Monday, 9 January 2012

ਚਰਿਤਰ ੧੫੯

ਘਰਾਂ ਵਿਚ ਜਿਆਦਾ ਤਰ ਲੜਾਈ ਦਾ ਕਾਰਨ ਇਕ ਦੂਜੇ ਤੇ ਬੇਲੋੜਾ ਸ਼ਕ ਕਰਨਾ ਹੀ ਹੁੰਦਾ ਹੈ ।ਕਈ ਵਾਰੀ ਗੱਲ ਹੁੰਦੀ ਵੀ ਨਹੀਂ ਤੇ ਰਾਈ ਦਾ ਪਹਾੜ ਬਣ ਜਾਂਦਾ ਹੈ । ਹੋਰ ਤੇ ਹੋਰ , ਕਈ ਵਾਰ ਸੁਖੀ ਵਸਦੇ ਘਰ ਵਿਚ ਕੋਈ ਬਾਹਰ ਦਾ ਬੰਦਾ ਜਾਣ ਬੁਝ ਕੇ ਫੂਕ ਮਾਰ ਜਾਂਦਾ ਹੈ ਕੇ ਮੀਆਂ ਬੀਵੀ ਭਰਮ ਵਿਚ ਹੀ ਆਪਣਾ ਘਰ ਬਾਰ ਉਜਾੜ ਸੁਟਦੇ ਨੇ । ਜੇ ਇਕ ਪਰਿਵਾਰ ਦੇ ਵਿਚ ਰਹਿੰਦਿਆਂ, ਪਰਿਵਾਰ ਦੇ ਜੀਅ ਇਕ ਦੂਜੇ ਤੇ ਭਰੋਸਾ ਰੱਖਣ ਤਾਂ ਪਰਿਵਾਰ ਸੁਖ ਸ਼ਾਂਤੀ ਨਾਲ ਚਲਦਾ ਹੈ । ਇਕ ਹੋਰ ਗੱਲ ਜੋ ਅੱਜ ਬਹੁਤ ਮਹਤਵ ਪੂਰਨ ਹੈ ਕੇ ਜੇ ਪਾਰਿਵਾਰਿਕ ਜੀਅ ਆਪਸ ਵਿਚ ਠੀਕ ਤਰਹ ਨਾਲ ਨਾ ਪੇਸ਼ ਆਣ ਤਾਂ ਬਾਹਰ ਦੇ ਲੋਕਾਂ ਲਈ ਘਰ ਉਜਾੜਨਾ ਹੋਰ ਵੀ ਸੋਖਾ ਹੋ ਜਾਂਦਾ ਹੈ । ਇਹੋ  ਗੱਲ ਇਸ ਚਰਿਤਰ ਵਿਚ ਦੱਸੀ ਗਈ ਹੈ । ਇਕ ਰਾਜੇ ਦੀਆਂ ਕਈ ਰਾਣੀਆ ਹੁੰਦੀਆਂ ਨੇ । ਓਹ ਸਾਰੀਆਂ ਵੱਲ ਧਿਆਨ ਨਾ ਦੇ ਕੇ ਸਿਰਫ ਇਕ ਨਾਲ ਹੀ ਜਿਆਦਾ ਸਮਾ ਗੁਜਾਰਦਾ ਸੀ । ਹੋਇਆ ਕੀ ਕੇ ਬਾਕੀ ਰਾਣੀਆ ਨੇ ਬਹੁਤ ਤੰਤਰ ਮੰਤਰ ਕਰਵਾ ਕੇ ਰਾਜੇ ਨੂੰ  ਵੱਸ ਕਰਨਾ ਚਾਹਿਆ, ਪਰ ਕੁਛ ਨਾ ਬਣਿਆ। ਰਾਣੀਆਂ ਦੀ ਇਕ ਦਾਸੀ ਸੀ ਜੋ ਇਹਨਾ ਰਾਣੀਆਂ ਕੋਲ ਗਈ ਤੇ ਕਹਿੰਦੀ ਕੇ ਜੇ ਮੈਂ ਰਾਜੇ ਦਾ ਧਿਆਨ ਤੁਹਾਡੇ ਵੱਲ ਕਰ ਦੇਵਾਂ ਤਾਂ ਮੈਨੂੰ  ਕੀ ਦੇਵੋਗੀਆਂ  । ਲਾਲਚ ਵਸ , ਦਾਸੀ ਰਾਜੇ ਕੋਲ ਜਾਂਦੀ ਹੈ ਤੇ ਰਾਜਾ ਓਸੇ ਰਾਣੀ ਨਾਲ ਬੈਠਾ ਹੁੰਦਾ ਹੈ । ਦਾਸੀ ਜਾ ਕੇ ਪਹਿਲਾ ਰਾਣੀ ਦੇ ਕੰਨ ਕੋਲ ਜਾ ਕੇ ਕੁਛ ਦੱਸਣ ਦਾ ਨਾਟਕ ਕਰਦੀ ਹੈ , ਪਰ ਦੱਸਦੀ ਕੁਛ ਨਹੀਂ । ਫਿਰ ਇਹੀ ਚੀਜ਼ ਓਹ ਰਾਣੀ ਦੇ ਦੇਖਦਿਆਂ ਰਾਜੇ ਨਾਲ ਕਰਦੀ ਹੈ । ਹੁਣ ਰਾਜਾ ਰਾਣੀ ਨੂੰ  ਪੁਛਦਾ ਹੈ ਕੇ ਇਹ ਤੈਨੂੰ  ਕੀ ਕਹਿ ਕੇ ਗਈ ਹੈ , ਤਾਂ ਰਾਣੀ ਚੁੱਪ ਕਰ ਜਾਂਦੀ ਹੈ । ਫਿਰ ਕਹਿੰਦੀ ਹੈ ਕੇ ਕੁਛ ਵੀ ਨਹੀਂ । ਰਾਣੀ ਫਿਰ ਰਾਜੇ ਨੂੰ  ਪੁਛਦੀ ਹੈ ਕੇ ਤੈਨੂੰ  ਕੀ ਕਹਿ ਕੇ ਗਈ ਹੈ ਤਾਂ ਰਾਜਾ ਵੀ ਓਹੀ ਉੱਤਰ ਦਿੰਦਾ ਹੈ । ਇਥੋਂ ਹੀ ਆਪਸ ਵਿਚ ਭਰਮ ਦੀ ਦੀਵਾਰ ਖੜੀ ਹੋ ਜਾਂਦੀ ਹੈ ਤੇ ਨਤੀਜਾ ਇਹ ਨਿਕਲਦਾ ਹੈ ਕੇ ਰਾਜਾ ਓਸ ਰਾਣੀ ਦਾ ਸਾਥ ਛੱਡ ਦਿੰਦਾ । ਇਸ ਕਹਾਣੀ ਤੋਂ ਕਈ ਸਿਖਿਆਵਾਂ ਮਿਲਦੀਆਂ ਹਨ । ਠੀਕ ਹੈ ਕੇ ਅੱਜ ਕੱਲ ਬਹੁ ਵਿਆਹ ਪ੍ਰਥਾ ਨਹੀਂ ਹੈ , ਪਰ ਫਿਰ ਵੀ ਘਰ ਵਿਚ ਹੋਰ ਵੀ ਕਾਫੀ ਜਾਣੇ ਹੁੰਦੇ ਨੇ ਜਿਵੇਂ ਪਤਨੀ , ਮਾਤਾ , ਭੈਣ ਭਰਾ । ਜੇ ਕੋਈ ਬਾਹਰ ਦਾ ਬੰਦਾ ਆ ਕੇ ਕੋਈ ਚੁਗਲੀ ਲਾ ਜਾਵੇ ਤਾਂ ਆਪਣਿਆਂ ਤੇ ਸ਼ੱਕ ਨਹੀਂ ਸ਼ੁਰੂ ਕਰ ਦੇਣਾ ਚਾਹਿਦਾ, ਸਗੋਂ ਮਿਲ ਬੈਠ ਕੇ ਗੱਲ ਨੂੰ  ਗੋਰ ਨਾਲ ਵਿਚਾਰਨਾ ਚਾਹਿਦਾ ਹੈ ਤਾਂ ਜੋ ਸਮੱਸਿਆ ਨੂੰ  ਹੱਲ ਕੀਤਾ ਜਾ ਸਕੇ । ਦੂਜੀ ਗੱਲ ਕਿ ਘਰ ਵਿਚ ਸਾਰੇ ਪਰਿਵਾਰਕ ਜੀਅ ਆਪਸ ਵਿਚ ਪੂਰਾ ਸਮਾ ਗੁਜਰਨ ਤਾਂ ਕੇ ਕਿਸੇ ਨੂੰ  ਇਹ ਨਾ ਲੱਗੇ ਕੇ ਫਲਾਣਾ ਜੀਅ ਮੇਰੇ ਨਾਲ ਘੱਟ ਸਮਾ ਗੁਜਾਰਦਾ ਤੇ ਦੂਜੇ ਨਾਲ ਵੱਧ ।   ਇੱਕ ਹੋਰ ਗੱਲ ਜੋ ਇਸ ਕਹਾਣੀ ਵਿਚ ਗੋਰ ਕਰਨ ਵਾਲੀ ਹੈ ਕੇ ਜਦੋਂ ਪਰਿਵਾਰ ਵਿਚ ਸੁਖ ਸ਼ਾਂਤੀ ਨਹੀਂ ਰਹਿੰਦੀ ਤਾਂ ਲੋਕ ਪੰਡਤਾਂ , ਤਾਂਤ੍ਰਿਕਾਂ ਕੋਲ ਭੱਜਦੇ ਨੇ ਤੇ ਓਹਨਾ ਦੇ ਕਰਕੇ ਹੀ ਪੈਸਾ ਵੀ ਉਜਾੜ ਦਿੰਦੇ ਨੇ । ਪਰ ਜੰਤਰਾਂ ਮੰਤਰਾਂ ਨਾਲ ਟੁੱਟੇ ਘਰ ਨਹੀਂ ਹਰੇ ਹੁੰਦੇ । ਘਰ ਚਲਦੇ ਨੇ ਆਪਸੀ ਪਿਆਰ ਤੇ  ਇਤਬਾਰ ਨਾਲ  
ਦਾਸ,
ਡਾ ਕਵਲਜੀਤ ਸਿੰਘ copyright@ tejwant kawaljit singh. Any editing done without the written permission of the author  will lead to a legal action at the cost of editor