Saturday, 13 August 2011

ਦਸਮ ਗ੍ਰੰਥ ਦੀ ਦੁਰਗਾ, ਚੰਡੀ ਅਤੇ ਭਗੌਤੀ-ਗੁਰਜੀਤ ਸਿੰਘ ਆਸਟ੍ਰੇਲੀਆ


ਦਸਮ ਗ੍ਰੰਥ ਦੀ ਦੁਰਗਾ, ਚੰਡੀ ਅਤੇ ਭਗੌਤੀ

ਵਰਤਮਾਨ ਸਮੇਂ ਅੰਦਰ ਦਸਮ ਗਰੰਥ ਦੀ ਪ੍ਰਮਾਣਿਕਤਾ ਨੂੰ ਲੈ ਕੇ ਪੰਥ ਵਿਚ ਕੁੱਝ ਵਿਦਵਾਨਾਂ ਨੇ ਇਹ ਵਿਵਾਦ ਛੇੜਿਆ ਹੋਇਆ ਹੈ ਕਿ ਦਸਮ ਗ੍ਰੰਥ, ਦਸਮ ਪਾਤਸ਼ਾਹ ਦੀ ਕ੍ਰਿਤ ਨਹੀਂ। ਖਾਲਸਾ ਨਿਊਜ਼ ਨਾਮ ਦੀ ਵੈਬ ਸਾਇਟ ਤੇ ਤਾਂ ਦਸਮ ਗ੍ਰੰਥ ਨੂੰ ਦਸਮ ਪਾਤਸ਼ਾਹ ਦੀ ਕ੍ਰਿਤ ਸਾਬਿਤ ਕਰਨ ਵਾਲਿਆਂ ਲਈ ਪੰਜ ਕਰੋੜ ਦਾ ਇਨਾਮ ਦੇਣ ਦਾ ਇਸ਼ਤਿਹਾਰ ਵੀ ਲਗਿਆ ਹੋਇਆ ਹੈ ਅਤੇ ਦਸਮ ਗ੍ਰੰਥ ਦਾ ਲਿਖਾਰੀ ਕੌਣ ਨਾਮ ਦੀ ਪੁਸਤਕ ਵੀ ਲਿਖ ਮਾਰੀ ਹੈ। ਆਮ ਪਾਠਕ ਜੋ ਕਿ ਗੁਰਬਾਣੀ ਦਾ ਚੁੰਚ ਮਾਤਰ ਹੀ ਗਿਆਨ ਰੱਖਦੇ ਹਨ, ਨੂੰ ਇਹ ਪੁਸਤਕ ਭੰਬਲ ਭੂਸੇ ਵਿਚ ਪਾ ਸਕਦੀ ਹੈ।

ਇਸ ਗੱਲ ਨੂੰ ਮੁੱਖ ਰੱਖਦੇ ਹੋਏ, ਗੁਰਸਿੱਖ ਸਜਣਾਂ ਨੂੰ ਚੇਤਨ ਕਰਨ ਦਾ ਇਹ ਨਿਮਾਣਾ ਜਿਹਾ ਯਤਨ ਹੈ ਕਿ ਦਸਮ ਗ੍ਰੰਥ ਦੇ ਫਲਸਫੇ ਦਾ ਅਧਾਰ ਸ੍ਰੀ ਆਦਿ ਗ੍ਰੰਥ ਹੀ ਹੈ, ਜੋ ਕਿ ਡੂੰਘੀ ਖੋਜ਼ ਦਾ
ਵਿਸ਼ਾ ਹੈ। ਸ਼ੁਸਕ ਬਿਰਤੀ ਵਾਲੇ ਅਲਪੱਗ ਅਗਿਆਨੀ ਇਸ ਬੁਝਾਰਤ ਨੂੰ ਨਹੀਂ ਬੁਝ ਸਕਦੇ। ਇਸ ਗੱਲ ਵਿੱਚ ਕੋਈ ਸ਼ੰਕਾ ਨਹੀਂ ਕਿ ਜੋ ਵਿਦਵਾਨ ਇਸ ਗੱਲ ਤੇ ਤੁਲੇ ਹੋਏ ਹਨ ਕਿ ਇਹ ਦਸਮ ਪਾਤਸ਼ਾਹ ਦੀ ਕ੍ਰਿਤ
ਨਹੀਂ ਉਹ ਖਰੜ ਗਿਆਨੀ ਹਨ ਪਰ ਜੋ ਸਜਣ ਇਸ ਗੱਲ ਦੀ ਪ੍ਰੌੜਤਾ ਕਰਦੇ ਹਨ ਕਿ ਇਹ ਦਸਮ ਪਾਤਸ਼ਾਹ ਦੀ ਹੀ ਕ੍ਰਿਤ ਹੈ, ਉਨ੍ਹਾਂ ਵਿੱਚ ਜਿਆਦਾਤਰ ਸਮਝ ਜਾਂ ਵਿਚਾਰਧਾਰਾ ਤੋਂ ਸੱਖਣੇ ਹਨ ਅਤੇ ਸ੍ਰੀ ਆਦਿ ਗਰੰਥ ਅੰਦਰ ਮੌਜੂਦ ਬ੍ਰਹਮ ਗਿਆਨ ਦੇ ਅਧਾਰ ਤੇ ਇਸ ਹਕੀਕਤ ਨੂੰ ਸਿੱਧ ਕਰਣ ਵਿਚ ਅਸਮਰਥ ਹਨ। ਦਾਸ, ਸਤਗੁਰ ਅਨੁਸਾਰ ਬਖਸ਼ੀ ਅਲਪ ਬੁਧੀ ਅਨੁਸਾਰ ਇਸ ਵਿਸ਼ੇ ਤੇ ਇਹ ਨਿਮਾਣਾ ਜਿਹਾ ਯਤਨ ਕਰ ਰਿਹਾ ਹੈ।


5 ਕਰੋੜ ਰੁਪਏ ਦਾ ਇਨਾਮ
ਜੇ ਅਖੌਤੀ ਦਸਮ ਗ੍ਰੰਥਹ ਦੇ ਮਾਇਤੀ ਇਸ ਗ੍ਰੰਥ ਨੂੰ, ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਸਾਬਿਤ ਕਰ ਦੇਣ, ਤਾਂ ਸ੍ਰ. ਜਸਬਿੰਦਰ ਸਿੰਘ ਦੁਬਈ ਵਲੋਂ 5 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ

ਭਾਈ ਜਸਬਿੰਦਰ ਸਿੰਘ ਖਾਲਸਾ, ਮੁਖ ਸੇਵਾਦਾਰ, ਭਾਈ ਲਾਲੋ ਫਾਉਂਡੇਸ਼ਨ-ਡੁਬਈ (ਯੂ. ਏ. ਈ.) ਦੁਆਰਾ ਰਚਿਤ ਪੁਸਤਕ "ਦਸਮ ਗ੍ਰੰਥ ਦਾ ਲਿਖਾਰੀ ਕੌਣ" ਵਿਚ ਦਸਮ ਬਾਣੀ ਬਾਰੇ ਅੰਕਿਤ ਕੁਝ ਅਜਿਹੇ
ਸ਼ੰਕੇ ਦਰਜ਼ ਹਨ: ਦਾਸ ਇਨ੍ਹਾਂ ਨੂੰ ਹੂਬਹੂ ਕਾਪੀ ਪੇਸਟ ਕਰ ਰਿਹਾ ਹੈ।

ਭੂਮਿਕਾ ਦੇ ਪੰਨਾ (੨) ਤੇ ਇਹ ਲਿਖਿਆ ਹੈ:-

"ਜਦ ਅਸੀਂ ਸਿੱਖ ਜਗਤ ਚ ਪ੍ਰਚਾਰੇ ਜਾਂਦੇ ਗ੍ਰੰਥਾਂ ਦੀ ਪੜਚੋਲ ਕਰਦੇ ਹਾਂ ਤਾਂ ਸਾਡਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ । ਕਿਉਂਕਿ ਕੋਈ ਵੀ ਪੁਸਤਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਤੇ ਖ਼ਰੀ ਨਹੀਂ
ਉਤਰਦੀ ਸਗੋਂ ਗੁਰੂ ਸਾਹਿਬਾਨ ਦਾ ਘੋਰ ਅਪਮਾਨ ਕਰਦੀ ਹੈ।"

ਪਹਿਲੇ ਪੰਨੇ ਤੇ: ਦਸਮ ਗ੍ਰੰਥ ਦਾ ਮੁਖ ਲੇਖਕ ਕਵੀ ਰਾਮ ਅਪਣੇ ਇਸ਼ਟ ਸ੍ਰੀ ਭਗਉਤੀ ਦੀ ਦਿਲ ਖੋਲ੍ਹ ਕੇ ਉਸਤਤ ਕਰਦਾ ਹੈ । ਉਹ ਕਹਿੰਦਾ ਹੈ ਕਿ ਹੇ ਭਗਉਤੀ ਮੇਰੇ ਲਈ ਤੂੰਹੀ ਖੜਗਧਾਰੀ ਅਤੇ ਬਾਢਵਾਰੀ ਹੈ। ਮੈਂ ਤੈਨੂੰ ਹੀ ਤੀਰ-ਤਲਵਾਰ ਤੇ ਕਾਤੀ-ਕਟਾਰੀ ਮੰਨਦਾ ਹਾਂ । ਤੇਰਾ ਡਰਾਉਣਾ ਰੂਪ ਅਤੇ ਅੰਤਾਂ ਦੀ ਸੁੰਦਰਤਾ ਬਿਆਨੋ ਬਾਹਰ ਹੈ। ਅਪਣੇ ਮੁੱਖ ਤੋਂ ਚਾਰੋਂ ਬੇਦ ਤੇਰੇ ਹੀ ਤਾਂ ਉਚਾਰਣ ਕੀਤੇ ਹਨ ।
(ਇਹ ਵੱਖਰੀ ਗੱਲ ਹੈ ਕਿ ਹਿੰਦੂ ਧਰਮ ਵੇਦਾਂ ਦਾ ਰਚਾਇਤਾ ਬ੍ਰਹਮਾ ਨੂੰ ਮੰਨਦਾ ਹੈ ਪਰ ਕਵੀ ਰਾਮ ਸ੍ਰੀ ਭਗਉਤੀ ਨੂੰ) ਪਹਿਲੇ ਪੰਨੇ ਤੇ: ਲੋਕੀਂ ਤੈਨੂੰ ਜਯੰਤੀ ਮੰਗਲਾ-ਕਪਾਲਿਨ ਤੇ ਭੱਦ੍ਰਕਾਲੀ ਭੀ ਕਹਿੰਦੇ ਹਨ ਤੇ
ਦੁਰਗਾ ਅਤੇ ਸਿਵ ਜੀ ਦਾ ਰੂਪ ਭੀ ਤੇਰਾ ਹੀ ਗਿਣਦੇ ਹਨ । ਹੇ ਸ੍ਰੀ ਭਗਉਤੀ ਮੈ ਤੈਨੂੰ ਨਮਸਕਾਰ ਕਰਦਾ ਹਾਂ ।
ਦੁਜੇ ਪੰਨੇ ਤੇ: ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰ ਬਿੰਦ ਤੋਂ ਇਹ ਅਖਵਾਉਣਾ ਕਿ :-

ਤੁਹੀ ਦੇਵ ਤੂੰ ਦੈਤ ਤੈ ਜਛੁ ਉਪਾਏ ॥ ਤੁਹੀ ਤੁਰਕ ਹਿੰਦੂ ਜਗਤ ਮੈ ਬਨਾਏ ॥
ਤੁਹੀ ਪੰਥ ਹ੍ਵੈ ਅਵਤਰੀ ਸ੍ਰਿਸ਼ਟਿ ਮਾਂਹੀ ॥ ਤੁਹੀ ਬਕ੍ਰਤ ਤੇ ਬ੍ਰਹਮ ਬਾਦੋ ਬਕਾਹੀ ॥੩॥

ਚੰਡੀ ਚਰਿਤ੍ਰੇ ਪ੍ਰਥਮ ਧਯਾਇ ॥੧॥ (ਪੰਨਾ ੮੦੯)

ਹਾਸੋ ਹੀਣਾ ਲਗਦਾ ਹੈ । ਸਿੱਖ ਧਰਮ ਕਿਸੇ ਭਗਉਤੀ ਜਾਂ ਦੇਵੀ ਦੇਵਤੇ (ਹਿੰਦੁਆਂ ਵਾਲੇ) ਦੀ ਹੋਂਦ ਨੂੰ ਨਹੀਂ ਮੰਨਦਾ । ਸਿੱਖ ਧਰਮ ਸ੍ਰਿਸਟੀ ਦਾ ਰਚਣਹਾਰ ਇਕ ਅਕਾਲ ਪੁਰਖ ਨੂੰ ਮੰਨਦਾ ਹੈ ਤੇ ਉਸੇ ਨੂੰ ਹੀ ਸਰਬ ਸ਼ਕਤੀਮਾਨ ਕਹਿੰਦਾ ਹੈ। ਜੋ ਮਨੁੱਖ ਜਾਣ ਬੁੱਝ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਦਨਾਮ ਕਰ ਰਹੇ ਹਨ ਉਨ੍ਹਾਂ ਨੂੰ ਗੁਰੂ ਦੇ ਸਿੱਖ ਨਹੀਂ ਕਿਹਾ ਜਾ ਸਕਦਾ ।

ਦਾਸ ਇਹ ਬੇਨਤੀ ਜ਼ਰੂਰ ਕਰੇਗਾ ਕਿ ਗੁਰਮੁਖਾਂ ਵਾਸਤੇ ਗੁਰਬਾਣੀ ਦੇ ਅਰਥਾਂ ਦੀ ਕੁੰਜੀ "ਜਪੁ) ਸਾਹਿਬ ਅੰਦਰ ਪੰਨਾਂ ੮ ਤੇ ਅੰਕਤ ਇਹ ਪੰਕਤੀ "ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ " ਹੀ ਹੋਣੀ ਚਾਹੀਦੀ
ਹੈ। ਕਿਉਂਕਿ ਗੁਰਬਾਣੀ ਦਾ ਉਪਦੇਸ਼ ਚੇਤਨ ਸੱਤਾ "ਮਨ, ਬੁਧੀ, ਚਿੱਤ, ਸੁਰਤ" ਆਦਿ ਨੂੰ ਹੈ ਨਾਂ
ਕਿ ਕਿਸੇ ਜੜ੍ਹ ਵਸਤੂ ਨੂੰ, ਅਰਥਾਂ ਨੂੰ ਨਿਰਾਕਾਰੀ ਪੱਧਰ ਤੇ ਸਮਝਣਾਂ ਜ਼ਰੂਰੀ ਹੈ ਨਹੀਂ ਤਾਂ ਟਪਲੇ
ਲਗਦੇ ਹੀ ਰਹਿਣਗੇ।

ਆਓ ਹੁਣ ਸ੍ਰੀ ਆਦਿ ਗਰੰਥ ਅੰਦਰ ਮੌਜੂਦ ਸ਼ਬਦਾਂ ਦੇ ਅਧਾਰ ਤੇ ਇਨ੍ਹਾਂ ਸ਼ੰਕਿਆਂ ਦਾ ਨਿਵਾਰਨ ਕਰੀਏ:

ਸਭ ਤੋਂ ਪਹਿਲਾਂ ਇਕ ਪੂਰੇ ਸ਼ਬਦ ਦੀ ਵਿਆਖਿਆ ਕਰਾਂਗੇ ਤਾਂ ਕਿ ਗੁਰਮਤ ਦਾ ਫਲਸਫਾ ਸਮਝ ਆ
ਜਾਵੇ ਫਿਰ ਕੁੱਝ ਪੰਕਤੀਆਂ ਦਾ ਆਸਰਾ ਲੈ ਕੇ ਇਸ ਵਿਵਾਦ ਨੂੰ ਸੁਲਝਾਵਾਂਗੇ ।

ਆਸਾ ਰਾਗ ਵਿਚ ਪੰਨਾ ੩੭੦ ਉਤੇ ਪੰਜਵੇ ਪਾਤਸ਼ਾਹ ਦੁਆਰਾ ਇਹ ਸ਼ਬਦ "ਆਸਾ ਮਹਲਾ ੫ ॥"

ਨਿਜ ਭਗਤੀ ਸੀਲਵੰਤੀ ਨਾਰਿ ॥ ਰੂਪਿ ਅਨੂਪ ਪੂਰੀ ਆਚਾਰਿ ॥
ਜਿਤੁ ਗ੍ਰਿਹਿ ਵਸੈ ਸੋ ਗ੍ਰਿਹੁ ਸੋਭਾਵੰਤਾ ॥ ਗੁਰਮੁਖਿ ਪਾਈ ਕਿਨੈ ਵਿਰਲੈ ਜੰਤਾ ॥੧॥
ਸੁਕਰਣੀ ਕਾਮਣਿ ਗੁਰ ਮਿਲਿ ਹਮ ਪਾਈ ॥ ਜਜਿ ਕਾਜਿ ਪਰਥਾਇ ਸੁਹਾਈ ॥੧॥ ਰਹਾਉ ॥
ਜਿਚਰੁ ਵਸੀ ਪਿਤਾ ਕੈ ਸਾਥਿ ॥ ਤਿਚਰੁ ਕੰਤੁ ਬਹੁ ਫਿਰੈ ਉਦਾਸਿ ॥
ਕਰਿ ਸੇਵਾ ਸਤ ਪੁਰਖੁ ਮਨਾਇਆ ॥ ਗੁਰਿ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ ॥੨॥
ਬਤੀਹ ਸੁ ਲਖਣੀ ਸਚੁ ਸੰਤਤਿ ਪੂਤ ॥ ਆਗਿਆਕਾਰੀ ਸੁਘੜ ਸਰੂਪ ॥
ਇਛ ਪੂਰੇ ਮਨ ਕੰਤ ਸੁਆਮੀ ॥ ਸਗਲ ਸੰਤੋਖੀ ਦੇਰ ਜੇਠਾਨੀ ॥੩॥
ਸਭ ਪਰਵਾਰੈ ਮਾਹਿ ਸਰੇਸਟ ॥ ਮਤੀ ਦੇਵੀ ਦੇ ਵਰ ਜੇਸਟ ॥
ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥ ਜਨ ਨਾਨਕ ਸੁਖੇ ਸੁਖਿ ਵਿਹਾਇ ॥੪॥੩॥

ਨਿਜ ਭਗਤੀ ਸੀਲਵੰਤੀ ਨਾਰਿ ॥ਰੂਪਿ ਅਨੂਪ ਪੂਰੀ ਆਚਾਰਿ ॥

ਇਸ ਦੇ ਅਰਥ ਇਹ ਹਨ:-

ਨਿਜ ਭਗਤੀ:- ਜਿਸ ਤੋਂ ਕਿ ਗੁਰਮਤ (ਆਤਮ ਗਿਆਨ) ਦੀ ਉਤਪਤੀ ਹੁੰਦੀ ਹੈ। ਇਹ ਪਹਿਲੀ ਬੁਧੀ (ਮਨਮਤ) ਨੂੰ ਬਦਲ ਕੇ ਮਿੱਠੇ
ਸੁਭਾਵ ਵਾਲੀ ਸੀਲਵੰਤੀ ਨਾਰੀ (ਬਿਬੇਕ ਬੁਧੀ) ਬਣਾ ਦੇਂਦੀ ਹੈ। ਜਿਸ ਦਾ ਕਿ ਰੂਪ ਅਤੇ ਆਚਾਰ ਪੂਰਾ ਅਤੇ ਕਥਨ ਤੋਂ ਬਾਹਰ (ਅਨੂਪ) ਹੋ ਜਾਂਦਾ ਹੈ। ਇਹ ਆਪਣੀ ਕਿਸਮ ਦੀ ਨਿਵੇਕਲੀ ਭਗਤੀ ਹੈ ਅਤੇ ਕਿਸੇ
ਵੀ ਹੋਰ ਭਗਤੀ ਨਾਲੋਂ ਸਰਵਸ੍ਰੇਸ਼ਟ ਹੈ।
ਜਿਤੁ ਗ੍ਰਿਹਿ ਵਸੈ ਸੋ ਗ੍ਰਿਹੁ ਸੋਭਾਵੰਤਾ ॥ ਗੁਰਮੁਖਿ ਪਾਈ ਕਿਨੈ ਵਿਰਲੈ ਜੰਤਾ ॥੧॥


ਭਾਵ ਅਰਥ:- ਜਿਸ ਹਿਰਦੇ (ਗ੍ਰਿਹਿ) ਵਿਚ ਇਹ ਗੁਰਮਤ (ਬਿਬੇਕ ਬੁਧੀ) ਵਸ ਜਾਂਦੀ ਹੈ ਓਹ ਹਿਰਦਾ ਸੋਭਾ ਵਾਲਾ ਬਣ ਜਾਂਦਾ ਹੈ। ਪਰ ਕਿਸੇ ਵਿਰਲੇ ਜੀਵ (ਜੰਤ) ਨੇ ਇਹ ਗੁਰਮਤ (ਭਗਤੀ) ਪ੍ਰਾਪਤ ਕੀਤੀ ਹੈ। ਕਿਉਂਕਿ ਗੁਰ ਕੀ ਮਤ ਹੀ ਭਗਤੀ ਹੈ। ਸੁਖਮਨੀ ਗੁਰਬਾਣੀ ਵਿੱਚ ਇਸ ਵੱਲ ਇਸ਼ਾਰਾ ਹੈ। "ਗੁਰ ਕੀ ਮਤਿ ਤੂੰ ਲੇਹਿ ਇਆਨੇ ॥ ਭਗਤਿ ਬਿਨਾ ਬਹੁ ਡੂਬੇ ਸਿਆਨੇ ॥"
ਸੁਕਰਣੀ ਕਾਮਣਿ ਗੁਰ ਮਿਲਿ ਹਮ ਪਾਈ ॥ ਜਜਿ ਕਾਜਿ ਪਰਥਾਇ ਸੁਹਾਈ ॥੧॥ ਰਹਾਉ ॥


ਭਾਵ ਅਰਥ:- ਇਸ ਰਹਾਉ ਵਾਲੇ ਪਦੇ ਵਿਚ ਪੰਚਮ ਪਾਤਸ਼ਾਹ ਇਸ ਗੱਲ ਦੀ ਪ੍ਰੌੜਤਾ ਕਰਦੇ ਹਨ ਕਿ ਅਸੀਂ (ਹਮ ਪਾਈ) ਇਹ ਗੁਰਮਤ ਪ੍ਰਾਪਤ
ਕੀਤੀ ਹੈ, ਗਿਆਨ (ਗੁਰ) ਨੂੰ ਮਿਲ ਕੇ (ਉਪਦੇਸ਼) ਮੰਨ ਕੇ ਪਾਈ ਹੈ। ਹੁਣ ਇਹ ਬੁਧੀ ਭਾਣੇ ਵਿੱਚ (ਸੁਕਰਣੀ ਕਾਮਣਿ) ਚਲਦੀ ਹੈ ਅਤੇ ਸੰਗਤਾਂ ਨੂੰ ਸ਼ਬਦ ਗੁਰੂ ਦੇ ਲੰਗਰ (ਜਜਿ ਕਾਜਿ) ਵਰਤਾਉਣ ਵਾਸਤੇ
(ਪਰਥਾਇ) ਪਵਿਤ੍ਰ ਰੂਪ ਧਾਰੀ ਬੈਠੀ ਹੈ।
ਜਿਚਰੁ ਵਸੀ ਪਿਤਾ ਕੈ ਸਾਥਿ ॥ ਤਿਚਰੁ ਕੰਤੁ ਬਹੁ ਫਿਰੈ ਉਦਾਸਿ ॥

ਭਾਵ ਅਰਥ:- ਜਦ ਤੱਕ ਇਹ ਮਨਮਤ ਦਾ ਰੂਪ ਧਾਰ ਕੇ ਸਹੁਰੇ ਘਰ ਵਿਖੇ (ਪਿਤਾ ਕੇ ਸਾਥ) ਸੰਸਾਰੀ ਰਸਾਂ ਕਸਾ ਵਿੱਚ ਮਸਤ ਰਹਿੰਦੀ ਹੈ ਅਤੇ ਆਪਣੇ ਮੂਲ (ਕੰਤ) ਦੀ ਆਗਿਆ ਵਿਚ ਨਹੀਂ ਆ ਜਾਂਦੀ ਇਸ ਦਾ ਮੂਲ (ਚਿਤ, ਕੰਤ) ਇਸ ਤੇ ਨਾਂਖੁਸ਼ (ਉਦਾਸਿ) ਰਹਿੰਦਾ ਹੈ।
ਕਰਿ ਸੇਵਾ ਸਤ ਪੁਰਖੁ ਮਨਾਇਆ ॥ ਗੁਰਿ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ ॥੨॥

ਭਾਵ ਅਰਥ:- ਜਦੋਂ ਇਹ ਮਨਮਤ ਤ੍ਰਿਕੁਟੀ ਨੂੰ ਛੱਡ ਕੇ, ਗੁਰਮਤ ਨੂੰ ਸਮਝ ਅਤੇ ਅਪਣਾ ਕੇ ਅਪਣੇ ਚਿਤ (ਸਤ ਪੁਰਖ) ਦੀ ਸੇਵਾ, ਬ੍ਰਹਮ ਗਿਆਨ (ਗੁਰਿ) ਦੇ ਦਾਇਰੇ ਵਿਚ ਰਹ ਕੇ ਕਰਦੀ ਹੈ ਤਾਂ ਹਿਰਦੇ, ਨਿਜ ਘਰ (ਘਰ ਮਹਿ) ਆ ਕੇ ਵਸ ਜਾਂਦੀ ਹੈ ਅਤੇ ਸਰਬ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜਾਂ ਕਹੋ ਸੁਖ ਸਾਗਰ (ਸੱਚ ਖੰਡ) ਵਿਚ ਵਸਦੀ ਹੈ।
ਬਤੀਹ ਸੁ ਲਖਣੀ ਸਚੁ ਸੰਤਤਿ ਪੂਤ ॥ ਆਗਿਆਕਾਰੀ ਸੁਘੜ ਸਰੂਪ ॥

ਭਾਵ ਅਰਥ:- ੩੨ ਕਲਾਂ ਸੰਪੂਰਣ ਹੋਈ ਇਹ ਬਿਬੇਕ ਬੁਧੀ, ਸਚੁ (ਨਾਮ) ਦੀ ਜਨਨੀ ਹੈ। ਇਹ ਸੁਚੱਜੀ ਹੈ, ਪਰਮੇਸ਼ਰ ਦੇ ਭਾਣੇ (ਹੁਕਮ) ਦੀ ਆਗਿਆਕਾਰੀ ਅਤੇ ਸੋਹਣੇ ਸਰੂਪ ਵਾਲੀ ਹੈ।
ਇਛ ਪੂਰੇ ਮਨ ਕੰਤ ਸੁਆਮੀ ॥ ਸਗਲ ਸੰਤੋਖੀ ਦੇਰ ਜੇਠਾਨੀ ॥੩॥

ਭਾਵ ਅਰਥ:- ਇਸ ਗੁਰਮਤ (ਬਿਬੇਕ ਬੁਧੀ) ਨੇ ਮਨ ਦੀ ਇੱਛਾ ਪੂਰੀ ਕਰ ਕੇ, ਇਸ ਨੂੰ ਚਿਤ (ਕੰਤ ਸੁਆਮੀ) ਨਾਲ ਇਕ ਮਿਕ ਕਰ ਕੇ ਆਦਿ ਮਤ (ਜੇਠਾਨੀ,ਪਹਿਲੀ ਮਤਿ) ਮਨਮਤ ਦਾ ਤਿਆਗ ਕਰਵਾ ਕੇ ਨਵੀ ਮਤ (ਦੇਰ-ਆਨੀ) ਗੁਰਮਤ ਨੂੰ ਧਾਰ ਕੇ, ਮਨ ਨੂੰ ਸੰਤੋਖੀ ਬਣਾ ਦਿੱਤਾ।
ਸਭ ਪਰਵਾਰੈ ਮਾਹਿ ਸਰੇਸਟ ॥ ਮਤੀ ਦੇਵੀ ਦੇ ਵਰ ਜੇਸਟ ॥

ਭਾਵ ਅਰਥ:- ਇਹ ਗੁਰਮਤ (ਬਿਬੇਕ ਬੁਧੀ) ਦੁਨੀਆਂ ਦੀਆਂ ਸਾਰੀਆਂ ਮੱਤਾਂ ਦੇ ਪਰਿਵਾਰ ਵਿਚੋ ਸ੍ਰੇਸ਼ਟ ਹੈ। ਇਸ ਗੁਰਮਤ ਦਾ ਨਾਮ "ਮਤੀ ਦੇਵੀ" (ਸਹੀ ਮਤਿ ਜਾਂ ਅਕਲ) ਦੇਣ ਵਾਲੀ ਵੀ ਹੈ ਅਤੇ ਇਹ ਮਤੀ ਦੇਵੀ ਸਭ ਤੋਂ ਉੱਤਮ (ਜੇਸਟ) ਬਖਸ਼ਸ਼ (ਵਰ) ਮੁਕਤੀ ਦੀ ਪ੍ਰਾਪਤੀ ਕਰਵਾਉਂਦੀ ਹੈ।
ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥ ਜਨ ਨਾਨਕ ਸੁਖੇ ਸੁਖਿ ਵਿਹਾਇ ॥੪॥੩॥

ਓਹ ਹਿਰਦਾ (ਗ੍ਰਿਹੁ) ਧੰਨ ਹੈ ਜਿਸ ਹਿਰਦੇ ਵਿੱਖੇ ਇਹ ਗੁਰਮਤ (ਮਤੀ ਦੇਵੀ) ਪ੍ਰਗਟ ਹੋਈ ਹੈ ਅਤੇ ਪੰਜਵੇਂ ਪਾਤਸ਼ਾਹ ਅਪਣੇ ਆਪ ਨੂੰ ਸੇਵਕ (ਜਨ) ਸਦਾ ਕੇ ਇਸ ਸੱਚਾਈ ਦੀ ਪ੍ਰੌੜਤਾ ਕਰਦੇ ਹਨ ਕਿ ਇਸ ਮੱਤ ਨੂੰ ਪ੍ਰਾਪਤ ਕਰਕੇ, ਓਹ ਹਿਰਦੇ ਸਦਾ ਲਈ ਸੁਖ ਅਨੰਦ ਵਿਚ ਰਹਿੰਦੇ ਹਨ।

ਗੁਰਬਾਣੀ ਵਿਆਕਰਣ ਦੇ ਨੇਮ ਅਨੁਸਾਰ ਗੁਰਬਾਣੀ ਲਿਖਤ ਵਿਚ ਗੁਰਮਤਿ (ਗੁਰ ਦੀ ਮਤਿ) ਜਾਂ ਬਿਬੇਕ ਬੁਧੀ ਨੂੰ ਅਨੇਕਾਂ ਥਾਵਾਂ ਤੇ ਇਨ੍ਹਾਂ ਇਸਤਰੀ ਵਾਚਕ ਸ਼ਬਦ ਸੰਗਿਆਵਾਂ ਅੰਦਰ ਵਰਤਿਆ ਹੈ ।
ਜਿਵੇਂ ਕਿ, "ਬਿਬੇਕ ਬੁਧੀ, ਭਗਉਤੀ, ਸਚ ਕੀ ਕਾਤੀ, ਗਿਆਨ ਖੜਗ, ਮਤੀ ਦੇਵੀ, ਮਾ ਜਸੋਦ, ਸੋਹਾਗਣਿ, ਰੂਪਵੰਤਿ, ਸੀਲਵੰਤਿ, ਕੁਲਵੰਤੀ ਅਤੇ ਖੀਵੀ, ਆਦਿ।

ਸਚ ਕੀ ਕਾਤੀ ਸਚੁ ਸਭੁ ਸਾਰੁ ॥ ਘਾੜਤ ਤਿਸ ਕੀ ਅਪਰ ਅਪਾਰ ॥ ਪੰਨਾ ੯੫੬
ਭਾਵ ਅਰਥ:- ਕਿ ਗੁਰਮਤ (ਬਿਬੇਕ ਬੁਧੀ) ਹੀ ਸੱਚ ਦੀ ਕੈਂਚੀ ਹੈ ਅਤੇ ਇਸ ਦੀ ਘਾੜਤ ਬਹੁਤ ਸੁੰਦਰ ਹੈ।

ਸਤਿਗੁਰਿ ਗਿਆਨ ਖੜਗੁ ਹਥਿ ਦੀਨਾ ਜਮਕੰਕਰ ਮਾਰਿ ਬਿਦਾਰੇ ॥ ਪੰਨਾ ੯੫੬
ਭਾਵ ਅਰਥ : ਸਤਗੁਰ ਦੁਆਰਾ ਬਖਸ਼ੀ ਗੁਰਮਤ (ਮਤੀ ਦੇਵੀ) ਹੀ ਗਿਆਨ ਰੂਪੀ ਤਲਵਾਰ ਹੈ। ਇਸ ਗਿਆਨ ਨੂੰ ਬੁਧੀ ਵਿੱਚ ਧਾਰ ਕੇ ਆਤਮਕ ਮੌਤ ਦਾ ਖਤਰਾ ਮੁੱਕ ਗਿਆ ਹੈ। (ਮਨ ਨੀਵਾਂ ਮੱਤ ਉੱਚੀ)

ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥ ਪੰਨਾ ੯੬੬
ਭਾਵ ਅਰਥ:- ਗੁਰਮਤ (ਮਤੀ ਦੇਵੀ) ਆਤਮ ਦੇਵ ਦੀ ਮਤਿ ਹੀ ਜੀਅ ਦੀ ਪ੍ਰਕਿਰਤੀ (ਪਰਾਕੁਇ) ਬਦਲਣ ਵਾਲੀ ਗਿਆਨ ਰੂਪੀ ਤਲਵਾਰ ਹੈ।
ਹਰਿ ਕੇ ਚਰਨ ਹਿਰਦੈ ਬਸਾਵੈ ॥ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥੩॥ ਪੰਨਾ ੯੫੬

ਭਾਵ ਅਰਥ:- ਗੁਰਮਤ (ਮਤੀ ਦੇਵੀ) ਦਾ ਧਾਰਣੀ ਭਗੌਤੀ (ਸਿੱਖ), ਹੁਕਮ (ਭਗਵੰਤ) ਨੂੰ ਪਾ (ਬੁੱਝ) ਲੈਂਦਾ
ਹੈ।

ਨਾਮੁ ਏਕੁ ਅਧਾਰੁ ਭਗਤਾ ਈਤ ਆਗੈ ਟੇਕ ॥ ਕਰਿ ਕ੍ਰਿਪਾ ਗੋਬਿੰਦ ਦੀਆ ਗੁਰ ਗਿਆਨੁ ਬੁਧਿ ਬਿਬੇਕ ॥੧॥ ਪੰਨਾ ੫੦੧
ਭਾਵ ਅਰਥ:- ਭਗਤਾਂ ਦੀ ਟੇਕ, ਨਾਮ ਅਰਥਾਤ ਗੁਰ ਦਾ ਪ੍ਰਚੰਡ ਗਿਆਨ, ਗੁਰਮਤ (ਮਤੀ ਦੇਵੀ) ਹੀ ਹੈ।

ਕਬੀਰ ਮੇਰੀ ਬੁਧਿ ਕਉ ਜਮੁ ਨ ਕਰੈ ਤਿਸਕਾਰ ॥ ਪੰਨਾ ੧੩੭੧

ਭਾਵ ਅਰਥ:- ਗੁਰਮਤ (ਮਤੀ ਦੇਵੀ) ਨੂੰ, ਕੋਈ ਵੀ ਭਰਮ, ਜਾਂ ਅਗਿਆਨਤਾ (ਜਮੁ) ਹੁਣ ਡਰਾ (ਤਿਸਕਾਰ)
ਨਹੀਂ ਸਕਦੀ।

ਸਾਧਸੰਗਿ ਪਾਪਾ ਮਲੁ ਖੋਵੈ ॥ ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥ ਪੰਨਾ ੨੭੪
ਭਾਵ ਅਰਥ:- ਗੁਰਮਤ (ਮਤੀ ਦੇਵੀ) ਦੀ ਸੰਗ ਕਰ ਕੇ ਪਾਪਾਂ ਦੀ ਮੈਲ ਗਵਾ ਲਈ ਹੈ, ਉਸ ਭਗਉਤੀ (ਗੁਰਸਿੱਖ) ਦੀ ਸਮਝ ਸਭ ਤੋਂ ਉਤਮ ਮੱਤ ਹੈ।

ਸ਼ੰਕਾ ਨੰ: ੧ ਕਿਉਂਕਿ ਕੋਈ ਵੀ ਪੁਸਤਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਤੇ ਖ਼ਰੀ ਨਹੀਂ ਉਤਰਦੀ ਸਗੋਂ ਗੁਰੂ ਸਾਹਿਬਾਨ ਦਾ ਘੋਰ ਅਪਮਾਨ ਕਰਦੀ ਹੈ।

ਸ਼ੰਕਾ ਨ: ੨ ਦਸਮ ਗ੍ਰੰਥ ਦਾ ਮੁਖ ਲੇਖਕ ਕਵੀ ਰਾਮ ਅਪਣੇ ਇਸ਼ਟ ਸ੍ਰੀ ਭਗਉਤੀ ਦੀ ਦਿਲ ਖੋਲ੍ਹ ਕੇ
ਉਸਤਤ ਕਰਦਾ ਹੈ
ਆਓ ਇਨ੍ਹਾਂ ਦੋਨਾਂ ਸ਼ੰਕਾਵਾਂ ਨੂੰ ਨਵਿਰਤ ਕਰੀਏ:-
ਇਹ ਗੱਲ ਤਾਂ ਗੁਰਬਾਣੀ ਵਿਚੋਂ ਉਪਰ ਦਿਤੇ ੭ ਮਹਾਂ-ਵਾਕਾਂ ਚੋ ਸਿੱਧ ਹੋ ਹੀ ਗਈ ਹੈ ਕਿ ਗੁਰਮਤ ਨੂੰ ਪ੍ਰਕਰਣ ਦੇ ਅਨੁਸਾਰ ਬੁਧਿ, ਬੁਧੀ, ਬਿਬੇਕ ਬੁਧੀ, ਮਤੀ ਦੇਵੀ ਆਦਿ ਸ਼ਬਦ ਨਾਲ ਵੀ ਦਰਸਾਇਆ ਗਿਆ ਹੈ। ਜੇ ਦਸਮ ਪਾਤਸ਼ਾਹ ਨੇ ਭਗਉਤੀ, ਦੁਰਗਾ, ਚੰਡੀ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਹੈ ਤਾਂ ਭਾਈ ਜਸਬਿੰਦਰ ਸਿੰਘ ਅਤੇ ਸਾਥੀਆਂ ਵਾਸਤੇ ਇਹ ਇਤਰਾਜ਼ ਦਾ ਵਿਸ਼ਾ ਕਿਵੇਂ ਬਣ ਗਿਆ, ਉਨ੍ਹਾਂ ਨੇ ਅਰਥਾਂ ਨੂੰ ਗਹੁ ਨਾਲ ਨਹੀਂ ਖੋਜਿਆ। ਸ਼ਾਇਦ ਕੇਵਲ ਪ੍ਰੋਫ਼: ਸਹਿਬ ਸਿੰਘ ਜੀ ਦੇ ਟੀਕੇ ਜਾਂ ਕਾਹਨ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਦੀ ਓਟ ਲਈ ਹੈ। ਜੋ ਕਿ ਦਸ ਪ੍ਰਤੀਸ਼ਤ ਤੋਂ ਵੱਧ ਨਿਰਾਕਾਰੀ ਅਰਥਾਂ ਦੀ ਸੋਝੀ ਨਹੀਂ ਦੇਂਦੇ। ਮਜਬੂਰੀ ਵਸ ਓਹ ਵੀ ਬੜੀ ਧੁੰਧਲੀ ਜਿਹੀ, ਜਿਥੇ ਹੋਰ ਕੋਈ ਅਰਥ ਦਰੁੱਸਤ ਹੀ ਨਾਂ ਆਉਂਦਾ ਹੋਵੇ। 

ਭਾਈ ਸਾਹਿਬ ਜੀ ਦੀ ਆਪਣੀ ਸਮਝ ਜਾਂ ਖੋਜ਼ ਕਿਤੇ ਵੀ ਨਜ਼ਰ ਨਹੀਂ ਪਈ। ਉਹ ਜੜ੍ਹ ਤੇ ਚੇਤਨ ਦੇ ਫਰਕ ਤੋਂ ਕੋਰੇ ਦਿਸਦੇ ਹਨ।
ਇਸ਼ਟ ਸ੍ਰੀ ਭਗਉਤੀ:-

ਵਾਹਿਗੁਰੂ ਜੀ ਕੀ ਫ਼ਤਹਿ॥ ਸ੍ਰੀ ਭਗੌਤੀ ਜੀ ਸਹਾਇ ॥
ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ੧੦॥
ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈ ਧਿਆਇ ॥

ਇਹ ਮੁਖਵਾਕ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਵਿੱਚ ਦਰਜ਼ ਹਨ। ਇਨ੍ਹਾਂ ਦਾ ਗੁਰਮਤ ਅਨੁਸਾਰ ਅਰਥ ਇਹ ਬਣਿਆ ਕਿ ਦਸਮ ਪਾਤਸ਼ਾਹ ਪ੍ਰਿਥਮ (ਸਭਿ ਤੋਂ ਪਹਿਲਾਂ) ਸ੍ਰੀ ਭਗੌਤੀ, ਗੁਰਮਤ (ਮਤੀ ਦੇਵੀ) ਨੂੰ ਸਮਰਪਿਤ ਹਨ। ਕਿਉਂਕਿ ਇਹ ਭਗੌਤੀ (ਮਤੀ ਦੇਵੀ) ਨੂੰ ਹੀ ਧਿਆਨ ਵਿਚ ਰੱਖ ਕੇ (ਲਈ ਧਿਆਇ) ਗੁਰ ਨਾਨਕ ਸਾਹਿਬ ਨੇ, ਇਸ ਪੰਥ ਦੀ ਸਾਜਨਾ ਕੀਤੀ ਸੀ।

ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ: ਇਹ ਗੁਰਮਤ (ਮਤੀ ਦੇਵੀ) ਹੀ ਗੁਰ ਅੰਗਦ ਅਤੇ ਗੁਰ ਰਾਮਦਾਸ ਜੀ ਅਤੇ ਹੋਰ ਗੁਰਾਂ ਨੂੰ ਸਹਾਈ ਹੋਈ ਹੈ। ਜੋ ਕਿ ਆਦਿ ਗਰੰਥ ਦੇ ਪੰਨਾ ੯੬੬ ਤੇ ਦਰਜ਼ ਮਹਾਂਵਾਕ ਦੇ ਅਨੁਕੂਲ ਹੈ। "ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥" ਅਰਥਾਤ ਗੁਰਮਤ ਦਾ ਅਧਾਰ ਅਤੇ ਜੁਗਤੀ ਨਹੀਂ ਬਦਲੀ ਚਾਹੇ ਸ਼ਰੀਰ ਰੂਪੀ ਚੋਲੇ ਜ਼ਰੂਰ ਬਦਲਦੇ ਗਏ।
ਨਮਸਕਾਰ ਸ੍ਰੀ ਖਡ਼ਗ ਕੋ ਕਰੋਂ ਸੁ ਹਤੁ ਚਤੁ ਲਾਇ ॥ ਇਸ ਹੀ ਪ੍ਰਕਾਰ ਬਚਿਤ੍ਰ ਨਾਟਕ ਦੀ ਸ਼ੁਰੂਆਤ ਵਿਚ ਵੀ ਇਹ ਮੁਖਵਾਕ ਦਰਜ਼ ਹਨ ਜੋ ਕਿ ਭਗੌਤੀ, ਗੁਰਮਤ (ਮਤੀ ਦੇਵੀ) ਨੂੰ ਸਮਰਪਿਤ ਹਨ। ਅਗੇ ਚੱਲ ਕੇ ਇਹ ਗੱਲ ਹੋਰ ਵੀ ਸ਼ਪਸ਼ਟ ਹੋ ਜਾਂਦੀ ਹੈ ਜਦੋਂ ਇਹ ਮੁਖਵਾਕ ਦਰਜ਼ ਕੀਤੇ ਹਨ



ਖਗ ਖੰਡ ਬਿਹੰਡੰ ਖਲਦਲ ਖੰਡੰ ਅਤਿ ਰਣ ਮੰਡੰ ਬਰਬੰਡੰ ॥
ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨੁ ਪ੍ਰਭੰ ॥
ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸਿ ਸਰਣੰ ॥
ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ ॥੨॥
ਬਚਿਤ੍ਰ ਨਾਟਕ ਅ. ੧ - ੨ - ਸ੍ਰੀ ਦਸਮ ਗ੍ਰੰਥ ਸਾਹਿਬ



ਇਹ ਭਗੌਤੀ, ਗੁਰਮਤ (ਮਤੀ ਦੇਵੀ) ਹੀ ਤੇਗੰ (ਗਿਆਨ ਖੜਗ) ਹੈ ਅਤੇ ਦੁਰਮਤ ਦਾ ਨਾਸ਼ (ਕਿਲਬਿਖ ਹਰਣੰ) ਕਰ ਕੇ ਸੰਤ ਜਨਾਂ ਨੂੰ ਸੁਖ ਪ੍ਰਦਾਨ ਕਰਦੀ ਹੈ, ਇਹ ਚੇਤਨ ਸੱਤਾ ਹੈ ਕੋਈ ਲੋਹੇ ਦੀ ਬਣਾਈ ਜੜ੍ਹ
ਵਸਤੂ (ਤਲਵਾਰ) ਨਹੀਂ ਹੈ। ਸਭ ਟੀਕਾਕਾਰਾਂ ਨੇ ਇਸ ਤੇਗੰ (ਗਿਆਨ ਖੜਗ) ਨੂੰ ਜੜ੍ਹ ਵਸਤੂ ਮੰਨ ਲਿਆ ਹੈ ਤੇ ਅਰਥਾਂ ਦੇ ਅਨਰਥ ਕਰ ਕੇ ਰੱਖ ਦਿੱਤੇ ਹਨ।


ਦਾਸ ਇਹ ਆਸ ਰਖੱਦਾ ਹੈ ਕਿ ਹੁਣ ਨਾਂ ਕੇਵਲ ਭਾਈ ਜਸਬਿੰਦਰ ਸਿੰਘ ਜੀ ਬਲਕਿ ਉਨ੍ਹਾਂ ਦੇ ਹੋਰ ਸੰਬਧੀ ਜਿਵੇਂ ਕਿ ਓਹ ਇਸ਼ਾਰਾ ਕਰਦੇ ਹਨ: ਵਿਸ਼ਵ ਸਿੱਖ ਬੁਲੇਟਿਨ ਦੇ ਸੰਪਾਦਿਕ ਸ੍ਰ: ਗੁਰਤੇਜ ਸਿੰਘ
ਜੀ ਸ਼ੇਰਗਿੱਲ ਯੂ.ਐਸ.ਏ., ਸ੍ਰ: ਜੋਗਿੰਦਰ ਸਿੰਘ ਜੀ ਸਪੋਕਸਮੈਨ, ਮਹਿੰਦਰ ਸਿੰਘ ਜੀ ਜੋਸ਼, ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ, ਪ੍ਰਿੰਸੀਪਲ ਹਰਭਜਨ ਸਿੰਘ ਜੀ ਸਿੱਖ ਮਿਸ਼ਨਰੀ ਕਾਲਜ, ਕ੍ਰਿਪਾਲ ਸਿੰਘ ਜੀ
ਚੰਦਨ, ਗਿਆਨੀ ਜਗਮੋਹਣ ਸਿੰਘ ਜੀ, ਗਿਆਨੀ ਸੁਰਜੀਤ ਸਿੰਘ ਜੀ ਦਿੱਲੀ, ਜਸਬੀਰ ਸਿੰਘ ਜੀ ਕੰਧਾਰੀ ਸਾਬਕਾ ਪ੍ਰਿੰਸੀਪਲ ਮਿਸ਼ਨਰੀ ਕਾਲਜ ਚੌਂਤਾ, ਇੰਜ: ਜਗਤਾਰ ਸਿੰਘ ਜੀ, ਸ੍ਰ ਪ੍ਰਭਜੀਤ ਸਿੰਘ ਜੀ ਧਵਨ ਦੁਬਈ, ਸ੍ਰ:
ਸਤਜੀਤ ਸਿੰਘ ਜੀ ਸ਼ਾਰਜਾ, ਸ੍ਰ: ਰਘਬੀਰ ਸਿੰਘ ਜੀ ਅਲੈਨ ਅਤੇ ਹੋਰ ਅਨੇਕਾਂ ਹੀ ਵਿਦਵਾਨ ਅਤੇ ਬੇਅੰਤ ਮਿਸ਼ਨਰੀ ਵਿਦਿਆਰਥੀ ਅਤੇ ਅੰਤ ਵਿਚ ਪੋ: ਦਰਸ਼ਨ ਸਿੰਘ ਜੀ ਉਨ੍ਹਾਂ ਦਾ ਇਸ ਸ਼ੰਕਾ ਪ੍ਰਥਾਏ
ਰਵੱਈਆ ਬਦਲ ਜਾਵੇਗਾ। ਉਨ੍ਹਾਂ ਦਾ ਇਹ ਲਿਖਣਾ ਕਿ ਸਾਡਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ, ਕਿਉਂਕਿ ਕੋਈ ਵੀ ਪੁਸਤਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ਤੇ ਖ਼ਰੀ ਨਹੀਂ ਉਤਰਦੀ ਸਗੋਂ ਗੁਰੂ
ਸਾਹਿਬਾਨ ਦਾ ਘੋਰ ਅਪਮਾਨ ਕਰਦੀ ਹੈ।" ਹੁਣ ਓਹ ਇਸ ਗਰੰਥ ਨੂੰ ਆਦਿ ਗ੍ਰੰਥ ਜੀ ਵਾਲਾ ਹੀ ਸਤਿਕਾਰ ਦੇਣਗੇ ਇਨ੍ਹਾਂ ਦਾ ਸਿਰ ਦਸਮ ਪਾਤਸ਼ਾਹ ਦੇ ਪ੍ਰਤੀ ਪ੍ਰੇਮ ਵਿਚ ਝੁਕੇਗਾ ਅਤੇ ਆਪਣੀ ਅਧੂਰੀ ਖੋਜ਼ ਦੇ ਪ੍ਰਤੀ ਸ਼ਰਮਸਾਰ ਰਹਿਣਗੇ।


ਇਨ੍ਹਾਂ ਦਾ ਲਾਲ ਸਿਆਹੀ ਵਿਚ ਵੇਦਾਂ ਬਾਰੇ ਦਰਜ਼ ਇਹ ਸ਼ੰਕਾ (ਕਿ ਹਿੰਦੂ ਧਰਮ ਵੇਦਾਂ ਦਾ ਰਚਾਇਤਾ ਬ੍ਰਹਮਾ ਨੂੰ ਮੰਨਦਾ ਹੈ ਪਰ ਦਸਮ ਗ੍ਰੰਥ ਦਾ ਰਚੈਤਾ ਸ੍ਰੀ ਭਗਉਤੀ ਨੂੰ) ਵੀ ਨਿਵਰਤ ਹੋ ਜਾਏਗਾ ਹੁਣ ਇਸ ਗੱਲ ਦੀ ਵੀ ਪੂਰੀ ਸਮਝ ਪੈ ਜਾਏਗੀ ਕਿ ਗੁਰਬਾਣੀ ਵੇਦਾਂ ਦੇ ਬਾਰੇ ਵੀ ਇਹ ਹੀ ਦੱਸਦੀ ਹੈ "ਹਰਿ ਸਿਮਰਨਿ ਲਗਿ ਬੇਦ ਉਪਾਏ ॥" ਪੰਨਾ ੨੬੩

ਜਿਸ ਦਾ ਕਿ ਸਮੁਚਾ ਭਾਵ ਇਹ ਹੋਇਆ ਕਿ ਇਹ ਭਗੌਤੀ, ਗੁਰਮਤ, ਮਤੀ ਦੇਵੀ, ਬਿਬੇਕ ਬੁਧੀ ਨੇ ਹੀ ਹਰ ਸਿਮਰਨ ਵਿਚ ਲੱਗ ਕੇ ਇਹ ਬੇਦ ਲਿਖਾਏ ਸਨ। ਬੇਦ ਜਾਂ ਧਾਰਮਿਕ ਗ੍ਰੰਥਾਂ ਵਿਚ ਜੋ ਗਿਆਨ ਦਰਜ਼ ਕੀਤਾ
ਹੁੰਦਾ ਹੈ ਓਹ ਤਾਂ ਜੜ੍ਹ ਵਸਤੂ ਹੈ ਪਰ ਇਹ ਬਿਬੇਕ ਬੁਧੀ (ਚੇਤਨ ਸੱਤਾ) ਤੋ ਉਪਜਿਆ ਹੁੰਦਾ ਹੈ । ਜਾਣੇ ਅਨਜਾਣੇ ਇਹ ਲਿਖ ਕੇ ਇਨ੍ਹਾਂ ਨੇ ਇਸ ਤੱਥ ਨੂੰ ਆਪ ਹੀ ਪ੍ਰਵਾਣਗੀ ਦੇ ਦਿੱਤੀ ਹੈ ਕਿ ਇਸ ਗ੍ਰੰਥ ਦਾ ਕਰਤਾ ਕੋਈ ਹਿੰਦੂ ਤਾਂ ਨਹੀਂ ਹੋ ਸਕਦਾ। ਦਾਸ ਅਨੁਸਾਰ ਕੇਵਲ ਗੁਰਮਤ ਦਾ ਤੱਤ ਗਿਆਤਾ, ਪਰਮ ਪੁਰਖ ਕਾ ਦਾਸਾ ਹੀ ਹੋ ਸਕਦਾ ਹੈ ਜੋ ਕਿ ਦਸਮ ਪਾਤਸ਼ਾਹ ਜੀ ਆਪ ਹੀ ਹਨ।


ਭਗਉਤੀ ਸੰਬਧੀ ਮਹਾਂ ਅਗਿਆਨ ਭਰਿਆ ਭੁਲੇਖਾ (ਭਾਈ ਸਾਹਿਬ ਰਣਧੀਰ ਸਿੰਘ ਜੀ (੧੮੭੮-੧੯੬੧) ਲਹਭਗ ੫੦ ਸਾਲ ਪਹਿਲਾਂ ਭਾਈ ਸਾਹਿਬ ਰਣਧੀਰ ਸਿੰਘ ਜੀ ਦੁਆਰਾ ਰਚਿਤ ਪੁਸਤਕ "ਗੁਰਮਤਿ ਪ੍ਰਕਾਸ਼" ਅਤੇ
੧੯੭੮ ਵਿਚ ਛਪੀ "ਗੁਰਮਤਿ ਲੇਖ" ਨਾਮਕ ਪੁਸਤਕ ਵਿਚ ਇਹ ਲੇਖ ਦਰਜ਼ ਹੈ। ਇਨ੍ਹਾਂ ਦਾ ਇਹ ਮੰਨਣਾ ਹੈ "ਕਿ ਭਗਉਤੀ ਦੇ ਅਰਥ ਦੇਵੀ (ਮੂਰਤੀ) ਦੇ ਕਰਨੇ ਨਿਰੇ ਮਨਮਤੀ ਅਗਿਆਨੀ ਪੁਰਸ਼ਾਂ ਦਾ ਕੰਮ ਹੈ। "ਲਈ ਭਗਉਤੀ
ਦੁਰਗਸ਼ਾਹ" ਕ੍ਰਿਸ਼ਨਾ ਅਵਤਾਰ, ਦੇ ਅਰਥ ਹਰਗਿਜ਼ ਇਹ ਨਹੀਂ ਹੋ ਸਕਦੇ ਕਿ ਦੁਰਗਾ ਰੂਪੀ ਦੇਵੀ ਨੇ ਹੱਥ ਵਿਚ ਦੇਵੀ ਫੜੀ ਹੋਵੇ, ਤਾਂਤੇ ਇਹ ਸਿੱਧ ਹੋਇਆ ਕਿ ਸੀ੍ਰ ਦਸ਼ਮੇਸ਼ ਜੀ ਨੇ ਕਿਤੇ ਵੀ ਭਗਉਤੀ ਦੇ ਅਰਥ
ਦੇਵੀ ਦੇ ਨਹੀਂ ਕੀਤੇ। ਭਗੌਤੀ ਪਦ ਤੋਂ ਭਾਵ ਸਾਫ ਨਾਮ ਰੂਪੀ ਖੰਡੇ ਦਾ ਹੈ।"
ਇਸ ਲੇਖ ਤੋਂ ਇਹ ਤਾਂ ਸਿੱਧ ਹੁੰਦਾ ਹੈ ਕਿ ਭਾਈ ਸ਼ਾਹਿਬ ਜੀ ਦਾ ਇਹ ਦ੍ਰੜ ਵਿਸ਼ਵਾਸ ਸੀ ਕਿ ਦਸਮ ਪਾਤਸ਼ਾਹ ਕਿਸੇ ਦੇਵੀ ਦੇ ਪੁਜਾਰੀ ਨਹੀਂ ਹੋ ਸਕਦੇ। ਚਾਹੇ ਭਗਉਤੀ ਸ਼ਬਦ ਦੇ ਅਰਥ ਉਨ੍ਹਾਂ ਤੋਂ ਪੂਰਣ ਤੌਰ ਤੇ ਨਹੀਂ ਹੋ ਸਕੇ। ਪਰ ਭਾਈ ਜਸਬਿੰਦਰ ਸਿੰਘ ਅਤੇ ਸਾਥੀਆਂ ਨੇ ਤਾਂ ਬੁਧੀ ਤੇ ਉਕਾ ਹੀ ਜ਼ੋਰ ਨਹੀਂ ਪਾਇਆ ਅਤੇ ਟਕਰਾਵ ਵਾਲਾ ਰਸਤਾ ਅਪਣਾਂ ਲਇਆ, ਜੋ ਪੰਥਕ ਏਕਤਾ ਵਿਚ ਬਹੁਤ ਵੱਢੀ ਰੁਕਾਵਟ ਬਣ ਸਕਦਾ ਹੈ।


ਜਾਪ ਸਾਹਿਬ ਅਤੇ ਵਾਹਿਗੁਰੂ ਸਿਮਰਨ:- ਦਸਮ ਪਾਤਸ਼ਾਹ ਜੀ ਦੀ ਇਕ ਆਲੌਕਿਕ ਰਚਨਾਂ "ਜਾਪ ਸਹਿਬ" ਵੀ ਦਸਮ ਗ੍ਰੰਥ ਅੰਦਰ ਦਰਜ਼ ਹੈ,ਜਿਹੜੀ ਪਾਹੁਲ ਤਿਆਰ ਕਰਣ ਲਗੇ ਪੜੀ ਜਾਂਦੀ ਹੈ। ਉਥੇ ਇਹ ਨਿਤਨੇਮ
ਦੀਆਂ ਬਾਣੀਆਂ ਵਿਚ ਵੀ ਸ਼ਾਮਿਲ ਹੈ। ਇਸ ਬਾਣੀ ਵਿਚ ਅਨੇਕਾਂ ਛੰਦਾਂ ਵਿਚ ਇਹ ਇਸ਼ਾਰੇ ਹਨ ਕਿ ਪਰਮੇਸ਼ਰ ਦਾ ਕੋਈ ਨਾਮ ਨਹੀਂ।

ਨਮਸਤੰ ਅਗੰਜੇ ॥ ਨਮਸਤੰ ਅਭੰਜੇ ॥ ਨਮਸਤੰ ਅਨਾਮੇ ॥ ਨਮਸਤੰ ਅਠਾਮੇ ॥ ੪ ॥
ਨਮਸਤੰ ਨ੍ਰਿਨਾਮੇ ॥ ਨਮਸਤੰ ਨ੍ਰਿਕਾਮੇ ॥ ਨਮਸਤੰ ਨ੍ਰਿਧਾਤੇ ॥ ਨਮਸਤੰ ਨ੍ਰਿਘਾਤੇ ॥ ੧੧ ॥
ਹਰੀਅੰ ॥ ਕਰੀਅੰ ॥ ਨ੍ਰਿਨਾਮੇ ॥ ਅਕਾਮੇ ॥ ੯੫ ॥

ਇਸ ਹੀ ਪ੍ਰਕਾਰ ਆਦਿ ਬਾਣੀ ਵਿਚ ਵੀ ਇਸ ਗੱਲ ਵੱਲ ਇਸ਼ਾਰਾ ਹੈ

ਕਿਰਤਮ ਨਾਮ ਕਥੇ ਤੇਰੇ ਜਿਹਬਾ ॥ ਸਤਿ ਨਾਮੁ ਤੇਰਾ ਪਰਾ ਪੂਰਬਲਾ ॥ ਪੰਨਾ ੧੦੮੨

ਭਾਵ ਅਰਥ : ਗੁਰਮੁਖ ਕੇਵਲ ਸਤਿਨਾਮ (ਜੋਤ ਸਰੂਪੀ ਸੱਤ) ਨੂੰ ਹੀ ਤੇਰਾ ਪੁਰਬਲਾ (ਆਦਿ) ਨਾਮ ਮੰਨਦੇ ਹਨ।
ਅਸੀ ਕਿਸੇ ਅਗਿਆਨਤਾ ਵਸ ਹੀ ਇਸ ਵਾਹਿਗੁਰੂ ਸ਼ਬਦ ਨੂੰ ਨਾਮ ਜਾਣ ਕੇ ਇਸ ਦਾ ਰਟਨ ਨਾਂ ਕਰੀ ਜਾਂਦੇ ਹੋਈਏ । ਵਾਹਿਗੁਰੂ ਸਬਦ ਨੂੰ ਗੁਰਬਾਣੀ ਵਿੱਚ ਨਾਲ ਨਹੀ ਕਿਹਾ ਗਿਆ ਸਗੋ ਰਾਮ (ਸਰਬ ਵਿਆਪਕ) ਦੇ ਨਾਮ ਬਰਾਬਰ ਕੋਈ ਵੀ ਨਹੀ, ਇਹ ਕਿਹਾ ਗਿਆ ਹੈ ।


ਇਸ ਤੋਂ ਇਹ ਗੱਲ ਤਾ ਸਿੱਧ ਹੋ ਜਾਂਦੀ ਹੈ ਕਿ ਪਿਛਲੇ ਪੰਜਾਹ ਕੁ ਸਾਲਾਂ ਵਿਚ ਗੁਰਮਤ ਦੀ ਖੋਜ਼ ਪ੍ਰਤੀ ਕੋਈ ਬਹੁਤਾ ਸ਼ਲਾਗਾਯੋਗ ਕੰਮ ਨਹੀਂ ਹੋਇਆ। ਸਾਡੇ ਸ਼ੰਕੇ ਜਿਉਂ ਦੇ ਤਿਉਂ ਹੀ ਚੱਲੇ ਆ ਰਹੇ ਹਨ। ਸ਼ਤਾਬਦੀਆਂ, ਕੀਰਤਨ ਦਰਬਾਰ, ਅਖੰਡ ਕੀਰਤਨੀ ਸਮਾਗਮ, ਅਮ੍ਰਿੰਤ ਸੰਚਾਰ, ਅਖੰਡ ਪਾਠਾਂ ਦੀਆਂ ਲੜੀਆਂ, ਧਾਰਮਿਕ ਚਰਚਾ, ਵਿਚਾਰ ਗੋਸ਼ਟੀਆਂ, ਹਰਮੰਦਰ ਸਾਹਿਬ ਤੋ ਸੋਨੇ ਦੀ ਸਫਾਈ, ਅਣਗਿਣਤ ਗੁਰਦੁਆਰਿਆਂ ਦੀ ਉਸਾਰੀ, ਲੰਗਰ ਆਦਿ ਧਾਰਮਿਕ ਕ੍ਰਿਆਵਾਂ ਤਾਂ ਦੇਖਣ ਸੁਨਣ ਨੂੰ ਜ਼ਰੂਰ ਹੋਈਆਂ ਹਨ ਪਰ ਗੁਰਬਾਣੀ ਦੇ ਅਰਥ ਬੋਧ ਜਾਂ ਫਲਸਫੇ ਨੂੰ ਸਮਝਣ ਤੋਂ ਅਜੇ ਤਾਂਈ ਅਸੀ ਕੋਰੇ ਹੀ ਹਾਂ। ਪੜ੍ਹ ਲਿੱਖ ਕੇ ਸਿੱਖ ਪਰਿਵਾਰਾਂ ਵਿਚੋਂ ਬਹੁਤ ਉੱਚੇ ਅਹੁਦੇ ਤੇ ਤਾਂ ਜ਼ਰੂਰ ਚਲੇ ਗਏ ਹਨ ਪਰ ਇਕ ਵੀ ਗੁਰਮੁਖ ਅਸੀਂ ਨਹੀਂ ਵੇਖਿਆ ਜੋ ਇਨ੍ਹਾਂ ਸਵਾਲਾਂ ਦਾ ਢੁਕਵਾਂ ਜਵਾਬ ਦੇ ਸਕੇ।


ਭੁੱਲ ਚੁੱਕ ਮੁਆਫ
ਗੁਰਜੀਤ ਸਿੰਘ ਆਸਟ੍ਰੇਲੀਆ