ਪ੍ਰਸ਼੍ਨ - ਮੇਰੇ ਕਈ ਵੀਰ ਅਕਸਰ ਸ੍ਰੀ ਦਸਮ ਗ੍ਰੰਥ ਦੇ ਵਿਚੋਂ ਕੁਛ ਕੁ ਤੁਕਾਂ ਦੇ ਕੇ ਕਹਿੰਦੇ ਨੇ ਕੇ ਦੇਖੋ ਕਿਨਾ ਡਰਾਵਨਾ ਸਰੂਪ ਹੈ ਮਹਾਕਾਲ ਦਾ, ਤੇ ਗੁਰੂ ਗ੍ਰੰਥ ਸਾਹਿਬ ਵਿਚ ਦੇਖੋ ਕਿਨਾ ਪਿਆਰਾ ਸਰੂਪ ਹੈ । ਹੈ ਕੋਈ ਦੋਨਾ ਦਾ ਮੇਲ??
ਤੇਰੇ ਬੰਕੇ ਲੋਇਣ ਦੰਤ ਰੀਸਾਲਾ॥
ਕਰੰ ਬਾਮ ਚਾਪਿਯੰ ਕ੍ਰਿਪਾਣੰ ਕਰਾਲੰ ॥ ਮਹਾ ਤੇਜ ਤੇਜੰ ਬਿਰਾਜੈ ਬਿਸਾਲੰ ॥
ਮਹਾਂ ਦਾੜ੍ਹ ਦਾੜ੍ਹੰ ਸੁ ਸੋਹੰ ਅਪਾਰੰ ॥ ਜਿਨੈ ਚਰਬੀਯੰ ਜੀਵ ਜਗਯੰ ਹਜਾਰੰ ॥੧੮॥
ਡਮਾਡੰਮ ਡਉਰੂ ਸਿਤਾਸੇਤ ਛਤ੍ਰੰ ॥ ਹਾਹਾ ਹੂਹੂ ਹਾਸੰ ਝਮਾਝੱਮ ਅਤ੍ਰੰ ॥
ਮਹਾ ਘੋਰ ਸਬਦੰ ਬਜੇ ਸੰਖ ਐਸੰ ॥ ਪ੍ਰਲੈ ਕਾਲ ਕੇ ਕਾਲ ਕੀ ਜ੍ਵਾਲ ਜੈਸੇ ॥੧੯॥( ਬਚਿਤਰ ਨਾਟਕ )
ਉੱਤਰ - ਜੇ ਆਦਮੀ ਨੇ ਸੰਪੂਰਨ ਸ੍ਰੀ ਦਸਮਗ੍ਰੰਥ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਕੇ ਨਾ ਵਿਚਾਰੀ ਹੋਵੇ ਤਾਂ ਆਸਾਨੀ ਨਾਲ ਇਹਨਾ ਗੱਲਾਂ ਵਿਚ ਆ ਜਾਵੇਗਾ । ਲਾਓ ਇਸ ਦਾ ਉੱਤਰ ਵੀ ਆਪਾਂ ਬਚਿਤਰ ਨਾਟਕ ਦੇ ਓਸੇ ਅਧਿਆਏ ਵਿਚੋਂ ਹੀ ਦਿੰਦੇ ਹਾਂ ਜਿਸ ਵਿਚੋਂ ਇਹ ਪੰਕਤੀਆਂ ਲਈਆਂ ਗਈਆਂ ਨੇ। ਓਸੇ ਹੀ ਸ਼ੰਦ ਵਿਚ ਹੇਠ ਲਿਖੀਆਂ ਪੰਕਤੀਆਂ ਵੀ ਨੇ :
ਨਿਰੰਕਾਰ ਨ੍ਰਿਬਿਕਾਰ ਨਿਤਯੰ ਨਿਰਾਲੰ ॥ ਨ ਬ੍ਰਿਧੰ ਬਿਸੇਖੰ ਨ ਤਰੁਨੰ ਨ ਬਾਲੰ ॥
ਨ ਰੰਕੰ ਨ ਰਾਯੰ ਨ ਰੂਪੰ ਨ ਰੇਖੰ ॥ ਨ ਰੰਗੰ ਨ ਰਾਗੰ ਅਪਾਰੰ ਅਭੇਖੰ ॥੪॥
ਨ ਰੂਪੰ ਨ ਰੇਖੰ ਨ ਰੰਗੰ ਨ ਰਾਗੰ ॥ ਨ ਨਾਮੰ ਨ ਠਾਮੰ ਮਹਾ ਜੋਤਿ ਜਾਗੰ ॥
ਨ ਦ੍ਵੈਖੰ ਨ ਭੇਖੰ ਨਿਰੰਕਾਰ ਨਿਤਯੰ ॥ ਮਹਾ ਜੋਗ ਜੋਗੰ ਸੁ ਪਰਮੰ ਪਵਿਤ੍ਰਯੰ॥੫
ਭਾਵ ਓਸ ਦਾ ਕੋਈ ਅਕਾਰ ਨਹੀਂ , ਓਹ ਵਿਕਾਰ ਰਹਿਤ ਹੈ , ਨਾ ਓਸ ਦਾ ਕੋਈ ਰੂਪ, ਰੰਗ, ਭੇਖ, ਰੇਖ ਕੁਛ ਨਹੀਂ ਹੈ। ਮਜੇ ਦੀ ਗੱਲ ਇਹ ਹੈ ਕੇ ਇਹ ਪੰਕਤੀਆਂ ਇਕੋ ਹੀ ਸ਼ੰਦ ਵਿਚ ਆਈਆਂ ਨੇ। ਪਰ ਹੈਰਾਨੀ ਹੁੰਦੀ ਹੈ ਕੇ ਦਸਮ ਵਿਰੋਧੀ ਇਹਨਾ ਪੰਕਤੀਆਂ ਨੂੰ ਹਥ ਤਕ ਨਹੀਂ ਲਗਾਂਦੇ । ਇਹ ਵੀ ਮੰਨਿਆ ਨਹੀਂ ਜਾ ਸਕਦਾ ਕੇ ਓਹਨਾ ਨੇ ਇਹ ਪੰਕਤੀਆਂ ਪੜੀਆਂ ਹੀ ਨਾ ਹੋਣ । ਵਿਚਾਰਨ ਵਾਲੀ ਗੱਲ ਇਹ ਹੈ ਕੇ ਓਹ ਵਾਹਿਗੁਰੂ ਜਿਸ ਦਾ ਕੋਈ ਰੂਪ ਰੰਗ ਹੀ ਕੋਈ ਨਹੀ , ਓਸ ਦੀਆਂ ਭਿਆਨਕ ਦਾੜਾਂ ਕਿਥੋਂ ਆ ਗਾਈਆਂ , ਓਹ ਇਨਾ ਭਿਆਨਕ ਹਾਸਾ ਕਿਦਾਂ ਹੱਸ ਰਿਹਾ? ਹੁਣ ਆਪਾਂ ਸਭ ਜਾਣਦੇ ਹਾਂ ਕੇ ਜੇ ਜੀਵਨ ਓਸ ਵਾਹਿਗੁਰੂ ਦੇ ਹਥ ਵਿਚ ਹੈ ਤਾਂ ਮੋਤ ਵੀ ਉਸੀ ਦੇ ਹਥ ਵਿਚ ਹੈ । ਮੋਤ ਦਾ ਕੋਈ ਜਿਆਦਾ ਸੋਹਣਾ ਰੂਪ ਨਹੀਂ ਹੁੰਦਾ । ਜਦੋਂ ਇਹ ਭਿਆਨਕ ਰੂਪ ਦਿਖਾਂਦੀ ਹੈ ਤਾਂ ਭੂਚਾਲ, ਸੁਨਾਮੀਆਂ ਲਿਆ ਕੇ ਲਖ੍ਹਾਂ ਲੋਕਾਂ ਨੂੰ ਆਪਣੇ ਸ਼ਿਕੰਜੇ ਵਿਚ ਲੈ ਜਾਂਦੀ ਹੈ । ਹੁਣ ਜਿਸ ਦਾ ਸਾਰਾ ਪਰਿਵਾਰ ਹਾਦਸੇ ਵਿਚ ਮਾਰਿਆ ਗਿਆ ਹੋਵੇ , ਓਸ ਲਈ ਤਾਂ ਮੋਤ ਇਕ ਡਰਾਵਨਾ ਰੂਪ ਹੀ ਹੈ ? ਜੇ ਕਵਿਤਾ ਵਿਚ ਓਸ ਦਾ ਮੋਤ ਰੂਪ ਦਿਖਾਉਣਾ ਹੋਵੇ ਤਾਂ ਚਿਤਰਣ ਭਿਆਨਕ ਹੀ ਕੀਤਾ ਜਾਵੇਗਾ। ਏਹੋ ਜਿਹਾ ਭਿਆਨਕ ਰੂਪ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਜ ਹੈ :
ਧਰਣੀਧਰ ਈਸ ਨਰਸਿੰਘ ਨਾਰਾਇਣ॥
ਦਾੜਾ ਅਗੇ ਿਪ੍ਥਮਿ ਧਰਾਇਣ॥( ਸ੍ਰੀ ਗੁਰੂ ਗ੍ਰੰਥ ਸਾਹਿਬ ਜੀ )
ਹੁਣ ਜੇ ਏਸ ਸ਼ਬਦ ਦਾ ਅਰਥ ਇਹ ਕਰ ਦਿਤਾ ਜਾਵੇ ਕੇ ਵਾਹਿਗੁਰੂ ਦੇ ਦੰਦ ਨੇ ਤਾਂ ਮੂਰਖਤਾ ਹੀ ਕਹੀ ਜਾਵੇਗੀ। ਓਸ ਦੇ ਹੁਕਮ ਵਿਚ ਮੋਤ ਦਾ ਡਮਰੂ ਵਜਦਾ ਹੈ, ਏਸ ਵਿਚ ਵੀ ਕੋਈ ਸ਼ਕ ਨਹੀਂ। ਮੋਤ ਦਾ ਡਮਰੂ ਵਜਣਾ ਤੇ ਓਸ ਦਾ ਹਸਣਾ ਇਹ ਕਾਵ ਦੀ ਭਾਸ਼ਾ ਵਿਚ ਮੋਤ ਦਾ ਪ੍ਰਤਖ ਰੂਪ ਜਾਹਰ ਕਰਦਾ ਹੈ। ਗੁਰਬਾਣੀ ਵਿਚ ਜਿਵੇਂ ਕਿਹਾ ਗਿਆ :
ਸੋਹਣੇ ਨਕ ਜਿਨ ਲੰਮੜੇ ਵਾਲਾ॥
ਹੁਣ ਜੇ ਕੋਈ ਇਸ ਸ਼ਬਦ ਦੇ ਅਰਥ ਕਰਦਾ ਇਹ ਕਹੇ ਕੇ ਅਕਾਲਪੁਰਖ ਦਾ ਸੋਹਣਾ ਨਕ ਹੈ ਤੇ ਲਮੇ ਵਾਲ ਹਨ ਤਾਂ ਓਹ ਆਪਣੀ ਅਕਲ ਦਾ ਦਿਵਾਲਾ ਹੀ ਕੱਢ ਰਿਹਾ ਹੋਵੇਗਾ। ਇਸ ਲਈ ਗੁਰਬਾਣੀ ਦੀਆਂ ਕੁਛ ਕੁ ਪੰਕਤੀਆਂ ਚੱਕ ਕੇ ਸੰਧਰਭ ਤੋਂ ਬਾਹਰ ਜਾ ਕੇ ਓਸ ਦੇ ਗਲਤ ਅਰਥ ਕਰ ਕੇ ਲੋਕਾਂ ਨੂੰ ਬੇਵਕੂਫ਼ ਬਣਾਉਣਾ ਕੋਈ ਚੰਗੀ ਗੱਲ ਨਹੀਂ । ਗੁਰਬਾਣੀ ਆਪ ਪੜੋ ਤੇ ਵਿਚਾਰੋ ।
ਦਾਸ,
ਡਾ ਕਵਲਜੀਤ ਸਿੰਘ