Monday 6 August 2012

ਚਰਿਤਰਾਂ ਨੂੰ ਪੜਨ ਲਈ ਕਿਸ ਦ੍ਰਿਸ਼ਟੀ ਕੋਣ ਦੀ ਜਰੂਰਤ


ਚਰਿਤਰਾਂ ਨੂੰ ਪੜਨ ਲਈ ਕਿਸ ਦ੍ਰਿਸ਼ਟੀ ਕੋਣ ਦੀ ਜਰੂਰਤ   

ਜਦੋਂ ਕਨੂੰਨ ਦੀ ਪੜਾਈ ਕਰਵਾਈ ਜਾਂਦੀ ਹੈ ਤਾਂ ਪਹਿਲਾਂ ਪੂਰਾ ਵਿਸ਼ਾ ਪੜਾ ਕੇ ਅਖੀਰ ਵਿਚ ਕੁਛ ਕੇਸ ਦਿਤੇ ਜਾਂਦੇ ਨੇ ਤਾਂ ਕੇ ਜੋ ਕਨੂੰਨ ਦਾ ਵਿਸ਼ਾ ਵਿਦਿਆਰਥੀ ਨੇ ਪੜਿਆ ਹੁੰਦਾ ਹੈ , ਦੇਖਿਆ ਜਾ ਸਕੇ ਕੇ ਓਹ ਆਪਣੀ ਸਿਖੀ ਸਮਰਥਾ ਅਨੁਸਾਰ ਕੇਸ ਹੱਲ ਕਰਨ ਜੋਗਾ ਹੋ ਗਿਆ ਹੈ ਕੇ ਨਹੀਂ । ਗੁਰਮਤ ਵੀ ਇਕ ਕਨੂੰਨ ਹੀ ਹੈ, ਤੇ ਸਾਨੂੰ ਇਹ ਕਨੂੰਨ ਗੁਰੂ ਸਾਹਿਬ ਨੇ ੨੦੦ ਸਾਲ ਦੇ ਕਰੀਬ ਗੁਰਬਾਣੀ ਤੇ ਗੁਰੂ ਗਰੰਥ ਸਾਹਿਬ ਜੀ ਦੇ ਰੂਪ ਵਿਚ ਪੜਾਇਆ, ਬਾਅਦ ਵਿਚ ਸ੍ਰੀ ਦਸਮ ਗ੍ਰੰਥ ਵਿਚ ਵੀ ਓਹੀ ਕਨੂੰਨ ਸਿਖਾਇਆ ਗਿਆ । ਅਖੀਰ ਵਿਚ ਕੁਛ ਕੇਸ ਹਲ ਕਰਨ ਨੂੰ  ਦਿੱਤੇ ਗਏ ਤਾਂ ਕਿ ਇਹ ਦੀਖਿਆ ਜਾ ਸਕੇ ਕੇ ਜੋ ਗੁਰਮਤ ਵਿਦਿਆ ਸਿਖਾਈ ਗਈ ਹੈ , ਕੀ ਵਿਦਿਆਰਥੀ ਨੂੰ  ਓਹ ਵਿਦਿਆਂ ਇਹਨਾ ਕੇਸਾਂ ਤੇ ਲਾਗੂ ਕਰ ਕੇ ਕੇਸ ਨੂੰ ਹਲ ਕਰਨ ਦੀ ਸਮਰਥਾ ਹਾਸਿਲ ਹੋ ਗਈ ਹੈ ਕੇ ਨਹੀਂ । ਇਹ ਕੇਸ ਸਾਨੂੰ ਚਰਿਤ੍ਰੋਪਖਿਆਨ ਦੀ ਸ਼ਕਲ ਵਿਚ ਦਿਤੇ ਗਏ, ਜਿਥੇ ਇਕ ਮੰਤਰੀ ਓਸ ਰਾਜੇ ਦੇ ਸਾਹਮਣੇ ਵਾਰ ਵਾਰ ਕੇਸ ਰਖਦਾ ਹੈ, ਜੋ ਰਾਜਾ ਖੁਦ ਕਨੂੰਨ ਦਾ ਪਾਲਣ ਹਾਰ ਹੈ, ਤਾਂ ਕੇ ਇਕ ਬਹੁਤ ਵੱਡਾ ਫੈਸਲਾ ਲੈਣ ਲੱਗੇ ਰਾਜੇ ਨੂੰ ਕੋਈ ਦਿਕਤ ਨਾ ਆਵੇ । ਗੁਰਸਿਖ ਵੀ ਇਕ ਰਾਜੇ ਦੀ ਨਿਆਈ ਹੈ ।  ਸ਼ਾਸਤਰ ਤੇ ਸ਼ਸ਼ਤਰ ਦਾ ਧਾਰਨੀ ਹੋਣ ਕਰਕੇ ਅਭਿਨਾਸ਼ੀ ਰਾਜਾ ਵੀ ਹੈ ਤੇ ਜੱਗ ਦਾ ਰਾਜਾ ਵੀ । ਇਸ ਲਈ ਜੋ ਗੁਰਮਤ ਵਿਦਿਆ ਹਾਸਿਲ ਕੀਤੀ ਹੈ ਓਸ ਨੂੰ ਲੋੜ ਪੈਣ ਤੇ ਵਰਤਣ ਦੀ ਮੁਹਾਰਤ ਵੀ ਹਾਸਿਲ ਰਖਦਾ ਹੋਣਾ ਚਾਹੀਦਾ ਹੈ । ਹੁਣ ਜਦੋਂ ਵੀ ਕੋਈ ਕੇਸ ਸਾਹਮਣੇ ਰਖਿਆ ਜਾਂਦਾ ਹੈ ਓਸ ਨੂੰ  ਉਲਝਾਉਣ ਵਾਸਤੇ ਕਈ ਵਾਰ ਬਹੁਤ ਤਰਹ ਦੇ ਢੰਗ ਤਰੀਕੇ ਵਰਤੇ ਜਾਂਦੇ ਨੇ , ਤੇ ਓਹਨਾ ਵਿਚੋਂ ਇਕ ਹੈ ਕੇ ਭਾਸ਼ਾ ਵਿਚ ਉਲਝਾ ਲੈਣਾ ਤਾਂ ਕੇ ਫੈਸਲਾ ਲੈਣ ਵਾਲੇ ਦਾ ਧਿਆਨ ਅਸਲ ਮੁੱਦੇ ਤੋਂ ਹਟਾ ਕੇ ਦੂਜੇ ਪਾਸੇ ਲਗਾ ਦਿੱਤਾ ਜਾਵੇ, ਜਿਵੇਂ ਕੇ ਕੋਰਟ  ਵਿਚ ਵੀ ਕਈ ਵਾਰੀ ਜੱਜ ਦੇ ਸਾਹਮਣੇ ਵਕੀਲ ਕਰਦੇ ਹਨ। ਖਾਸ ਕਰਕੇ ਓਹਨਾ ਕੇਸਾਂ ਵਿਚ ਜਿਥੇ ਫੈਸਲਾ ਕਾਮ ਪ੍ਰਤੀ ਹੋਵੇ ਜਿਵੇਂ ਕੇ ਬਲਾਤਕਾਰ ਦੇ ਕੇਸ ਵਿਚ ਹੁੰਦਾ ਹੈ, ਓਥੇ ਜਾਣ ਬੁਝ ਕੇ ਏਹੋ ਜਹੀ ਸ਼ਬ੍ਦਾਵਲੀ ਵਰਤੀ ਜਾਂਦੀ ਹੈ ਤਾਂ ਕੇ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਹੱਟ ਜਾਵੇ । ਇਸੇ ਤਰਹ ਚਰਿਤਰਾਂ ਵਿਚ ਕੀਤਾ ਗਿਆ ਹੈ । ਕਾਮ ਦੀ ਏਹੋ ਜਹੀ ਭਾਸ਼ਾ ਵਰਤੀ ਗਈ ਹੈ ਜਿਸ ਵਿਚ ਇਕ ਆਮ ਆਦਮੀ ਭਾਸ਼ਾ ਵਿਚ ਹੀ ਉਲਝ ਕੇ ਅਸਲ ਕੇਸ ਤੋਂ ਪਾਸੇ ਹੋ ਜਾਂਦਾ ਹੈ  ਦੇਖਿਆ ਜਾਵੇ ਤਾਂ ਚਰਿਤਰਾਂ ਵਿਚ ਹੋ ਸਕਦਾ ਹੈ ਕੇ ਸਾਰੇ ਕਿਰਦਾਰ ਹੀ ਗਲਤ ਹੋਣ ਤੇ ਹੋ ਸਕਦਾ ਹੈ ਕੇ ਇਕ ਕਿਰਦਾਰ ਗਲਤ ਹੋਵੇ ਤੇ ਹੋ ਸਕਦਾ ਹੈ ਕੇ ਕੋਈ ਵੀ ਕਿਰਦਾਰ ਗਲਤ ਨਾ ਹੋਵੇ । ਇਹ ਫੈਸਲਾ ਇਕ ਗੁਰਸਿਖ ਜੱਜ ਨੇ ਲੈਣਾ ਹੈ ਕੇ ਕਿਹੜਾ ਕਿਰਦਾਰ ਸਹੀ ਹੈ ਤੇ ਕਿਹੜਾ ਗਲਤ । ਉਧਾਰਨ ਦੇ ਤੋਰ ਤੇ ਚਰਿਤਰ ੨੬੬ ਲੈਨੇ ਹਾਂ, ਜਿਸ ਵਿਚ ਇਕ ਪੰਡਿਤ ਤੇ ਇਕ ਰਾਜੇ ਦੀ ਲੜਕੀ ਦੀ ਆਪਸੀ ਬਹਿਸ ਹੈ । ਪੰਡਿਤ ਮੂਰਤੀ ਪੂਜ ਹੈ ਤੇ ਲੜਕੀ ਕਹਿੰਦੀ ਹੈ ਕੇ ਪਰਮੇਸ੍ਵਰ ਹਰ ਜਗਹਿ ਹਾਜਿਰ ਨਾਜਿਰ ਹੈ।  ਇਸੇ ਗਲ ਤੇ ਦੋਨਾ ਦਾ ਤਕਰਾਰ ਹੋ ਜਾਂਦਾ ਹੈ ਤੇ ਪੰਡਿਤ ਕਹਿੰਦਾ ਹੈ ਕੇ ਮੈਂ ਤੇਰੀ ਸ਼ਕਾਇਤ ਤੇਰੇ ਪਿਤਾ ਕੋਲ ਕਰਾਂਗਾ । ਤੂੰ  ਲਗਦਾ ਭੰਗ ਪੀ ਕੇ ਆਈ ਹੈਂ ਜੋ ਭਗਵਾਨ ਦੇ ਬੇਜਤੀ ਕਰੀ ਜਾ ਰਹੀ ਹੈਂ । ਕੁੜੀ ਇਕ ਚਾਲ ਖੇਡਦੀ ਹੈ ਤੇ ਪੰਡਿਤ ਨੂੰ  ਕਹਿੰਦੀ ਹੈ ਕੇ ਜੇ ਤੂੰ ਮੇਰੀ ਸ਼ਕਾਇਤ ਲਗਾਵੇਂਗਾ ਤਾਂ ਮੈਂ ਆਪਣੇ ਪਿਤਾ ਨੂੰ ਕਹਾਂਗੀ ਕੇ ਏਸ ਪੰਡਿਤ ਨੇ ਮੇਰੀ ਇਜਤ ਨੂੰ  ਹਥ ਪਾਇਆ।  ਪੰਡਿਤ ਘਬਰਾ ਜਾਂਦਾ ਤੇ ਓਹ ਕੁੜੀ ਕਹਿੰਦੀ ਹੈ ਕੇ ਤੂੰ  ਭੰਗ ਪੀ ਤੇ ਹੁਣ ਮਹਾਕਾਲ ਦਾ ਸਿਖ ਬਣ , ਤੇ ਪੰਡਿਤ ਵਿਚਾਰਾ ਮਜਬੂਰੀ ਵਸ ਓਸੇ ਤਰਹ ਕਰਦਾ ਹੈ । ਹੁਣ ਜੇ ਇਹ ਕੇਸ ਖਾਲਸੇ ਦੀ ਕਚਿਹਰੀ ਵਿਚ ਆਵੇ ਤਾਂ ਖਾਲਸਾ ਇਹ ਫੈਸਲਾ ਕਰੇਗਾ ਕੇ ਭਾਵੇਂ ਕੁੜੀ ਪਰਮੇਸ੍ਵਰ ਬਾਰੇ ਪੰਡਿਤ ਨਾਲੋਂ ਜਿਆਦਾ ਗਿਆਨ ਰਖਦੀ ਹੈ, ਪਰ ਓਸ ਦਾ ਗਿਆਨ ਵੀ ੨ ਪਖੋਂ ਅਧੂਰਾ ਹੈ ੧) ਕੇ ਧਰਮ ਦੀ ਗਲ ਕਿਸੇ ਨੂੰ  ਜਬਰਦਸਤੀ ਜਾਂ ਧੋਖੇ ਨਾਲ ਨਹੀਂ ਮਨਵਾਈ ਜਾਣੀ ਚਾਹੀਦੀ, ਭਾਵੇਂ ਤੋਹਾਨੂੰ ਕਿੰਨਾ ਹੀ ਗਿਆਨ ਕਿਓਂ ਨਾ ਹੋਵੇ  ੨) ਕੇ ਪਰਮੇਸ੍ਵਰ ਦਾ ਸਿਖ ਕਿਸੇ ਇਕ ਰੀਤ ਨਾਲ ਨਹੀਂ ਬਣਦਾ , ਬਲਕਿ ਪਰਮੇਸ੍ਵਰ ਪ੍ਰਾਪਤੀ ਲਈ ਹੁਕਮ ਵਿਚ ਆਵਣਾ ਪਵੇਗਾ , ਨਾ ਕੇ ਕਿਸੇ ਨੂੰ ਕੋਈ ਨਸ਼ਾ ਛਕਾ ਕੇ ਪਰਮੇਸ੍ਵਰ ਦੀ ਪ੍ਰਾਪਤੀ ਕਰ ਸਕਦਾ ਹੈ । ਜੇ ਆਪਾਂ ਇਕ ਮਿੰਟ ਲਈ ਕੁੜੀ ਦਾ ਰੋਲ ਏਸ ਕੇਸ ਵਿਚੋਂ ਬਾਹਰ ਕਰ ਕੇ , ਕੁੜੀ ਦੀ ਜਗਹ ਇਕ ਮੁਸਲਮਾਨ ਦਾ ਕਿਰਦਾਰ ਪਾ ਦੇਈਏ, ਤੇ ਓਸੇ ਤਰਹ ਦੋਨਾ ਦੀ ਬਹਿਸ ਕਰਵਾਈਏ ਤੇ ਅੰਤ ਵਿਚ ਮੁਸਲਮਾਨ ਕਹੇ ਕੇ ਹੁਣ ਤੈਨੂੰ ਅੱਲਾ ਦਾ ਸਿਖ ਸੁੰਨਤ ਕਰ ਕੇ ਬਣਾ ਦਿੰਦਾ ਹਾਂ , ਤਾਂ ਗਲ ਓਹੀ ਹੋਵੇਗੀ । ਭਾਵੇ ਮੁਸਲਮਾਨ ਇਕ ਅੱਲਾ ਨੂੰ ਸਿਖਾਂ ਵਾਂਗ ਮੰਨਦੇ ਤੇ ਹਾਜਿਰ ਨਾਜਿਰ ਜਾਣਦੇ ਨੇ ਪਰ ਓਹਨਾ ਦੀ ਸ਼ਰਤ ਇਹ ਹੁੰਦੀ ਹੈ ਕੇ ਸੁੰਨਤ ਕੀਤੇ ਬਿਨਾ ਅੱਲਾ ਦੇ ਸਿਖ ਨਹੀਂ ਬਣ ਸਕਦੇ । ਜੇ ਫਿਰ ਇਸ ਨੂੰ ਖਾਲਸੇ ਜੱਜ ਦੀ ਅੱਖ ਨਾਲ ਦੇਖਿਆ ਜਾਵੇ ਤਾਂ ਨਤੀਜਾ ਇਹ ਨਿਕਲੇਗਾ ਕੇ ਠੀਕ ਹੈ ਪੰਡਿਤ ਮੂਰਖ ਹੈ ਤੇ ਮੁਸਲਮਾਨ ਅੱਲਾ ਬਾਰੇ ਪੰਡਿਤ ਨਾਲੋਂ ਜਿਆਦਾ ਸਿਆਣਾ ਹੈ , ਪਰ ਤਰੀਕਾ ਇਸ ਦਾ ਵੀ ਗਲਤ ਹੈ । ਜੋਰ ਕੀਤਿਆਂ ਰੱਬ ਨਹੀਂ ਮਿਲਦਾ ਤੇ ਸੁੰਨਤ ਕੀਤਿਆਂ ਵੀ ਰੱਬ ਨਹੀਂ ਮਿਲਣਾ । ਇਸ ਲਈ ਫੈਸਲਾ ਖਾਲਸੇ ਰੂਪ ਜੱਜ ਨੇ ਗੁਰਮਤ ਦੇ ਦ੍ਰਿਸ਼ਟੀ ਕੋਣ ਨਾਲ ਕੇਸ ਨੂੰ  ਹੱਲ ਕਰਕੇ ਕਰਨਾ ਹੈ ਨਾ ਕੇ ਇਹ ਕਹਿ ਕੇ ਜੀ ਇਥੇ ਮਹਾਕਾਲ ਦਾ ਸਿਖ ਦਾਰੂ ਪੀ ਕੇ ਬਣਨ ਦੀ ਸਿਖਿਆ ਮਿਲਦੀ ਹੈ । ਕੋਈ ਵੀ ਜੱਜ ਸਿਖਿਆ ਲੈਣ ਲਈ ਕਚਿਹਰੀ ਵਿਚ ਨਹੀਂ ਜਾਂਦਾ ਬਲਕੇ ਜੋ ਪਹਿਲਾਂ ਸਿਖਿਆ ਹੁੰਦਾ ਹੈ ਓਸ ਨੂੰ ਵਰਤ ਕੇ ਕੇਸ ਹੱਲ ਕਰਨ ਜਾਂਦਾ ਹੈ 

ਦਾਸ,

ਡਾ ਕਵਲਜੀਤ ਸਿੰਘ ( ੬/੮/੨੦੧੨ )