Wednesday 1 August 2012

ਪ੍ਰਸ਼੍ਨ- ਗੁਰਮਤ ਦੀ ਭਵਾਨੀ ਕੋਣ ਹੈ?



ਪ੍ਰਸ਼੍ਨ- ਗੁਰਮਤ ਦੀ ਭਵਾਨੀ ਕੋਣ ਹੈ?

ਉੱਤਰ - ਹੁਕਮ ਨੂੰ ਸਿਖ ਧਰਮ ਵਿਚ ਬਹੁਤ ਜਿਆਦਾ ਮਹਤਤਾ ਦਿਤੀ ਗਈ ਹੈ, ਕਿਓਂ ਕੀ ਸਭ ਕਿਛ ਹੁਕਮ ਵਿਚ ਹੀ ਹੈ,
"ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ”
 ਇਸੇ ਹੁਕਮ ਨੂੰ  ਨਾਮ ਵੀ ਕਿਹਾ ਗਿਆ ਹੈ  :
॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥

ਹੁਣ ਇਸੇ ਹੁਕਮ ਤੋਂ ਹੀ ਸਾਰੇ ਜਗ ਦੀ ਉਤਪਤੀ ਵੀ ਹੋਈ ਹੈ :

ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ ॥ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ ॥

ਇਸੇ ਹੀ ਹੁਕਮ ਨੂੰ  ਨੂਰ ਵੀ ਕਹਿ ਦਿਤਾ ਗਿਆ ਹੈ ਤੇ ਇਸੇ ਹੀ ਨੂਰ ਤੋਂ ਸਾਰਾ ਜਗ ਉਪਜਿਆ ਹੈ ਜਿਵੇਂ ਕਿ ਗੁਰਬਾਣੀ ਵਿਚ ਦਰਜ ਹੈ :


ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥


ਹੁਣ ਇਸੇ ਨੂਰ ਨੂੰ ਭਾਵ ਤੇਜ ਨੂੰ  ਭਵਾਨੀ ਵੀ ਕਹਿ ਦਿਤਾ ਗਿਆ ਜਿਵੇਂ  :

ਪ੍ਰਿਥਮ ਕਾਲ ਸਭ ਜਗ ਕੇ ਤਾਤਾ॥
ਤਾਂ ਤੇ ਭਯੋ ਤੇਜ ਬਿਖਯਾਤਾ॥
ਸੋਈ ਭਵਾਨੀ ਨਾਮ ਕਹਾਈ॥
ਜਿਨ ਸਗਰੀ ਯਹਿ ਸ੍ਰਿਸ਼ਟਿ ਉਪਾਈ॥29॥ (ਚੌਬੀਸ ਅਵਤਾਰ)

ਸੋ ਇਹ ਹੁਕਮ ਹੀ ਹੈ ਜਿਸ ਦੇ ਵਖਰੇ ਵਖਰੇ ਨਾਮ ਵਰਣਨ ਦਿਤੇ ਗਏ ਨੇ।ਇਸੇ ਹੀ ਭਵਾਨੀ  ਨੇ ਭਾਵ ਹੁਕਮ ਨੇ ਸਬ ਨੂੰ  ਪੈਦਾ ਕੀਤਾ।  ਹੁਕਮ ਦਾ ਕੋਇ ਲਿੰਗ ਪੁਲਿੰਗ ਨਹੀਂ ਹੁੰਦਾ, ਇਸੇ ਲਈ ਲਫਜ਼ “ ਸ੍ਰੀ ਭਗਉਤੀ ਜੀ ਸਹਾਇ” ਆਇਆ ਹੈ, ਜੇ ਇਹ ਕੋਈ ਬੀਬੀ ਹੁੰਦੀ ਤਾਂ “ ਸ੍ਰੀਮਤੀ ਭਗਉਤੀ ਜੀ “ ਹੁੰਦਾ । ਇਹ ਅਗਲੀਆਂ ਤੁਕਾਂ ਵਿਚ ਹੋਰ ਵੀ ਸਾਫ਼ ਹੋ ਜਾਂਦਾ ਹੈ ਕੇ ਸ੍ਰੀ ਕਾਲ ਨੂੰ ਹੀ ਕਾਲੀ ਵੀ ਕਿਹਾ ਗਿਆ ਹੈ 

ਕਾਲ ਤੁਹੀ, ਕਾਲੀ ਤੁਹੀ, ਤੁਹੀ ਤੇਗ ਅਰੁ ਤੀਰ॥

ਤੁਹੀਂ ਨਿਸ਼ਾਨੀ ਜੀਤ ਕੀ, ਆਜੁ ਤੁਹੀਂ ਜਗ ਬੀਰ॥5॥


ਕਿਓੰਕੇ ਹੁਕਮ ਕਾਲ ਰੂਪ ਹੋ ਕੇ ਵੀ ਵਰਤਦਾ ਹੈ ਭਾਵ ਮੋਤ ਵੀ ਹੁਕਮ ਵਿਚ ਹੀ ਹੈ , ਇਸ ਲਈ ਹੁਕਮ ਦਾ ਕਿਰਤਮ ਨਾਮ ਕਾਲ ਵੀ ਕਹਿ ਦਿਤਾ ਗਿਆ।  ਕਿਓਂ ਕੇ ਇਹ ਹੁਕਮ ਸਬ ਦੀ ਕਾਟ ਹੈ , ਭਾਵ ਸਬ ਦਾ ਨਾਸ਼ ਕਰਨ ਵਾਲਾ ਹੈ ਤੇ ਰਖਿਅਕ ਵੀ , ਇਸੇ ਲਈ ਇਸ ਨੂ ਸ਼ਸਤਰ ਕਰ ਕੇ ਵੀ ਸੰਬੋਧਨ ਕਰ ਦਿੱਤਾ ਗਿਆ , ਜਿਵੇਂ ਤੇਗ , ਤੀਰ ।  ਹੁਣ ਤੇਗ ਇਸਤ੍ਰੀਲਿੰਗ ਹੈ ਤੇ ਤੀਰ ਪੁਲਿੰਗ । ਪਰ ਸੰਬੋਧਨ ਇਕੋ ਨੂੰ ਹੋ ਰਿਹਾ ਹੈ । ਇਸ ਤਰਹ ਦੇ ਹੋਰ  ਵੀ ਹਜਾਰਾਂ ਨਾਮ ਸ੍ਰੀ ਦਸਮ ਗਰੰਥ ਵਿਚ ਅੰਕਿਤ ਨੇ ਜੋ ਜੇ ਅਖਰੀ ਭਾਸ਼ਾ ਅਨੁਸਾਰ ਦੇਖਿਆ ਜਾਵੇ ਤਾਂ ਇਸਤ੍ਰੀਲਿੰਗ ਵੀ ਬਣ ਜਾਵੇਗਾ ਤੇ ਪੁਲਿੰਗ ਵੀ । ਇਸੇ ਤਰਹ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਓਸੇ ਨੂੰ ਪਿਤਾ ਤੇ ਮਾਤਾ ਵੀ ਕਹਿ ਦਿਤਾ ਗਿਆ । ਸੋ ਇਹ ਹੁਕਮ ਹੀ ਹੈ ਜੋ ਹਰ ਜਗਹ ਵਰਤ ਰਿਹਾ ਹੈ , ਭਾਵੇਂ ਓਸ ਨੂੰ ਨੂਰ ਕਹਿ ਲਵੋ ਤੇ ਭਾਵੇਂ ਭਵਾਨੀ। 

ਦਾਸ,

ਡਾ ਕਵਲਜੀਤ ਸਿੰਘ