ਚਰਿਤਰ ੩੨੧
ਦਸਮ ਗਰੰਥ ਵਿਚ ਸਾਹਿਬ ਨੇ ਦੇਵਤਿਆਂ ਤੇ ਦੈਂਤਾਂ ਦੀ ਪਰਿਭਾਸ਼ਾ ਦਿਤੀ ਹੈ ਕੇ ਜੋ ਮਨੁਖ ਸਾਧ ਕਰਮ ਕਰਦਾ ਹੈ ਓਹ ਦੇਵਤਾ ਹੈ ਤੇ ਜੋ ਮਨੁਖ ਗਲਤ ਕ੍ਰਮ ਕਰਦਾ ਹੈ ਤਾਂ ਓਹ ਰਾਕਸ਼ ਹੈ । ਸੋ ਇਸ ਤੋਂ ਸਪਸ਼ਟ ਹੈ ਕੇ ਆਦਮੀ ਆਪਣੀ ਬੁਧੀ ਸਦਕਾ ਹੀ ਦੇਵਤਾ ਤੇ ਦੈਂਤ ਕਹਾਉਂਦਾ ਹੈ । ਸੋ ਜੇ ਬੁਧੀ ਚੰਗੀ ਹੈ ਤਾਂ ਦੇਵ ਬੁਧੀ ਹੈ ਤੇ ਗਲਤ ਹੈ ਤਾਂ ਰਾਕਸ਼ ਬੁਧੀ ਹੈ । ਦੇਵ ਬੁਧੀ ਨੂੰ ਸਤੋਗੁਨੀ( ਦਯਾ , ਨਿਮਰਤਾ , ਦਾਨ , ਚੰਗੇ ਕਮ ਕਰਨਾ ) ਬੁਧੀ ਵੀ ਕਿਹਾ ਜਾ ਸਕਦਾ ਹੈ ਤੇ ਦੈਂਤ ਬੁਧੀ ਨੂੰ ਤਮੋਗੁਣੀ ਜਾਂ ਸ਼ੰਕਰ( ਸ਼ਿਵ ) ਬੁਧ ( ਕਾਮ ,ਕ੍ਰੋਧ, ਲੋਭ, ਮੋਹ , ਹੰਕਾਰ ਵਿਚ ਸਮਾਈ ਹੋਈ ) ਵੀ ਕਿਹਾ ਜਾ ਸਕਦਾ ਹੈ । ਹੁਣ ਦੇਖਿਆ ਜਾਵੇ ਤਾਂ ਸਤੋਗੁਣ ਬੁਧੀ ਵੀ ਮਾਯਾ ਤੇ ਤਿਨ ਗੁਣਾ ਵਿਚੋਂ ਹੀ ਹੈ , ਪਰ ਗੁਰੂ ਗਰੰਥ ਸਾਹਿਬ ਜੀ ਤਿਨਾ ਗੁਣਾ ਤੋਂ ਉੱਪਰ ਉਠ ਕੇ ਚੋਥੇ ਪਦ ਦੀ ਗਲ ਕਰਦੇ ਨੇ ।ਹੁਣ ਆਦਮੀ ਨੂੰ ਥੋੜਾ ਜਿਹਾ ਗਿਆਨ ਹੋਵੇ ਤਾਂ ਓਹ ਸਤੋਗੁਣੀ ਬੁਧੀ ਅਖਤਿਆਰ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਫਿਰ ਵੀ ਓਸ ਦੇ ਅੰਦਰ ਤਹਿ ਵਿਚ ਜੋ ਤਮੋਗੁਣ ਹੈ ਓਹ ਓਸ ਦੀ ਬੁਧੀ ਨੂੰ ਕਿਤੇ ਨਾ ਕਿਤੇ ਸੁੱਟ ਹੀ ਲੈਂਦਾ ਹੈ ।ਜਿਵੇਂ ਵੱਡੇ ਵੱਡੇ ਰਿਸ਼ੀਆਂ ਨਾਲ ਵੀ ਹੋਇਆ , ਕੇ ਸਾਰੀ ਉਮਰ ਬੰਦਗੀ ਕਰਦਿਆਂ ਲੰਘਾ ਦਿਤੀ ਤੇ ਫਿਰ ਕਾਮ ਨੇ ਆ ਕੇ ਸੁੱਟ ਲਿਆ । ਇਸ ਤਰਹ ਦਾ ਬੁਧੀ ਦੇ ਅੰਦਰਲਾ ਯੁਧ ਹਰ ਇਕ ਪ੍ਰਾਨੀ ਵਿਚ ਹਰ ਵਕਤ ਚਲਦਾ ਰਹਿੰਦਾ ਹੈ । ਇਸੇ ਹੀ ਬੁਧੀ ਦੇ ਆਪਸੀ ਯੁਧ ਨੂੰ ਇਸ ਚਰਿਤਰ ਵਿਚ ਕਹਾਣੀ ਦੇ ਰੂਪ ਵਿਚ ਦਸਿਆ ਗਿਆ ਹੈ । ਸ਼ੰਕਰ ਚਾਰਿਆ( ਤਮੋਗੁਣ ਦਾ ਸਿਰਦਾਰ) ਨਾ ਦਾ ਇਕ ਦੈਂਤ ਹੁੰਦਾ ਹੈ । ਓਸ ਕੋਲ ਇਕ ਸੰਜੀਵਨੀ ਮੰਤਰ ( ਮਨਮਤ ਦੀ ਵਿਦਿਆ ) ਹੁੰਦੀ ਹੈ । ਜਦ ਵੀ ਦੈਂਤਾਂ ਦਾ ਯੁਧ ਦੇਵਤਿਆਂ ਨਾਲ ਹੁੰਦਾ ਹੈ ਤਾਂ ਰਾਕਸ਼ ਮਰ ਜਾਂਦੇ ਨੇ । ਸ਼ੰਕਰ ਚਾਰਿਆ ਆਪਣੀ ਵਿਦਿਆ ਦਾ ਇਸਤੇਮਾਲ ਕਰ ਕੇ ਦੈਂਤਾਂ ਨੂੰ ਫਿਰ ਸੁਰਜੀਵ ਕਰ ਦਿੰਦਾ ਹੈ। ਹੁਣ ਦੇਵਤੇ ਇਸ ਗਲ ਤੋਂ ਕਾਫੀ ਔਖੇ ਹੁੰਦੇ ਨੇ ਤੇ ਓਹ ਓਸ ਦਾ ਇਹ ਮੰਤਰ ਸਿਖਣ ਵਾਸਤੇ ਇਕ ਦੇਵਤੇ ਨੂੰ ਭੇਸ ਬਦਲ ਕੇ ਭੇਜ ਦਿੰਦੇ ਨੇ । ਸ਼ੰਕਰ ਚਾਰਿਆ ਦੀ ਕੁੜੀ ਦਾ ਓਸ ਦੇਵਤੇ ਦਾ ਰੂਪ ਦੇਖ ਕੇ ਦਿਲ ਮੋਹਿਤ ਹੋ ਜਾਂਦਾ ਹੈ ਤੇ ਓਸ ਨੂੰ ਕਾਮ ਘੇਰ ਲੈਂਦਾ ਹੈ । ਹੁਣ ਜਦ ਰਾਕਸ਼ਾਂ ਨੂੰ ਪਤਾ ਲਗਦਾ ਹੈ ਕੇ ਇਹ ਇਕ ਦੇਵਤਾ ਹੈ ਓਹ ਇਸ ਨੂੰ ਮਾਰ ਦਿੰਦੇ ਨੇ , ਪਰ ਦੈਂਤ ਦੀ ਕੁੜੀ ਆਪਣੇ ਪਿਓ ਨੂੰ ਕਹਿ ਕੇ ਓਸ ਨੂੰ ਫਿਰ ਜਿੰਦਾ ਕਰਵਾ ਦਿੰਦੀ ਹੈ । ਇਹ ਖੇਲ ਇਸੇ ਤਰਹ ਕਿੰਨੀ ਦੇਰ ਤਕ ਚਲਦਾ ਰਹਿੰਦਾ ਹੈ । ਦੈਂਤ ਇਕ ਦਿਨ ਦੁਖੀ ਹੋ ਕੇ ਦੇਵਤੇ ਨੂੰ ਸ਼ਰਾਬ ਵਿਚ ਸੁੱਟਣ ਤੋਂ ਬਾਅਦ ਵੱਡ ਕੇ ਦੈਂਤਾਂ ਨੂੰ ਖਵਾ ਦਿੰਦੇ ਨੇ। ਜਦ ਦੇਵਤਾ ਵਾਪਿਸ ਨਹੀਂ ਆਂਦਾ ਤਾਂ ਸ਼ੰਕਰ ਚਾਰਿਆ ਦੀ ਕੁੜੀ ਆਪਣੇ ਪਿਓ ਨੂੰ ਕਹਿੰਦੀ ਹੈ ਕੇ ਓਸ ਨੂੰ ਲੱਭ ਕੇ ਜਿੰਦਾ ਕਰੋ । ਦੈਂਤ ਧਿਆਨ ਲਗਾ ਕੇ ਦੇਖਦਾ ਹੈ ਤਾਂ ਓਸ ਨੂੰ ਪਤਾ ਲਗਦਾ ਹੈ ਕੇ ਦੇਵਤਾ ਤਾਂ ਓਸ ਦੇ ਆਪਣੇ ਪੇਟ ਵਿਚ ਹੀ ਹੈ । ਓਹ ਆਪਣਾ ਪੇਟ ਚੀਰ ਕੇ ਦੈਂਤ ਨੂੰ ਬਾਹਰ ਕੱਢ ਕੇ ਮੁੜ ਸੁਰਜੀਵ ਕਰ ਦਿੰਦਾ ਹੈ । ਹੁਣ ਜਦੋਂ ਦੇਵਤਾ ਦੈਂਤ ਤੋਂ ਸੰਜੀਵਨੀ ਵਿਦਿਆ ਸਿਖ ਲੈਂਦਾ ਹੈ ਤਾਂ ਦੈਂਤ ਦੀ ਕੁੜੀ ਓਸ ਨੂੰ ਆਪਣੇ ਨਾਲ ਕਾਮ ਕਰਨ ਲਈ ਕਹਿੰਦੀ ਹੈ । ਦੇਵਤੇ ਦੇ ਮਨਾ ਕਰਨ ਤੇ ਦੈਂਤ ਦੀ ਕੁੜੀ ਆਪਣੇ ਪਿਓ ਨੂੰ ਕਹਿ ਕੇ ਓਸ ਨੂੰ ਸਰਾਪ ਦਿਵਾ ਕੇ ਸੰਜੀਵਨੀ ਵਿਦਿਆ ਦਾ ਨਾਸ ਕਰ ਦਿੰਦੀ ਹੈ । ਅਖੀਰ ਵਿਚ ਲਿਖਿਆ ਹੈ ਕੇ ਕਿਦਾਂ ਦੈਂਤ ਦੀ ਕੁੜੀ ਹੀ ਹਰ ਵਾਰ ਓਸ ਨੂੰ ਸੁਰਜੀਵ ਕਰਵਾਂਦੀ ਹੈ ਤੇ ਕਿਦਾਂ ਅਖੀਰ ਵਿਚ ਆਪ ਹੀ ਕਾਮ ਵਾਸ ਹੋਈ ਓਸ ਦਾ ਪਰਹਾਰ ਕਰਵਾਂਦੀ ਹੈ । ਜੇ ਇਸ ਦਾ ਮਨੋਵਿਗਿਆਨਿਕ ਨਰੀਖਣ ਕੀਤਾ ਜਾਵੇ ਤਾਂ ਇਹ ਚੀਜ਼ ਨਿਕਲਦੀ ਹੈ ਕੇ ਕਿਦਾਂ ਮਨੁਖ ਦੀ ਸਤੋਗੁਣੀ ( ਦੇਵ) ਬੁਧੀ ਆਪਣੀ ਸ਼ੰਕਰ ( ਤਮੋਗੁਣੀ , ਦੈਂਤ ਬੁਧੀ ) ਨਾਲ ਹਰ ਰੋਜ਼ ਲੜਦੀ ਹੈ ਤੇ ਦੈਂਤ ਬੁਧੀ ਨੂੰ ਮਾਰ ਵੀ ਦਿੰਦੀ ਹੈ ਪਰ ਜੋ ਵਿਕਾਰਾਂ ਦਾ ਸਰਦਾਰ ਹੈ ( ਤਮੋਗੁਣ ) ਓਹ ਫਿਰ ਓਹਨਾ ਦੈਂਤ ਬੁਧੀਆਂ ਨੂੰ ਜਿੰਦਾ ਕਰ ਦਿੰਦਾ ਹੈ । ਹੁਣ ਦੈਂਤ ਸੁਰਜੀਵ ਵੀ ਵਿਦਿਆ ਕਰ ਕੇ ਹੁੰਦੇ ਹਨ, ਭਾਵ ਤਮੋਗੁਣੀ ਬੁਧੀ ਦੀ ਸੰਜੀਵਨੀ ਮਨਮਤ ਦੀ ਵਿਦਿਆ ਹੈ , ਪਰ ਅਸਲ ਵਿਚ ਇਹਨਾ ਦੈਂਤਾਂ ਨੂੰ ਮਾਰਨ ਲਈ ਇਸ ਵਿਦਿਆ ਦਾ ਗਿਆਨ ਹੋਣਾ ਵੀ ਬਹੁਤ ਜਰੂਰੀ ਹੈ, ਭਾਵ ਇਹਨਾ ਦੇ ਮੁੜ ਮੁੜ ਸੁਰਜੀਤ ਹੋਣ ਦਾ ਭੇਦ ਪਤਾ ਹੋਣਾ ਬਹੁਤ ਜਰੂਰੀ ਹੈ ਵਰਨਾ ਇਹ ਕਦੀਂ ਵੀ ਨਹੀਂ ਮਰਨਗੇ । ਇਸੇ ਲਈ ਦੇਵ ਬੁਧੀ ਇਹਨਾ ਵਿਚ ਵੜ ਕੇ ਇਹਨਾ ਦਾ ਭੇਤ ਸਮਝਣ ਦੀ ਕੋਸ਼ਿਸ਼ ਕਰਦੀ ਹੈ , ਪਰ ਤ੍ਰਿਸ਼ਨਾ ਰੂਪ ਕਾਮ ਓਸ ਬੁਧੀ ਨੂੰ ਆਪਣੇ ਕਬਜੇ ਵਿਚ ਕਰਨ ਦੀ ਕੋਸ਼ਿਸ਼ ਕਰਦਾ ਹੈ । ਤਮੋਗੁਣੀ ਬੁਧੀ ਵਿਚ ਰਹਿੰਦੇ ਹੋਏ ਵੀ ਸਤੋਗੁਣ ਪਖ ਰੋਜ ਮਰ ਕੇ ਵੀ ਫਿਰ ਤਮੋਗੁਣ ਦੀ ਬਦੋਲਤ ਹੀ ਜਿੰਦਾ ਰਹਿੰਦਾ ਹੈ , ਭਾਵ ਸਤੋਗੁਣੀ ਹੋ ਕੇ ਵੀ ਤਮੋਗੁਣ ਵਿਚ ਵਿਚਰਦਿਆਂ ਵੀ , ਤਮੋਗੁਣ ਦੀ ਦਯਾ ਤੇ ਹੈ , ਤੇ ਤਮੋਗੁਣ ਦਾ ਜਦੋਂ ਦਿਲ ਕਰਦਾ ਏਸ ਨੂੰ ਜਿੰਦਾ ਕਰ ਦਿੰਦਾ ਤੇ ਜਦੋਂ ਦਿਲ ਕਰਦਾ ਮਾਰ ਦਿੰਦਾ। ਅੱਗੇ ਜਾ ਕੇ ਇਸ ਨੂੰ ਸ਼ਰਾਬ ( ਜਿਸ ਨਾਲ ਬੁਧੀ ਦਾ ਨਾਸ਼ ਹੋ ਜਾਂਦਾ ਭਾਵ ਮਨਮਤ ) ਪਿਆ ਕੇ ਮਾਰ ਦਿਤਾ ਜਾਂਦਾ ਤੇ ਇਹ ਮਾਰ ਕੇ ਫਿਰ ਤਮੋਗੁਣ ਦੇ ਪੇਟ ਵਿਚ ਪਹੁੰਚ ਜਾਂਦਾ ਹੈ , ਪਰ ਕਾਮੀ ਤ੍ਰਿਸ਼ਨਾ ਫਿਰ ਇਸ ਨੂੰ ਸੁਰਜੀਤ ਕਰਵਾਣ ਦੀ ਕੋਸ਼ਿਸ਼ ਕਰਦੀ ਹੈ ਤਾਂ ਕੇ ਇਹ ਦੇਵ ਬੁਧੀ ਜੋ ਮਰ ਗਈ ਹੈ ( ਭਾਵ ਮਤ ਜੋ ਮਰ ਗਈ ਹੈ ) ਨੂੰ ਕਾਮ ਦੀ ਅੱਗ ਵਿਚ ਉਲਝਾਇਆ ਜਾ ਸਕੇ । ਪਰ ਕਿਓਂ ਕੇ ਬੁਧੀ ਪਹਿਲਾਂ ਸ੍ਤੋਗੁਨੀ ਪ੍ਰਭਾਵ ਹੇਠ ਹੁੰਦੀ ਹੈ, ਸੋ ਓਹ ਕਾਮੀ ਤ੍ਰਿਸ਼ਨਾ ਦੇ ਜਲ ਵਿਚ ਨਹੀਂ ਫਸਦੀ । ਪਰ ਤਮੋਗੁਣ ( ਸ਼ੰਕਰ ਚਾਰਿਆ ) ਦੈਂਤ ਓਸ ਤੋਂ ਦੈਂਤਾ (ਸੰਜੀਵਨੀ) ਨੂੰ ਸੁਰਜੀਵ ਕਰਨ ਵਾਲੀ ਵਿਦਿਆ ਦਾ ਰਾਜ ਖੋ ਲੈਂਦਾ ਹੈ । ਭਾਵ ਆਦਮੀ ਸਤੋਗੁਣ ਵਿਚ ਰਹਿੰਦਾ ਹੋਇਆ , ਰੋਜ ਤਮੋਗੁਣ ਕੋਲੋਂ ਮਰਦਾ ਤੇ ਫਿਰ ਜਿੰਦਾ ਹੁੰਦਾ ਤੇ ਤ੍ਰਿਸ਼ਨਾਵਾਂ ਦੇ ਜਲ ਤੋਂ ਬਚਨ ਦੀ ਕੋਸ਼ਿਸ਼ ਵੀ ਕਰਦਾ ਪਰ ਇਹਨਾ ਤ੍ਰਿਸ਼ਨਾਵਾ ਦੇ ਸੁਰਜੀਤ ਹੋਣ ਦਾ ਕਦੀ ਵੀ ਭੇਦ ਨਹੀਂ ਸਮਝ ਸਕਦਾ । ਏਸ ਨੂੰ ਜੇ ਦੁਨਿਆਵੀ ਨਜਰ ਤੋਂ ਦੇਖਿਆ ਜਾਵੇ, ਕੋਈ ਆਦਮੀ ਗੁਰਸਿਖ ਬਣਨ ਦੀ ਕੋਸ਼ਿਸ਼ ਕਰਦਾ , ਪਰ ਵਿਕਾਰਾਂ ਦਾ ਭੇਦ ਨਾ ਹੋਣ ਕਰ ਕੇ , ਇਹ ਵਿਕਾਰ ਫਿਰ ਤੋਂ ਜਿੰਦਾ ਹੋ ਕੇ ਇਸ ਨੂੰ ਤੰਗ ਕਰਦੇ ਹਨ ਤੇ ਇਹ ਕਦੀਂ ਕਾਮ ਰੂਪੀ ਤ੍ਰਿਸ਼ਨਾ ਵਿਚ ਉਲਝ ਜਾਂਦਾ ਹੈ ਕਦੀਂ ਕਿਸੇ ਹੋਰ ਤ੍ਰਿਸ਼ਨਾ ਵਿਚ । ਇਹ ਤ੍ਰਿਸ਼ਨਾਵਾਂ ਹੀ ਇਸ ਨੂੰ ਜਿੰਦਾ ਰਖਦੀਆਂ ਹਨ ਤੇ ਤ੍ਰਿਸ਼ਨਾਵਾਂ ਹੀ ਇਸ ਨੂੰ ਮਰ ਦਿੰਦਿਆਂ ਹਨ । ਇਹ ਇਹਨਾ ਦਾ ਭੇਦ ਪਾਉਣ ਦੀ ਕੋਸ਼ਿਸ਼ ਵੀ ਕਰਦਾ ਹੈ , ਪਰ ਪਾ ਨਹੀਂ ਸਕਦਾ , ਕਿਓਂ ਕੇ ਤ੍ਰਿਸ਼ਨਾ ਹੀ ਨਹੀਂ ਚਾਹੁੰਦੀ ਕੇ ਓਸ ਦਾ ਭੇਦ ਇਸ ਨੂੰ ਪਤਾ ਲੱਗੇ। ਹੁਣ ਆਪ ਨੂੰ ਇਹ ਅੰਦਾਜਾ ਹੋ ਹੀ ਗਿਆ ਹੋਣਾ ਕੇ ਇਨੇ ਗੁੰਜਲ ਦਾਰ ਭੇਦ ਨੂੰ ਜੇ ਕਵਿਤਾ ਵਿਚ ਦਸਣਾ ਹੋਵੇ ਤਾਂ ਕਹਾਣੀ ਦਾ ਸਹਾਰਾ ਲੇਣਾ ਪੈਂਦਾ ਹੈ । ਵਰਨਾ ਇਹ ਸਭ ਸਰੋਤਿਆਂ ਦੇ ਉੱਪਰ ਦੀ ਨਿਕਲ ਜਾਂਦੀ ਹੈ ਪਰ ਓਸ ਕਹਾਣੀ ਨੂੰ ਪੜਨ ਵਾਸਤੇ ਇਕ ਤੀਖਣ ਬੁਧੀ ਵੀ ਚਾਹੀਦੀ ਹੁੰਦੀ ਹੈ ।
ਦਾਸ,
ਡਾ ਕਵਲਜੀਤ ਸਿੰਘ copyright @ TejwantKawaljit Singh. Any material edited without the written permission of the author will lead to a legal action against the cost of the editor