹੁੰਦਾ ਹੈ |
॥ ਪੂਰਨ ਕਰੋਂ ਗਰੰਥ ਇਹੁ ਤੁਮ ਮੁਹਿ ਕਰਹੁ ਸਹਾਇ ॥੧॥
ਇਸ ਮਹਾਨ ਗ੍ਰੰਥ ਨੂੰ ਪੂਰਨ ਕਰਨ ਵਿੱਚ ਤੁਸੀਂ ਮੇਰੀ ਸਹਾਇਤਾ ਕਰਿਓ | ਇਹ ਬੇਨਤੀ ਸਾਹਿਬ ਬਿਬੇਕ ਬੁਧ ਨੂੰ ਕਰਦੇ ਹਨ | ਬਿਬੇਕ ਬੁਧ ਗੁਰਮਤਿ ਹੀ ਹੈ |
॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥
(ਸੋਰਠਿ ਮਹਲਾ ੫ ਘਰੁ ੨ ਅਸਟਪਦੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 641-642)
॥ ਤ੍ਰਿਭੰਗੀ ਛੰਦ ॥ ਸ੍ਰੀ ਕਾਲ ਜੀ ਕੀ ਉਸਤਤਿ ॥
ਬਚਿਤ੍ਰ ਨਾਟਕ ਨੂੰ ਸਾਹਿਬ ਸ੍ਰੀ ਕਾਲ ਜੀ ਦੀ ਉਸਤਤ ਨਾਲ ਆਰੰਭ ਕਰਦੇ ਹਨ | ਸ੍ਰੀ ਕਾਲ ਜੀ ਦੀ ਉਸਤਤ ? ਕਾਲ ਦੇ ਨਾਮ ਤੇ ਕਮਜ਼ੋਰ ਜਿਗਰ ਵਾਲਿਆਂ ਦੇ ਸਾਹ ਖੁਸ਼ਕ ਹੋ ਜਾਂਦੇ ਹਨ | ਕਾਲ ਸਮਝੀਏ ..........|
ਵਾਹਿਗੁਰੂ ਕੀ ਹੈ ?
ਵਾਹਿ : ਵਿਸਮਾਦ ............ | ਗੁਰੂ ?
ਗੁਰੂ : ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 982)
ਬਾਣੀ ਵਿੱਚ ਕਿਹੜਾ ਅੰਮ੍ਰਿਤ ਹੈ ?
ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ ॥੪॥੫॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 494)
ਨਾਮੁ ਕੀ ਹੈ ?
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥ ( ਸਿਰੀਰਾਗੁ ਮਹਲਾ ੧ ਘਰੁ ੩ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 71-72)
ਹੁਕਮ ਕੀ ਹੈ ?
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 472) |
ਅਗਰ ਜੰਮਣਾ ਮਰਣਾ ਹੁੱਕਮ ਹੈ ਤਾਂ ਕਾਲ ਹੁੱਕਮ ਹੀ ਹੈ | ਉਸੇ ਹੀ ਹੁੱਕਮ ਦੀ ਉਸਤਤ ਕਰਦੇ ਹਨ ਸਾਹਿਬ ਕਲਗੀਧਰ ਪਿਤਾ |
॥ ਖੱਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰ ਬੰਡੰ ॥
ਖੱਗ : ਗਿਆਨ | ਖੜਗ ਕਰਦਾ ਕੀ ਹੈ | ਸਾਹਿਬ ਕਿਰਪਾ ਕਰਦੇ ਹਨ | ਗਿਆਨ ਖੜਗ ਖੰਡ ਹੋ ਚੁੱਕੇ ਮਨ ( ਜੋ ਮਨ ਚਿੱਤ ਨਾਲੋਂ ਖੰਡ ਹੋ ਕੇ , ਭੰਗ ਹੋ ਚੁੱਕਾ ਹੈ ) ਦਾ ਬਿਹੰਡਨਾ ਭਾਵ ਭਟਕਨਾ ( ਤੁਰਨਾ ਫਿਰਨਾ ) ਬੰਦ ਕਰਦਾ ਹੈ | ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੈ .............|
॥ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 469)
ਮਨ ਨੂੰ ਸਿਰਫ ਗਿਆਨ ਨਾਲ ਹੀ ਬੰਨਿਆ ਜਾ ਸਕਦਾ ਹੈ | ਇਕ ਹੋਰ ਬਚਨ ਆਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ...........|
॥ ਪਾਵਹੁ ਤੇ ਪਿੰਗੁਲ ਭਇਆ ਮਾਰਿਆ ਸਤਿਗੁਰ ਬਾਨ ॥
(ਸਲੋਕ ਭਗਤ ਕਬੀਰ ਜੀਉ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 1374)
ਜਿੰਨਾ ਕਲਪਨਾਵਾਂ ਰੂਪੀ ਪੈਰਾਂ ਨਾਲ ਮਨ ਭਜਿਆ ਫਿਰਦਾ ਸੀ ਸਤਿਗੁਰ ਨੇ ਗਿਆਨ ਰੂਪ ਬਾਣ ਮਾਰ ਕੇ ਮਨ ਨੂੰ ਪਿੰਗੁਲਾ ਬਣਾ ਕੇ ਬਿਠਾ ਦਿੱਤਾ ਹੈ | ਹੁਣ ਅਗਰ ਇਹ ਪੰਗਤੀ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਆਈ ਹੁੰਦੀ ਤਾਂ ਦਸਮ ਵਿਰੋਧੀਆਂ ਨੇ ਰੌਲਾ ਪਾਉਣਾ ਸੀ "ਦੇਖੋ ਜੀ ਇਹਨਾ ਦਸਮ ਗ੍ਰੰਥਿਆਂ ਦਾ ਰੱਬ ਆਪਣੇ ਸਿੱਖਾ ਨੂੰ ਤੀਰ ਮਾਰ ਕੇ ਅਪਾਹਿਜ ਕਰਦਾ ਹੈ" |
ਗੁਰੂ ਗ੍ਰੰਥ ਸਾਹਿਬ ਦਾ ਰੱਬ ਜੀ ਤਾਂ ਬੜਾ ਦਿਆਲੂ ਹੈ ਜੀ ਬੜਾ ਕਿਰਪਾਲੂ ਹੈ ਜੀ | ਖੈਰ ਗਿਆਨ ਖੜਗ ਇੱਕ ਪਾਸੇ ਤਾਂ ਮਨ ਨੂੰ ਰੋਕਦਾ ਹੈ ਕਲਪਨਾ ਦੀਆਂ ਉਡਾਰੀਆਂ ਮਾਰਨ ਤੋਂ |
ਖਲ ਦਲ ਖੰਡੰ : ਖਲ ਮੂਰਖ ਨੂੰ ਕਿਹਾ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ | ...............|
॥ ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ ॥
(ਮਃ ੪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 304)
ਕਾਮ ਵੱਸ ਹੋ ਕੇ ਜੋ ਨਰ ਪਰਾਈਆਂ ਔਰਤਾਂ ਦੇ ਕਹਿਣੇ ਵਿੱਚ ਚਲਦੇ ਹਨ |ਸ੍ਰੀ ਗੁਰੂ ਗ੍ਰੰਥ ਸਾਹਿਬ ਉਹਨਾ ਪੁਰਖਾਂ ਨੂੰ ਅਪਵਿਤਰ ਮੂਰਖ ਗਧਾ ਆਖਦੇ ਹਨ | ਚਰਿਤ੍ਰੋ ਪਾਖਿਯਾਨ ਵਿੱਚ ਇਹ ਕੁਝ ਅਜਿਹੀਆਂ ਹੀ ਪੰਗਤੀਆਂ ਆਈਆਂ ਹਨ |
ਖੈਰ ਗਿਆਨ ਖੜਗ ਮੂਰਖਾਂ ਦੇ ਦਲਾਂ ਦੇ ਦਲਾਂ ਨੂੰ ਖੰਡਿਤ ਕਰਦੀ ਹੈ |
ਅਤ ਰਣ ਮੰਡੰ : ਗੁਣਾ ਅਵਗੁਣ ਵਿਚਲੀ ਜੰਗ ਵਿੱਚ ਗਿਆਨ ਖੜਗ ਖੂਬ ਲੜਦੀ ਹੈ |
ਬਰ ਬੰਡੰ : ਵਰ ਵੀ ਦਿੰਦੀ ਹੈ | ਔਰ ਜਿੰਨਾ ਗਿਆਨ ਇਹ ਵੰਡਦੀ ਹੈ ਉਨਾ ਹੀ ਗਿਆਨ ਹੋਰ ਵਧਦਾ ਹੈ | ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫੁਰਮਾਨ ਹੈ .........|
॥ ਮਤੀ ਦੇਵੀ ਦੇਵਰ ਜੇਸਟ ॥
(ਆਸਾ ਮਹਲਾ ੫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 371)
॥ ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੰ ॥
ਭੁਜ ਦੰਡ ਅਖੰਡੰ : ਪਰ ਜਿਸ ਹਥ ਵਿੱਚ ਇਹ ਗਿਆਨ ਰੂਪੀ ਖੜਗ ਪਕੜੀ ਹੋਈ ਹੈ | ਉਹ ਭੁਜਾ ਕੱਟੀ ਨਹੀਂ ਜਾ ਸਕਦੀ , ਖੰਡਿਤ ਨਹੀਂ ਹੋ ਸਕਦੀ | "ਕਾਨੂੰਨ ਦੇ ਹਥ ਬੜੇ ਲੰਬੇ ਹੁੰਦੇ ਹਨ" ਰੱਬ ਦੀ ਲਾਠੀ ਵਿੱਚ ਆਵਾਜ਼ ਨਹੀ ਹੁੰਦੀ " ਇਥੇ ਵੀ ਪ੍ਰਮਾਨ ਰੂਪ ਹੀ ਵਰਤਿਆ ਗਿਆ ਹੈ |
ਤੇਜ ਪ੍ਰਚੰਡੰ : ਉਸ ਗਿਆਨ ਖੜਗ ਦਾ ਤੇਜ (ਪ੍ਰਕਾਸ਼ ) ਬਹੁੱਤ ਪ੍ਰਚੰਡ ਹੈ |ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥ (ਸ੍ਰੀ ਜਪੁਜੀ ਸਾਹਿਬ)
ਜੋਤਿ ਅਮੰਡੰ ਭਾਨ ਪ੍ਰਭੰ : ਬਹੁੱਤ ਹੀ ਪ੍ਰਚੰਡ ਹੈ | ਜਿਵੈਂ ਧਰਤੀ ਉੱਤੇ ਸੂਰਜ ਤੋਂ ਜਿਆਦਾ ਪ੍ਰਕਾਸ਼ ਕਿਸੇ ਦਾ ਨਹੀਂ ਉਸੇ ਤਰ੍ਹਾਂ ਹੀ ਗਿਆਨ ਖੰਡ ਵਿੱਚ ਗਿਆਨ ਖੜਗ ਦਾ ਪ੍ਰਕਾਸ਼ ਬਹੁੱਤ ਪ੍ਰਚੰਡ ਹੈ |
॥ ਸੁਖ ਸੰਤਾ ਕਰਨੰ ਦੁਰਮਤਿ ਦਰਣੰ ਕਿਲਿਬਿਖ ਹਰਣੰ ਅਸਿ ਸਰਨੰ ॥
ਸੁਖ ਸੰਤਾ ਕਰਨੰ : ਆਪਣੇ ਮੂਲ ਨਾਲ ਜੁੜੇ ਹੋਏ ਹਰਿ ਕੇ ਸੰਤਾਂ ਨੂੰ ਸੁਖੀ ਕਰਨ ਵਾਲੀ ਹੈ |
ਦੁਰਮਤਿ ਦਰਨੰ : ਦੁਰਮਤ ਨੂੰ ਦਲ ਦੇਣ ਵਾਲੀ ਹੈ | ਭਾਵ ਬਨਾਰਸ ਕੇ ਠਗਾਂ ਨੂੰ ਨੰਗਾ ਕਰਨ ਵਾਲੀ ਹੈ ਇਹ ਗਿਆਨ ਖੜਗ |
ਕਿਲਿਬਿਖ ਹਰਨੰ : ਕਿਲ ( ਕੰਡਾ ) ਬਿਖ ( ਮਾਇਆ ) ਪ੍ਰਚੰਡ ਗਿਆਨ ਦੇ ਆਉਂਦਿਆਂ ਹੀ ਮਾਇਆ ਵਿੱਚ ਅਲੂਦ ਮਨ ਮਾਇਆ ਰਹਿਤ ਹੋ ਜਾਂਦਾ ਹੈ | ਸਮਝ ਆਉਂਦੀ ਹੈ ਕੇ ਸੰਸਾਰ ਤੇ ਵਿਚਰਨਾ ਕਿਵੇਂ ਹੈ .........| ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੈ ..............|
॥ ਜੈਸੇ ਜਲੁ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ ॥
(ਰਾਮਕਲੀ ਮਹਲਾ ੧ ਸਿਧ ਗੋਸਟਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 938)
ਅਸ ਸਰਨੰ : ਸਾਹਿਬ ਅਜਿਹੀ ਗਿਆਨ ਖੜਗ ਨੂੰ ਆਖਦੇ ਹਨ ਕੇ ਮੈਂ ਤੇਰੀ ਸ਼ਰਨ ਹਾਂ |
॥ ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ ॥੨॥
ਜੈ ਜੈ ਜਗ ਕਾਰਣ : ਗੁਰੂ ਸਾਹਿਬ ਫੁਰਮਾਉਂਦੇ ਹਨ ਕੇ ਐ ਗਿਆਨ ਖੜਗ ( ਗੁਰਮਤਿ ) ਤੇਰੀ ਜੈ ਹੋਵੇ ਤੂੰਹੀ ਜੱਗ ਦੇ ਹੋਣ ਦਾ ਕਾਰਣ ਹੈ | ਗੁਰਮਤਿ : ਗੁਰੂ ਦੀ ਮੱਤ ਭਾਵ ਗੁਰੂ ਦੀ ਇਛਾ |
ਪ੍ਰਮੇਸ਼ਰ ਦੀ ਇਛਾ ਕਾਰਣ ਹੀ ਇਹ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ |
ਸ੍ਰਿਸਟਿ ਉਬਾਰਣ : ਸ੍ਰਿਸ਼ਟੀ ਦੇ ਸਿਰਫ ਪੈਦਾ ਹੋਣ ਦਾ ਕਾਰਣ ਹੀ ਨਹੀਂ ਸਗੋਂ ਸ੍ਰਿਸ਼ਟੀ ਨੂੰ ਉਬਾਰਦੀ ਵੀ ਹੈ | ੮੪ ਲੱਖ ਜੂਨਾਂ ਵਿੱਚ ਜੀਵਾਂ ਦੀ ਬੁਧ ਪ੍ਰਗਾਸ ਕਰਦਿਆਂ ਹੋਇਆਂ ਜੀਵ ਮਨੁਖਾ ਦੇਹਿ ਧਾਰਨ ਕਰਦਾ ਹੈ | ਬੱਚਾ ਪੈਦਾ ਹੁੰਦਾ ਹੈ ਮਾਂ ਬੱਚੇ ਨੂੰ ਛਾਤੀ ਨਾਲ ਲਗਾਉਂਦੀ ਹੈ ਪਰ ਦੁਧ ਚੁੰਗਣਾ ਉਸ ਨੂੰ ਆਪੇ ਹੀ ਆਉਂਦਾ ਹੈ | ਬੁਧ ਪ੍ਰਗਾਸ ਕਰਦੀ - ਕਰਦੀ ਹੀ ਬਿਬੇਕ ਬੁਧ ਬਣ ਜਾਂਦੀ ਹੈ |
ਮਮ ਪ੍ਰਤਿਪਾਰਣ ਜੈ ਤੇਗੰ : ਮੇਰੀ ਵੀ ਪ੍ਰਿਤ੍ਪਾਲਣਾ ਕਰਨ ਵਾਲੀ ਗਿਆਨ ਖੜਗ ਤੇਰੀ ਜੈ ਹੋਵੇ |
ਗੁਰਬਾਣੀ ਦੀ ਰੋਸ਼ਨੀ ਵਿੱਚ ਅਗਰ ਅਸੀਂ ਸ੍ਰੀ ਦਸਮ ਗ੍ਰੰਥ ਸਾਹਿਬ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਹਿਬ ਕਿਰਪਾ ਕਰਨਗੇ | ਇਹ ਉਪਰਾਲਾ ਸਿਰਫ ਉਹਨਾ ਵੀਰਾਂ ਲਈ ਹੈ ਜੋ ਗੁਰੂ ਆਸ਼ੇ ਅਨੁਸਾਰ ਸ੍ਰੀ ਦਸਮ ਗ੍ਰੰਥ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ | ਬਾਕੀ ਪੰਡਿਤ ਦੇ ਚੇਲਿਆਂ ਵਾਸਤੇ ਇਸ ਨੂੰ ਸਮਝ ਪਾਉਣਾ ਬਹੁਤ ਹੀ ਮੁਸ਼ਕਿਲ ਹੋਵੇਗਾ | ਜਿੰਨਾ ਲੋਕਾਂ ਦੇ ਦਿਮਾਗ ਦੇ ਚਾਰੋ ਪਾਸੇ ਬ੍ਰਾਹਮਣੀ ਸੋਚ ਦਾ ਪਹਿਰਾ ਹੋਵੇ ਉਹਨਾ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਸ੍ਰੀ ਦਸਮ ਗ੍ਰੰਥ ਸਾਹਿਬ ਨੂੰ ਸਮਝਣ ਵਿੱਚ ਮੁਸ਼ਕਿਲ ਹੋਵੇਗੀ | ਚਲਦਾ .....................................|
..............
ਗੁਰਪ੍ਰੀਤ ਸਿੰਘ
ਕੈਲੀਫੋਰਨੀਆ