ਜਾਪੁ ਸਾਹਿਬ
ਪ੍ਰੋ. ਸਾਹਿਬ ਸਿੰਘ (ਡੀ.ਲਿਟ)
ਪ੍ਰੋ. ਸਾਹਿਬ ਸਿੰਘ ਜੀ (ਡੀ. ਲਿਟ) ਦੀ ਲਿਖੀ ਹੋਈ ਪੁਸਤਕ ‘ਜਾਪੁ ਸਾਹਿਬ ਸਟੀਕ’ ਦਾ ਮੁਖ-ਬੰਧ
‘ਜਾਪੁ’ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ‘ਬਾਣੀ’ ਹੈ। ਰਹਿਤਨਾਮਿਆਂ ਵਿਚ ਸਤਿਗੁਰੂ ਜੀ ਵਲੋਂ ਹੈ ਕਿ ਹਰੇਕ ਸਿੱਖ ਹਰ ਰੋਜ਼ ਸਵੇਰੇ ਘੱਟ ਤੋਂ ਘੱਟ ‘ਜਪੁ’ ਅਤੇ ‘ਜਾਪੁ’ ਸਾਹਿਬ ਦਾ ਪਾਠ ਜ਼ਰੂਰ ਕਰੇ। ‘ਅੰਮ੍ਰਿਤ’ ਤਿਆਰ ਕਰਨ ਵੇਲੇ ਭੀ ਇਹ ਬਾਣੀ ਪੜ੍ਹੀ ਜਾਂਦੀ ਹੈ।
ਪਰ ਆਮ ਵੇਖਣ ਵਿਚ ਆਉਂਦਾ ਹੈ ਕਿ ਜਿਤਨੀ ਲੋੜ ਇਸ ‘ਬਾਣੀ’ ਦੀ ਸਿੱਖ ਆਤਮਿਕ ਜੀਵਨ ਵਿਚ ਦੱਸੀ ਗਈ ਹੈ; ਉਤਨਾ ਧਿਆਨ ਇਸ ਵੱਲ ਨਹੀਂ ਦਿੱਤਾ ਜਾ ਰਿਹਾ। ਇਸਦਾ ਕਾਰਨ ਇਹ ਜਾਪਦਾ ਹੈ ਕਿ ਇਸ ਵਿਚ ਸੰਸਕ੍ਰਿਤ, ਅਰਬੀ ਤੇ ਫਾਰਸੀ ਦੇ ਬਹੁਤ ਜ਼ਿਆਦਾ ਲਫਜ਼ ਹਨ, ਜਿੰਨ੍ਹਾਂ ਕਰਕੇ ਇਹ ਬਹੁਤ ਔਖੀ ਲੱਗਦੀ ਹੈ। ਇਸ ਔਖਿਆਈ ਨੂੰ ਦੂਰ ਕਰਨ ਲਈ ਕੁੱਝ ਟੀਕੇ ਜਾ ਚੁੱਕੇ ਹਨ, ਪਰ ਖੋਜ ਕੇ ਪੜ੍ਹਨ ਵਾਲੇ ਵਿਦਿਆਰਥੀ ਦੇ ਦ੍ਰਿਸ਼ਟੀ-ਕੋਣ ਤੋਂ ਉਹ ਤਸੱਲੀ ਬਖਸ਼ ਸਾਬਤ ਨਹੀਂ ਹੋਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ‘ਬਾਣੀ’ ਵਿਚੋਂ ਭਾਵੇਂ ਮੈਂ ਇਹ ਪਹਿਲਾ ਟੀਕਾ ਪੇਸ਼ ਕਰ ਰਿਹਾ ਹਾਂ, ਪਰ ਉਨ੍ਹਾਂ ਹੀ ਲੀਹਾਂ ਤੇ ਕੀਤਾ ਗਿਆ ਹੈ ਜੋ ਜਪੁ ਜੀ, ਭੱਟਾਂ ਦੇ ਸਵੈਯੇ, ਆਸਾ ਦੀ ਵਾਰ, ਸੁਖਮਨੀ ਤੇ ਰਾਮਕਲੀ ਸੱਦੁ ਦੇ ਟੀਕੇ ਕਰਨ ਵਿਚ ਵਰਤੀਆਂ ਗਈਆਂ ਹਨ। ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਹੈ ਕਿ ‘ਬੋਲੀ’ ਦੇ ਦ੍ਰਿਸ਼ਟੀ-ਕੋਣ ਤੋਂ ਵਿਦਿਆਰਥੀ ਹਰੇਕ ਮੁਸ਼ਕਲ ਲਫਜ਼ ਤੇ ਉਸ ਵਿਚ ਦੱਸੇ ਭਾਵ ਨੂੰ ਠੀਕ ਤਰ੍ਹਾਂ ਸਮਝ ਸਕੇ।
‘ਜਾਪੁ’ ਸਾਹਿਬ ਵਿਚ ਕਈ ਲਫਜ਼ ਮੁੜ ਮੁੜ ਕਈ ਵਾਰ ਆਉਂਦੇ ਹਨ, ਇਸ ਵਾਸਤੇ ਇਸਨੂੰ ਜ਼ੁਬਾਨੀ ਯਾਦ ਕਰਨਾਂ ਕਾਫੀ ਔਖਾ ਹੋ ਜਾਂਦਾ ਹੈ। ਜ਼ੁਬਾਨੀ ਯਾਦ ਹੋਣ ਤੇ ਭੀ ਜੇ ਇਸਦਾ ਪਾਠ ਕਰਨ ਵੇਲੇ ਸੁਰਤ ਹੋਰ ਪਾਸੇ ਖਿੰਡ ਜਾਏ ਤਾ ਪਾਠ ਘੱਟ ਹੀ ਸਿਰੇ ਚੜ੍ਹਦਾ ਹੈ, ਕਿਉਂਕਿ ਇਕੋ ਲਫਜ਼ ਦੇ ਕਈ ਵਾਰੀ ਆਉਣ ਕਰਕੇ ਪਾਠ ਅਗਾਂਹ ਪਿਛਾਂਹ ਹੋ ਜਾਂਦਾ ਹੈ। ਸੋ ਸੁਰਤ ਨੂੰ ਇਕ ਥਾਂ ਰੱਖਣ ਵਿਚ ਇਹ ‘ਬਾਣੀ’ ਬਹੁਤ ਸਹਾਇਤਾ ਕਰਦੀ ਹੈ।
ਓਪਰੀ ਨਜ਼ਰੇ ਇਸ ‘ਬਾਣੀ’ ਨੂੰ ਪੜ੍ਹਿਆਂ ਇਉਂ ਜਾਪਦਾ ਹੈ ਕਿ ਜਿਵੇਂ ਇਸ ਵਿਚ ਪ੍ਰਮਾਤਮਾ ਦੇ ਕੇਵਲ ਅੱਡੋ ਅੱਡ ਗੁਣਾਂ ਦਾ ਹੀ ਮੁੜ ਮੁੜ ਜ਼ਿਕਰ ਕੀਤਾ ਹੈ, ਤੇ ਇਸ ‘ਬਾਣੀ’ ਵਿਚ ਖਿਆਲਾਂ ਦੀ ਕੋਈ ਇਕ ਸਾਰ ਮਿਲਵੀਂ ਲੜੀ ਨਹੀਂ ਹੈ। ਪਰ ਮੈਂ ਇਸ ਟੀਕੇ ਵਿਚ ਇਹ ਦੱਸ਼ਿਆ ਹੈ ਕਿ ‘ਜਾਪੁ’ ਸਾਹਿਬ ਦੇ ਸਾਰੇ 22 ਛੰਦਾਂ ਵਿਚ ਇਕ-ਸਾਰ ਤੇ ਮਿਲਵਾਂ ਭਾਵ ਮਿਲਦਾ ਹੈ।
ਹਿੰਦੂ ਲੋਕ ਸੰਸਕ੍ਰਿਤ ਨੂੰ ਦੇਵ-ਬਾਣੀ ਕਹਿ ਰਹੇ ਸਨ। ਮੁਸਲਮਾਨ ਸਿਰਫ ਅਰਬੀ ਆਪਣੇ ਮਜ੍ਹਬ ਵਿਚ ਜਾਇਜ਼ ਤੇ ਸਹੀ ਸਮਝਦੇ ਸਨ। ਇਕ ਮਤ ਦੇ ਬੰਦੇ ਦੂਜੇ ਮਤ ਦੀ ਧਾਰਮਿਕ ਕਿਤਾਬ ਦੀ ‘ਬੋਲੀ’ ਨੂੰ ਆਪਣੇ ਧਾਰਮਿਕ ਤਰੰਗ ਪ੍ਰਗਟ ਕਰਨ ਵਿਚ ਵਰਤਣੋਂ ਨਫਰਤ ਕਰ ਰਹੇ ਸਨ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਜਾਪੁ’ ਸਾਹਿਬ ਵਿਚ ਸੰਸਕ੍ਰਿਤ ਅਰਬੀ ਤੇ ਫਾਰਸੀ ਦੇ ਲਫਜ਼ ਵਰਤ ਕੇ ਤੇ ਸਿੱਖ ਕੌਮ ਨੂੰ ਇਸ ‘ਬਾਣੀ’ ਦਾ ਹਰ ਰੋਜ਼ ਪਾਠ ਕਰਨ ਦਾ ਹੁਕਮ ਦੇ ਕੇ ਹਿੰਦੂ ਤੇ ਮੁਸਲਮਾਨ ਕੌਮ ਦੀ ਸਦੀਆਂ ਦੀ ਤੰਗ-ਦਿਲੀ ਤੇ ਪੱਖ-ਪਾਤ ਨੂੰ ਸਦਾ ਲਈ ਸਿੱਖਾਂ ਦੇ ਦਿਲ ਵਿਚੋਂ ਮਿਟਾ ਦਿੱਤਾ ਹੈ।
ਗੁਰੂ ਨਾਨਕ ਸਾਹਿਬ ਦੇ ਆਉਣ ਸਮੇਂ ਦੇਸ਼ ਵਿਚ ਰਸਮੀ ਤੌਰ ਤੇ ‘ਤਿਆਗੀ’ ਅਖਵਾਉਣ ਵਾਲੇ ਲੋਕਾਂ ਦੇ ਹੁੰਦਿਆਂ ਭੀ ਅਸਲ ਤਿਆਗ, ਖਲਕ ਤੇ ਖਲਕਤ ਨਾਲ ਪਿਆਰ ਬਹੁਤ ਘੱਟ ਵੇਖਣ ਵਿਚ ਆਉਂਦਾ ਸੀ, ਦਇਆ ਤੇ ਸੰਤੋਖ ਵਾਲਾ ਜੀਵਨ ਕਿਤੇ ਕਿਤੇ ਵਿਰਲੇ ਥਾਂ ਸੀ। ਆਮ ਤੌਰ ਤੇ ਕਿਸੇ ਦੇਸ਼ ਦੇ ‘ਲੋਕ ਗੀਤ’ ਉਸਦੇ ਵਾਸੀਆਂ ਦੇ ਜੀਵਨ ਉਤੇ ਬੜਾ ਡੂੰਘਾ ਅਸਰ ਪਾਂਦੇ ਹਨ, ਪਰ ਏਥੇ ਧਾਰਮਿਕ ਜ਼ਾਹਰਦਾਰੀ ਵਧ ਜਾਣ ਕਰਕੇ ਇਹ ਲੋਕ ਗੀਤ ਵੀ ਦਇਆ, ਸੰਤੋਖ, ਪਿਆਰ, ਕੁਰਬਾਨੀ ਆਦਿਕ ਦੇ ੳੇੁਚੇ ਇਨਸਾਨੀ ਵਲਵਲਿਆਂ ਦਾ ਹੁਲਾਰਾ ਦੇਣੋ ਰਹਿ ਚੁੱਕੇ ਸਨ। ਗੁਰੂ ਨਾਨਕ ਦੇਵ ਜੀ ਨੇ ਇੰਨ੍ਹਾਂ ‘ਲੋਕ ਗੀਤਾਂ’ ਵਿਚ ਨਵੀਂ ਜਾਨ ਪਾਈ, ‘ਘੋੜੀਆਂ’, ‘ਛੰਤ’, ‘ਅਲਾਹਣੀਆਂ’, ‘ਸਦੁ’, ‘ਬਾਰਹਮਾਹ’, ‘ਲਾਵਾਂ’, ‘ਵਾਰ’ ਆਦਿਕ ਦੇਸ਼ ਪ੍ਰਚੱਲਤ ‘ਛੰਦ’ ਵਰਤ ਕੇ ਜੀਵਨ ਦੇ ਸਾਰੇ ਮਰ ਚੁੱਕੇ ਪਹਿਲੂਆਂ ਵਿਚ ਫਿਰ ਜ਼ਿੰਦ ਰੁਮਕਾ ਦਿੱਤੀ; ਸੱਚ, ਤਿਆਗ, ਪਿਆਰ, ਦਇਆ ਤੇ ਸੰਤੋਖ ਦੇ ਤਰੰਗ ਆਮ ਜੰਨਤਾ ਦੇ ਜੀਵਨ ਵਿਚ ਸੁੰਦਰਤਾ ਪੈਦਾ ਕਰਨ ਲੱਗ ਪਏ। ਗੁਰੂ ਨਾਨਕ ਦੇਵ ਜੀ ਦੀ ਸ਼ਾਂਤ ਰਸ ‘ਬਾਣੀ’ ਨੇ ਲੋਕਾਂ ਨੂੰ ਵਿਕਾਰਾਂ ਵੱਲੋਂ ਹਟਾਇਆ। ਪਰ ਉਹ ਹਿਰਦਾ ਸਦਾ ਪਵਿੱਤਰ ਨਹੀਂ ਟਿਕਿਆ ਰਹਿ ਸਕਦਾ ਜਿਸ ਵਿਚ ਜੋਸ਼ ਦਾ ਹੁਲਾਰਾ ਨਹੀਂ, ਉਹ ਗੁਣ ਜਿਉਂ ਨਹੀਂ ਸਕਦਾ ਜੋ ਉਤਸ਼ਾਹ ਨਹੀਂ ਪੈਦਾ ਕਰਦਾ। ਕਾਦਿਰ ਦੀ ਸੁੰਦਰਤਾ ਦੇ ਦੋ ਪਹਿਲੂ ਹਨ; ਇਕ ਹੈ ‘ਜਮਾਲ’ (ਕੋਮਲ ਸੁੰਦਰਤ) ਤੇ ਦੂਜਾ ਹੈ ‘ਜਲਾਲ’। ਤਿਆਗ, ਪਿਆਰ, ਦਇਆ ਤੇ ਸੰਤੋਖ ਆਦਿਕ ਮਨੁੱਖਾ ਜੀਵਨ ਦੀ ਕੋਮਲ ਸੁੰਦਰਤਾ ਹੈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ‘ਬਾਣੀ’ ਨੇ ਪੈਦਾ ਕੀਤਾ। ਇਸ ‘ਜਮਾਲ’ ਨੂੰ ਜਿਉਂਦਾ ਰੱਖਣ ਲਈ ‘ਜਲਾਲ’ ਦੀ ਲੋੜ ਸੀ, ਬੀਰ ਰਸ ਦੀ ਲੋੜ ਸੀ, ਇਹ ਕੰਮ ‘ਵਰਿਆਮ ਮਰਦ’ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਆਇਆ। ਲੁਤਫ ਇਹ ਹੈ ਕਿ ਇੰਨ੍ਹਾਂ ਦੀ ‘ਬਾਣੀ’ ਵਿਚ ਪ੍ਰਮਾਤਮਾ ਦੀ ਹੀ ਸਿਫਤ-ਸਲਾਹ ਹੈ, ਪਰ ਲਫਜ਼ ਅਜਿਹੇ ਵਰਤੇ ਹਨ ਤੇ ਲਫਜ਼ਾਂ ਦੀ ਚਾਲ ਦੇ ‘ਛੰਦ’ ਐਸੇ ਵਰਤੇ ਹਨ ਜਿੰਨ੍ਹਾਂ ਨੂੰ ਪੜ੍ਹ-ਸੁਣ ਕੇ ਬੀਰ-ਰਸ ਹੁਲਾਰੇ ਵਿਚ ਆਉਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ‘ਬਾਣੀ’ ‘ਰਾਗ’-ਵਾਰ ਵੰਡੀ ਗਈ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਦੀ ‘ਬਾਣੀ ਵੱਖੋ ਵੱਖਰੇ ‘ਛੰਦਾਂ’ ਅਨੁਸਾਰ ਵੰਡੀ ਹੋਈ ਹੈ, ਜੋ ਬੀਰ-ਰਸ ਪੈਦਾ ਕਰਨ ਵਿਚ ਸਹਾਈ ਹੁੰਦੇ ਹਨ, ਵੇਖੋ, ਬਚਿੱਤ੍ਰ ਨਾਟਕ ਵਿਚ ਪ੍ਰਮਾਤਮਾ ਨੂੰ ਤੇਗ-ਰੂਪ ਆਖ ਕੇ ਐਸੇ ਲਫਜ਼ਾਂ ਤੇ ਛੰਦਾਂ ਵਿਚ ਨਮਸਕਾਰ ਕਰਦੇ ਹਨ ਕਿ ਚਿੱਤ ਜੋਸ਼ ਵਿਚ ਆ ਕੇ ਮਾਨੋ, ਨੱਚ ਉਠਦਾ ਹੈ:_
ਖਗ ਖੰਡ ਬਿਹੰਡੰ, ਖਲ ਦਲ ਖੰਡੰ, ਅਤਿ ਰਣ ਮੰਡੰ, ਬਰ ਬੰਡੰ॥
ਭੁਜ ਦੰਡ ਅਖੰਡੰ, ਤੇਜ ਪ੍ਰਚੰਢੰ, ਜੋਤਿ ਅਮੰਡੰ, ਭਾਨ ਪ੍ਰਭੰ॥
ਸੁਖ ਸੰਤਹ ਕਰਣੰ, ਦੁਰਮਤਿ ਦਰਣੰ, ਕਿਲਵਿਖ ਹਰਣੰ, ਅਸਿ ਸਰਣੰ॥
ਜੈ ਜੈ ਜਗ ਕਾਰਣ, ਸ੍ਰਿਸਟਿ ਉਬਾਰਣ, ਮਮ ਪ੍ਰਤਿਪਾਰਣ, ਜੈ ਤੇਗੰ॥2॥
ਸ਼ਾਇਦ ਇੰਨ੍ਹਾਂ ਹੀ ਦੋ ਕਾਰਨਾਂ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਵੱਖਰਾ ਹੀ ਰਹਿਣ ਦਿੱਤਾ।
ਖਾਲਸਾ ਕਾਲਜ, ਅੰਮ੍ਰਿਤਸਰ ਸਾਹਿਬ ਸਿੰਘ
1 ਜਨਵਰੀ, 1944
ਛੇਵੀਂ ਛਾਪ
ਇਸ ਟੀਕੇ ਦੀ ਦੂਜੀ ਛਾਪ 1950 ਵਿਚ, ਤੀਜੀ 1957 ਵਿਚ, ਚੌਥੀ 1966 ਵਿਚ, ਤੇ ਪੰਜਵੀਂ 1970 ਵਿਚ ਪੇਸ਼ ਕੀਤੀ ਗਈ ਸੀ। ਮੈਂ ਪਾਠਕਾਂ ਦਾ ਧੰਨਵਾਦੀ ਹਾਂ, ਜੋ ਮੇਰੀ ਹੌਸਲਾ ਅਫਜ਼ਾਈ ਕਰਦੇ ਹਨ।
57, ਜੋਸ਼ੀ ਕਾਲੋਨੀ, ਮਾਲ ਰੋਡ, ਅੰਮ੍ਰਿਤਸਰ ਸਾਹਿਬ ਸਿੰਘ
1975
ਨੋਟ:-ਪ੍ਰੋ. ਸਾਹਿਬ ਸਿੰਘ ਜੀ (ਡੀ. ਲਿਟ) ਦੀ ਲਿਖੀ ਹੋਈ ਪੁਸਤਕ ‘ਜਾਪੁ ਸਾਹਿਬ ਸਟੀਕ’ ਸਿੰਘ ਬ੍ਰਦਰਜ਼, ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ ਵੱਲੋਂ ਛਾਪੀ ਗਈ ਹੈ, ਜਿਸਦਾ ਆਈ ਐਸ ਬੀ ਐਨ 81-7202-077-1 (ਪੇਪਰ ਬੈਕ) ਅਤੇ ਸਜਿਲਦ ਦਾ ਨੰ: 81-7205-146-8 ਹੈ।