Tuesday, 17 January 2012

ਚਰਿਤਰ ੧੭੭

ਚਰਿਤਰ ੧੭੭
ਦੁਨੀਆ ਵਿਚ ਬਹੁਤ ਪ੍ਰਕਾਰ ਦੀ ਬੁਧੀ ਹੈ , ਕੋਈ ਬੁਧੀ ਸਿਆਣੀ ਹੈ ਤੇ ਕੋਈ ਮੂਰਖ ।ਕੋਈ ਚਲਾਕ ਹੈ ਤੇ ਕੋਈ ਸਧਾਰਨ । ਕਈ ਵਾਰੀ ਇਕ ਚੁਸਤ ਬੁਧੀ ਆਮ ਲੋਕਾਂ ਨੂੰ  ਪਿਛੇ ਲਾ ਕੇ ਓਹਨਾ ਕੋਲੋਂ ਵੀ ਫਿਆਦਾ ਲੈ ਜਾਂਦੀ ਹੈਇਸੇ ਲਈ ਇਸ ਬੁਧੀ ਦਾ ਕੋਈ ਪਾਰ ਨਹੀਂ ਪਾ ਸਕਿਆ । ਭਾਵੇਂ ਇਹ ਬੁਧੀ ਕਿੰਨੀ ਵੀ ਸਿਆਣੀ ਕਿਓਂ ਨਾ ਹੋਵੇ , ਪਰ ਖੇਡਦੀ ਇਹ ਤਰੈ ਗੁਣ ਮਾਇਆ ਦੇ ਘਰ ਵਿਚ ਹੀ ਹੈ , ਭਾਵ ਇਸ ਤੇ ਸਤੋ ਗੁਣ , ਤਮੋਗੁਣ ਤੇ ਰਜੋ ਗੁਣ ਦਾ ਪ੍ਰਭਾਵ ਰਹਿੰਦਾ ਹੀ ਹੈ ਬਸ਼ਰਤੇ ਕਿਸੇ ਗੁਰਮੁਖ ਨੇ ਗੁਰੂ ਦੀ ਮਤ ਲੈ ਕੇ ਬੁਧੀ ਨੂੰ  ਫਤਿਹ  ਕਰ ਕੇ ਚੋਥੇ ਪਦ ਵਿਚ ਰਹਿਣਾ ਸਿਖ ਲਿਆ ਹੋਵੇ  ।  ਇਸ ਮਨਮਤ ਰੂਪੀ ਬੁਧੀ ਦਾ ਸਿਰਜਨਹਾਰ ਤਰੈ ਗੁਣ ਮਾਇਆ ਵਿਚੋਂ ਉਪਜੀ ਤ੍ਰਿਸ਼ਨਾ ਹੀ ਹੈ ਜਿਵੇਂ ਰਜੋ ਗੁਣ ਭਾਵ ਆਸ਼ਾ  ਅਭਿਲਾਸ਼ਾ ਆਦਿ , ਸਤੋ ਗੁਣ ਜਿਵੇਂ ਦਯਾ ਨਿਮਰਤਾ ਆਦਿ  ਤੇ ਤਮੋਗੁਣ ਜਿਵੇ ਕਾਮ ਕ੍ਰੋਧ ਲੋਭ ਹੰਕਾਰ ਆਦਿ । ਸੋ ਮਤਲਬ ਕੇ ਇਸ ਮਨਮਤ ਬੁਧੀ ਦਾ ਕਰਤਾ ਤਰੈ ਗੁਣ ਮਾਇਆ ਹੀ ਹੈ ਤੇ ਕਈ ਵਾਰੀ ਏਸ ਤਰੈ ਗੁਣੀ ਮਾਇਆ ਵਲੋਂ ਬਣਾਈ ਇਹ ਬੁਧੀ ਅਨੇਕਾਂ ਤ੍ਰਿਸ਼ਨਾਵਾਂ ਵਿਚ ਇਨੀ ਲੁਪਤ ਹੋ ਜਾਂਦੀ ਹੈ ਕੇ ਇਸ ਨੂੰ  ਬਣਾਨ ਵਾਲੀ ਮਾਇਆ ਵੀ ਸੋਚਦੀ ਹੈ ਕੇ ਮੈਂ ਕੀ ਬਣਾ ਬੈਠੀ ਹਾਂ  ਭਾਵ ਇਸ ਨੂੰ  ਬਣਾ ਕੇ ਪਛਤਾਉਂਦੀ ਹੈ    ਸੋਚਿਆ ਕੁਛ ਹੋਰ ਹੁੰਦਾ, ਹੋ ਕੁਛ ਹੋਰ ਜਾਂਦਾ । ਇਸ ਚਰਿਤਰ ਵਿਚ ਵੀ ਇਕ ਵਿਦਵਾਨ ਬੁਧੀ ਦਾ ਜਿਕਰ ਕੀਤਾ ਗਿਆ ਹੈ । ਇਕ ਰਾਜਕੁਮਾਰੀ ਹੈ ਜੋ ਬਹੁਤ ਵਿਦਵਾਨ ਤੇ ਸਿਆਣੀ ਹੈ । ਓਹ ਇਕ ਕਿਸ਼ਤੀ ਵਿਚ ਆਪਣੀਆਂ ੫੦ ਸਹੇਲੀਆਂ ਨਾਲ ਅਸਵਾਰ ਹੁੰਦੀ ਹੈ ਤੇ ਕਿਸ਼ਤੀ ਵਿਚ ਇਕ ਬਹੁਤ ਵੱਡੀ ਮਸ਼ਾਲ ਜਲਾ ਲੈਂਦੀ ਹੈ । ਕਿਸ਼ਤੀ ਸਮੁੰਦਰ ਵੱਲ ਨੂੰ  ਤੋਰ ਲੈਂਦੀ ਹੈ । ਜਦੋਂ ਸਮੁੰਦਰ ਦੇ ਵਿਚਕਾਰ ਪਹੁੰਚ ਜਾਦੀਂ ਹੈ ਤਾਂ ਸਮੁੰਦਰ ਵਿਚ ਕਛੁ, ਮਛੁ ਮਿਸ਼ਾਲ ਨੂੰ  ਦੇਖ ਕੇ ਕਿਸ਼ਤੀ ਦੇ ਪਿਛੇ ਲੱਗ ਤੁਰਦੇ ਨੇ । ਓਹ ਆਪਣੇ ਨਾਲ ਹੀ ਸਮੁੰਦਰ ਦੇ ਮੋਤੀ ਜਵਾਹਰਾਤ ਨਾਲ ਲੈ ਕੇ ਸਮੁੰਦਰ ਦੀ ਸਤਹ ਤੇ ਆ ਜਾਂਦੇ ਨੇ । ਓਹ ਸੋਚਦੇ ਨੇ ਕੇ ਆਪਾਂ ਏਸ ਮਿਸ਼ਾਲ ਨੂ ਖਾਵਾਂਗੇ ਤੇ ਘਰ ਵਾਪਿਸ ਆ ਜਾਂਦੇ ਨੇ ਥੋੜੀ ਦੇਰ ਬਾਅਦ ਰਾਜਕੁਮਾਰੀ ਮਿਸ਼ਾਲ ਬੁਝਾ  ਦਿੰਦੀ ਹੈ ਤੇ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਸਾਰੇ ਰਤਨ ਚੱਕ ਲੈਂਦੀ ਹੈ ਤੇ ਬੁਝੀ ਹੋਈ ਮਿਸ਼ਾਲ ਦੇਖ ਕੇ ਕਛੁ ਤੇ ਮਛੁ ਮਨ ਵਿਚ ਬਹੁਤ ਦੁਖੀ ਹੁੰਦੇ ਤੇ ਝੂਰਦੇ ਨੇ । ਇਸ ਤਰਹ ਓਹ ਸਾਰੇ ਰਤਨ ਇਕਠੇ ਕਰ ਕੇ ਵਾਪਿਸ ਆ ਜਾਂਦੀ ਹੈ । ਭਾਵ ਇਕ ਤੀਖਣ ਬੁਧੀ (ਰਾਜਕੁਮਾਰੀ) ਗਿਆਨ ਦੇ ਸਮੁੰਦਰ ਵਿਚ ਵੜ ਕੇ ਗਿਆਨੀ ਬੁੱਧੀਆਂ ਨੂੰ ਤ੍ਰਿਸ਼ਨਾ ਨਾਲ ਆਪਣੀ ਤਰਫ਼ ਆਕਰਸ਼ਤ ਕਰ ਕੇ ਓਹਨਾ ਦੀ ਗਿਆਨ ਹਾਸਿਲ ਕਰ ਕੇ ਓਹ ਜਾਂਦੀ ਹੈ ਤੇ ਗਿਆਨੀ ਸੱਜਣ ਵਿਚਾਰੇ ਦੇਖਦੇ ਹੀ ਰਹਿ ਜਾਂਦੇ ਨੇ। ਗਿਆਨੀ ਬੁਧੀਆਂ ਵੀ ਅਸਲ ਵਿਚ ਇਸ ਤ੍ਰਿਸ਼ਨਾ ਦੇ ਜਾਲ ਵਿਚ ਫਸ ਜਾਂਦੀਆਂ ਨੇ ਕਿ ਸ਼ਾਇਦ ਸਾਨੂੰ ਵੀ ਇਹ ਮਿਲ ਜਾਵੇ, ਪਰ ਓਹਨਾ ਸਾਰਿਆਂ ਵਿਚੋਂ ਸਭ ਤੋਂ ਸਿਆਣੀ ਬੁਧੀ , ਜੋ ਰਾਜਕੁਮਾਰੀ ਦੀ ਹੈ , ਹੀਰੇ ਮੋਤੀ ਭਾਵ ਉਤਮ  ਗਿਆਨ ਹਾਸਿਲ ਕਰ ਕੇ ਨਿਕਲ ਜਾਂਦੀ ਹੈ । ਸੋਖੇ ਸ਼ਬਦਾਂ ਵਿਚ  ਭਾਵ ਇਕ ਚਲਾਕ ਵਿਦਵਾਨ ਕਿਸੇ ਪ੍ਰਕਾਰ ਦਾ ਲਾਲਚ ਦੇ ਕੇ ਬਾਕੀ ਦੇ ਵਿਦਵਾਨਾ ਦਾ ਕੰਮ ਵੀ ਆਪਣੇ ਨਾਮ ਕਰ ਜਾਂਦਾ ਹੈ ਤੇ ਬਾਕੀ ਮੂੰਹ ਦੇਖਦੇ ਰਹੀ ਜਾਂਦੇ ਹਨ 
ਦਾਸ ,
ਡਾ ਕਵਲਜੀਤ ਸਿੰਘ  copyright @ tejwantkawaljit singh Any editing done without the written permission of the author will lead to a legal action at the cost of the editor

ਚਰਿਤਰ ੧੭੬

ਚਰਿਤਰ ੧੭੬
ਜਿਵੇਂ ਕੇ ਅਸੀਂ ਪਹਿਲਾਂ ਵੀ ਵਿਚਾਰ ਕੀਤਾ ਹੈ ਕਿ ਹਰ ਇਕ ਮਨੁਖ ਭਾਵੇਂ ਓਹ ਆਦਮੀ ਹੋਵੇ ਤੇ ਭਾਵੇਂ ਇਸਤਰੀ , ਓਸ  ਵਿਚ ਓਹੀ ਇਕ ਜੋਤ ਹੈ , ਫ਼ਰਕ ਹੈ ਤਾਂ ਸਿਰਫ ਬੁਧੀ ਦਾ । ਮੋਟੇ ਤੋਰ ਤੇ ਦੇਖਿਆ ਜਾਵੇ ਤਾਂ ਬੁਧੀ ਵੀ ਦੋ ਪ੍ਰਕਾਰ ਦੀ ਹੁੰਦੀ ਹੈ , ਗੁਰਮਤ ਤੇ ਮਨਮਤ ।ਜਿਥੇ ਗੁਰਮਤ ਬਾਰੇ ਵਿਸਥਾਰ ਵਿਚ ਗੁਰੂ ਗਰੰਥ ਸਾਹਿਬ ਤੇ ਸ੍ਰੀ ਦਸਮ ਗਰੰਥ ਵਿਚ ਦਸਿਆ ਹੈ , ਓਥੇ ਮਨਮਤ ਬਾਰੇ ਵੀ ਵਿਸਥਾਰ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਤੇ ਸ੍ਰੀ ਦਸਮ ਗਰੰਥ ਵਿਚ ਦਸਿਆ ਹੈ। ਸਗੋਂ ਸ੍ਰੀ ਦਸਮ ਗਰੰਥ ਵਿਚ ਤਾਂ ਉਧਾਰਨਾ ਦੇ ਕੇ ਸਮਝਾਇਆ ਹੈ ਕੇ ਮਨਮਤ ਕਿਸ ਤਰਹ ਦੀ ਹੁੰਦੀ ਹੈ ਤੇ ਮਨਮਤ ਨੂੰ ਪ੍ਰਗਟ ਕਰਨ ਵਾਲਾ ਕੋਣ ਹੈ । ਅਸਲ ਵਿਚ ਦੇਖਿਆ ਜਾਵੇ ਤਾਂ ਬੁਧੀ ਮਾਯਾ ਦੇ ਤਿਨ ਗੁਣਾ ਵਿਚ ਖੇਡਦੀ ਹੈ ।ਜਦੋਂ ਇਹ ਨੇਕ ਕੰਮ ਭਾਵ  ਦਇਆ, ਦਾਨ , ਨਿਮਰਤਾ , ਅਹਿੰਸਾ  ਕਰਦੀ ਹੈ ਤਾਂ ਸਤੋਗੁਨੀ ( ਇਸ ਨੂੰ  ਓਦੋਂ ਬ੍ਰਹਮਾ ਵੀ ਕਿਹਾ ਗਿਆ ਹੈ ) ਹੈ  , ਜਦੋਂ ਆਸ਼ਾ , ਅਭਿਲਾਸ਼ਾ ਵਿਚ ਫਸੀ ਹੈ ਤਾਂ ਰਜੋ ਗੁਣੀ ਹੈ (ਇਸ ਨੂੰ  ਓਦੋਂ ਵਿਸ਼ਨੂ ਵੀ ਕਹਿ ਸਕਦੇ ਹੋ  , ਜਿਸ ਦੀ ਇਸਤਰੀ ਲਕਸ਼ਮੀ ਹੈ  )  ਤੇ ਜਦੋਂ ਕਾਮ, ਕ੍ਰੋਧ , ਲੋਭ, ਮੋਹ, ਹੰਕਾਰ ਵਿਚ ਹੈ ਤਾਂ ਤਮੋਗੁਣੀ ( ਸ਼ਿਵ ਜਾਂ ਸ਼ੰਕਰ) ਬੁਧੀ ਹੈ । ਅਸਲ ਵਿਚ ਸ਼ਿਵ , ਬ੍ਰਹਮਾ ਤੇ ਵਿਸ਼ਨੂ ਕੋਈ ਦੇਵਤੇ ਨਹੀਂ ਹਨ , ਇਹ ਸਾਡੀ ਹੀ ਕਾਇਆ ਵਿਚ ਵਸਣ ਵਾਲੀ ਤਰੈ ਗੁਣੀ ਬੁਧੀ ਦੇ ਸੰਕੇਤਕ ਨਾਮ ਹਨ । ਹਿੰਦੁਆਂ ਨੂੰ  ਇਹੀ ਗਲ ਓਹਨਾ ਦੇ ਗ੍ਰੰਥਾਂ ਵਿਚ ਸਮਝਾਈ ਗਈ ਪਰ ਓਹਨਾ ਨੇ ਸਮਝਨਾ ਤੇ ਕੀ ਸੀ , ਇਹਨਾ ਦੀਆਂ ਹੀ ਮੂਰਤੀਆਂ ਬਣਾ ਕੇ ਪੂਜਣਾ ਸ਼ੁਰੂ ਕਰ ਦਿਤਾ । ਪਰ ਗੁਰੂ ਸਾਹਿਬ ਏ ਕਿਹਾ ਕੇ ਗੁਰਸਿਖ ਦਾ ਵਾਸਾ ਚੋਥੇ ਪਦ ਵਿਚ ਹੈ , ਭਾਵ ਤਿਨਾ ਗੁਣਾ ਤੋਂ ਉਤੇ । ਪਰ ਦੇਖਿਆ ਜਾਵੇ ਤਾਂ ਗੁਰਮਖ ਚੋਥੇ ਪਦ ਵਿਚ ਰਹਿੰਦਿਆਂ ਵੀ ਤਿਨ ਗੁਣਾ ਵਿਚ ਵਿਚਰਦਾ ਹੈ , ਪਰ ਓਦੋਂ ਇਸ ਨੂੰ  ਇਨਾ ਤਿਨਾ ਗੁਣਾ ਦਾ ਭੇਤ ਪਤਾ ਹੁੰਦਾ ਹੈ । ਹੁਣ ਹਰ ਇਕ ਆਦਮੀ ਵਿਚ ਇਹ ਤਿਨ ਗੁਣ ਹੁੰਦੇ ਨੇ ਤੇ ਹਰ ਇਕ ਦੀ ਬਿਰਤੀ ਇਨਾ ਤਿਨਾ ਗੁਣਾ ਦੇ ਹਿਸਾਬ ਨਾਲ ਹੀ ਚਲਦੀ ਹੈ , ਭਾਵ ਕਿਸੇ ਵਿਚ ਸਤੋਗੁਣ ਜਿਆਦਾ ਹੁੰਦਾ ਤੇ ਤੇ ਤਮੋਗੁਣ ਘਟ, ਕਿਸੇ ਵਿਚ ਤਮੋਗੁਣ ਜਿਆਦਾ ਤੇ ਸਤੋ ਗੁਣ ਘਟ, ਆਦਿ । ਹੁਣ ਜਿਵੇਂ ਆਪਾਂ ਦੇਖਿਆ ਹੈ , ਇਸ ਤਰੈ ਗੁਣ ਬੁਧੀ ਨੂੰ  ਬਣਾਨ ਲਈ  ਤ੍ਰਿਸ਼ਨਾਵਾਂ ਦਾ ਹੋਣਾ ਜਰੂਰੀ ਹੈ , ਜਿਵੇ ਤਮੋਗੁਣ ਬੁਧੀ ਲਈ ਤ੍ਰਿਸ਼ਨਾ ਹੈ ਕਾਮ , ਕ੍ਰੋਧ , ਲੋਭ , ਮੋਹ , ਹੰਕਾਰ ਆਦਿ । ਇਹ ਤ੍ਰਿਸ਼ਨਾਵਾਂ ਦਾ ਮਿਲ੍ਗੋਬਾ ਹੀ ਆਦਮੀ ਦੀ ਮਨਮਤ ਭਰੀ ਬੁਧੀ ਨੂੰ ਅਕਾਰ ਦਿੰਦਾ ਹੈ । ਕਲਪਨਾ ਕਰੋ ਕੇ ਇਕ ਕਾਮ ਰੂਪੀ ਤ੍ਰਿਸ਼ਨਾ ਬੁਧੀ ਤੇ ਅਸਰ ਕਰ ਰਹੀ  ਹੈ , ਜਦੋਂ ਕਾਮ ਦੀ ਪੂਰਤੀ ਨਹੀਂ ਤਾਂ ਕ੍ਰੋਧ ਰੂਪੀ ਤ੍ਰਿਸ਼ਨਾ ਬੁਧੀ ਤੇ ਅਸਰ ਕਰਦੀ ਹੈ  ਆਦਿ । ਹੁਣ  ਆਪਾਂ ਦੇਖੀਏ ਕੇ ਇਨਸਾਨ ਨੂੰ  ਜਿੰਨੇ  ਫੁਰਨੇ ਆਂਦੇ ਹਨ ਓਹ ਇਹਨਾ ਤਰੈ ਗੁਣਾ ਦਾ ਹੀ ਫਲ ਸਰੂਪ ਹੈ।  ਇਕ ਹੋਰ ਉਧਾਰਨ , ਜਦੋਂ ਆਪਾਂ ਬਾਣੀ ਪੜਦੇ ਹਾਂ ਤਾਂ ਮਨ ਸਾਰੀ ਦੁਨੀਆ ਦੀ ਉਡਾਰੀ ਮਾਰ ਆਓਂਦਾ ਹੈ  ਤੇ ਸਾਨੂੰ  ਪਤਾ ਓਦੋਂ ਲਗਦਾ ਜਦੋਂ ਪਾਠ ਦੀ ਸਮਾਪਤੀ ਹੁੰਦੀ ਹੈ । ਇਸ ਦਾ ਕਾਰਨ ਸਾਨੂੰ  ਆਪਣੀ  ਬੁਧੀ ਦਾ ਭੇਤ ਨਾ ਹੋਣਾ ਹੈ । ਇਸੇ ਭੇਤ ਨਾ ਹੋਣ ਕਰਕੇ ਇਨਸਾਨ ਇਨਸਾਨ ਦਾ ਕਤਲ ਕਰਨ ਤਕ ਪਹੁੰਚ ਜਾਂਦਾ ਹੈ । ਸੋ ਇਸੇ ਹੀ ਭੇਦ ਨੂੰ ਜੇ ਸਮਝਾਣਾ ਹੋਵੇ ਤਾਂ ਕੋਈ ਸੋਖਾ ਕੰਮ ਨਹੀਂ ਪਰ ਗੁਰੂ ਸਾਹਿਬ ਨੇ ਸ੍ਰੀ  ਗੁਰੂ ਗਰੰਥ ਸਾਹਿਬ ਵਿਚ ਤੇ ਸ੍ਰੀ ਦਸਮ ਗਰੰਥ ਵਿਚ ਕਹਾਣੀਆਂ ਦੀ ਸੂਰਤ ਵਿਚ ਸਮਝਾ ਦਿਤਾ । ਗਲ ਸਾਰੀ ਬੁਧੀ ਦੀ ਹੀ ਹੈ । ਬੁਧੀ ਵਿਚ ਤਮੋਗੁਣ ਤੇ ਸਤੋਗੁਣ ਦਾ ਸੁਮੇਲ ( ਭਾਵ ਸ਼ਿਵ ਤੇ ਬ੍ਰਹਮਾ) ਹੋਵੇ ਤਾਂ ਇਨਸਾਨ ਦਯਾਵਾਨ ਯੋਧਾ ਬਣ ਜਾਂਦਾ ਹੈ , ਪਰ ਜੇ ਬ੍ਰਹਮਾ ਤੱਤ( ਸਤੋਗੁਣ) ਨਿਕਲ ਜਾਵੇ ਤਾਂ ਸਿਰਫ ਫੋਜੀ ਕੋਲ ਕ੍ਰੋਧ ( ਸ਼ਿਵ ਤੱਤ ) ਹੀ ਰਹੀ ਜਾਂਦਾ ਹੈ । ਸੋ ਇਹ ਬੁਧੀ ਦੇ ਗੁਣਾ ਦੇ ਨਾਮਾ ਨੂੰ  ਹੀ ਸ਼ਿਵ, ਬ੍ਰਹਮਾ ਤੇ ਵਿਸ਼ਨੂ ਕਹਿਆ ਹੈ। ਇਹੀ ਕਾਇਰ ਬਣਾਂਦੀ ਹੈ ਤੇ ਇਹੀ ਸੂਰਬੀਰ ।ਪਰ ਇਨਸਾਨ ਤਰੈ ਗੁਣ ਦੇ ਘਰ ਵਿਚ ਖੇਡਦਿਆਂ  ਮਾਯਾ ਦੇ ਘਰ ਵਿਚ ਹੈ, ਭਾਵੇਂ ਸਤੋਗੁਨੀ ਹੀ ਕਿਉਂ  ਨਾ ਹੋਵੇ । ਇਸੇ ਕਰਕੇ ਗੁਰੂ ਸਾਹਿਬ ਨੇ ਤਿਨ ਗੁਣਾ ਤੋਂ ਪਰੇ ਦੀ ਗੱਲ ਕੀਤੀ ਹੈ ਤੇ ਇਨਸਾਨ ਨੂੰ  ਸਿਖਾਇਆ ਕੇ ਚੋਥੇ ਪਦ ਵਿਚ ਹੁੰਦਿਆਂ ਤਿਨ ਗੁਣਾ ਵਿਚ ਕਿਵੇਂ ਵਿਚਰਨਾ ਹੈ ।ਹੁਣ ਸੂਰਬੀਰਤਾ ਜਿਵੇਂ ਅਸੀਂ ਦੇਖਿਆ ਹੈ ਕੇ ਬੁਧੀ ਕਰਕੇ ਹੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਚਰਿਤਰ ਦੀ ।  ਇਸ ਚਰਿਤਰ ਵਿਚ ਇਕ ਇਸਤਰੀ ਹੁੰਦੀ ਹੈ ਤੇ ਓਸ ਦਾ ਪਤੀ ਬਹੁਤ ਦੂਰ ਨੋਕਰੀ ਕਰਨ ਲਈ ਜਾਂਦਾ ਹੈ । ਹੁਣ ਨੋਕਰੀ ਕਰਦੇ ਨੂੰ  ਕਾਫੀ  ਦੇਰ ਹੋ ਜਾਂਦੇ ਹੈ ਤੇ ਪਤਨੀ ਨੂੰ  ਚਿੰਤਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਜਾ ਕੇ ਦੇਖਾਂ ਤੇ ਸਹੀ ਕੇ ਕਿਥੇ ਹੈ , ਕੀ ਹੋ ਰਿਹਾ ਹੈ ? ਸੋ ਓਹ ਆਪਣਾ ਸਾਰਾ ਸਮਾਨ ਨਾਲ ਲੈ ਪਤੀ ਨੂੰ  ਮਿਲਣ ਤੁਰ ਪੈਂਦੀ ਹੈ ।  ਰਸਤੇ ਵਿਚ ਓਸ ਨੂੰ ੧੦੦੦ ਲੁਟੇਰਿਆਂ ਦਾ ਜਥਾ ਮਿਲਦਾ ਹੈ ਜੋ ਓਸ ਨੂੰ  ਇਕੱਲੀ ਦੇਖ ਕੇ ਲੁੱਟ ਲੈਂਦੇ ਨੇ । ਓਹ ਜਨਾਨੀ ਓਹਨਾ ਦੇ ਸਿਰਦਰ ਨੂੰ  ਕਹਿੰਦੀ ਹੈ ਕੇ ਖਬਰਦਾਰ ਹੋ ਜਾਵੋ ਤੇ ਇਸ ਜਗਾਹ ਤੋਂ ਦੂਰ ਚਲੇ ਜਾਵੋ ਜਿਨਾ ਹੋ ਸਕਦਾ ਹੈ ਕਿਓਂ ਕੇ ਮੇਰਾ ਪਤੀ ਯੋਧਾ ਹੈ ਤੇ ਓਸ ਨੇ ਤੁਹਾਨੂੰ ਲੱਭ ਕੇ ਮਾਰ ਦੇਣਾ ਹੈ ।  ਹੁਣ ਇਸਤਰੀ ਭੇਸ ਬਦਲ ਕੇ ਮਰਦਾਵਾਂ ਭੇਸ ਬਣਾ ਲੈਂਦੀ ਹੈ ਤੇ ਘੋੜੇ ਤੇ ਅਸਵਾਰ ਹੋ ਕੇ ਸ਼ਸਤਰ ਫੜ ਕੇ ਲੁਟੇਰਿਆਂ ਨੂੰ ਵੰਗਾਰ ਕੇ ਯੁਧ ਕਰਦੀ ਹੈ । ਇਕੱਲੀ ਜਨਾਨੀ ਇਸ ਤਰਹ ਦੀ ਯੁਧ ਕਲਾ ਦਿਖਾਂਦੀ ਹੈ ਕੇ ਇਕ ਇਕ ਤੀਰ ਨਾਲ ੨੦ - ੨੦ ਦੁਸ਼ਮਨ ਮਾਰ ਦਿੰਦੀ ਹੈ ਤੇ ਲੁਟੇਰਿਆਂ ਦੇ ਸਿਰਦਰ ਨੂੰ  ਗੁਲਾਮ ਬਣਾ ਲੈਂਦੀ ਹੈ ਤੇ ਬਾਅਦ ਵਿਚ ਆਪਣੇ ਪਤੀ ਨੂੰ ਮਿਲ ਕੇ ਓਸਨੂ ਵਾਪਿਸ ਲੈ ਆਓਂਦੀ ਹੈ । ਦੇਖੋ ਇਹ ਚਰਿਤਰ ਨੂੰ  ਜੇ ਦੁਨਿਆਵੀ ਪੱਧਰ ਤੇ ਦੇਖਿਆ ਜਾਵੇ ਤਾਂ ਇਕ ਇਸਤਰੀ ਦੀ ਸੂਰਬੀਰਤਾ ਸਾਫ਼ ਨਜਰ ਆਏਗੀ ।  ਸੂਰਬੀਰਤਾ ਹੀ ਨਹੀਂ , ਓਸ ਦਾ ਪਤੀਵਰਤਾ ਹੋਣਾ ਵੀ ਇਸ ਚਰਿਤਰ ਵਿਚ ਦਿਖਾਇਆ ਗਿਆ ਹੈ । ਪਰ ਜੇ ਇਸ ਨੂੰ ਮਨੋਵਿਗਿਆਨਿਕ ਤੋਰ ਤੇ ਦੇਖਿਆ ਜਾਵੇ ਤਾਂ ਬੁਧੀ ਜਿਸ ਨੂੰ  ਇਸਤਰੀ ਵੀ ਕਿਹਾ ਗਿਆ ਹੈ ਦਾ ਪਤੀ (ਆਤਮ )  ਓਸ ਤੋਂ ਦੂਰ ਹੋ ਗਿਆ ਹੈ । ਇਸੇ ਲਈ ਓਹ ਓਸ ਨੂੰ  ਲੱਭਣ ਤੁਰ ਪੈਂਦੀ ਹੈ । ਪਰ ਰਸਤੇ ਵਿਚ ਓਸ ਨੂੰ  ਚੋਰ ( ਤਮੋ ਗੁਣੀ ਫੁਰਨੇ, ਕਾਮ ਕ੍ਰੋਧ , ਲੋਭ , ਮੋਹ , ਹੰਕਾਰ ) ਲੁੱਟ ਲੈਂਦੇ ਨੇ ।  ਹੁਣ ਓਹ ਇਹਨਾ ਨੂੰ  ਪਤੀ ਦਾ ਡਰਾਵਾ ਵੀ ਦਿੰਦੀ ਹੈ, ਪਰ ਓਹ ਬਾਜ ਨਹੀਂ ਆਓਂਦੇ, ਸੋ ਓਹ ਹਾਰ ਕੇ ਖੁਦ ਦੁਸ਼ਮਨ ਤੇ ਧਾਵਾ ਬੋਲ ਦਿੰਦੀ ਹੈ ਤੇ ਇਹਨਾ ਵਿਕਾਰ ਰੂਪ ਲੁਟੇਰਿਆਂ ਨਾਲ ਘਮਸਾਨ ਦਾ ਯੁਧ ਕਰਕੇ  ਓਹਨਾ ਤੇ ਫਤਿਹ  ਹਾਸਿਲ ਕਰਦੀ ਹੈ ਤੇ ਆਪਣੇ ਪਤੀ ਨਾਲ ਪ੍ਰੇਮ ਸਹਿਤ ਰਹਿੰਦੀ ਹੈ । ਹੁਣ ਇਸ ਕਹਾਣੀ ਨੂੰ ਸਮਝਣ ਦੀ ਬਜਾਏ ਇਹ ਕਹਿਣਾ ਕੇ "ਇਸ ਤੋਂ ਵੱਡੀ ਗੱਪ ਕਿ ਹੋ ਸਕਦੀ ਹੈ ਕੇ ਇਕ ਜਨਾਨੀ ਨੇ ੧੦੦੦ ਲੁਟੇਰੇ ਮਾਰ ਦਿਤੇ" ਹੀ ਸੋਚਣ ਵਾਲੇ ਦੀ ਬੁਧੀ ਬਾਰੇ ਵਿਸਥਾਰ ਸਹਿਤ ਦੱਸ ਦਿੰਦਾ ਹੈ । 
ਦਾਸ
ਡਾ ਕਵਲਜੀਤ ਸਿੰਘ copyright @ tejwant kawaljit singh. Any material edited without the written permission of the author will lead to a legal action at the cost of editor.

Monday, 16 January 2012

ਚਰਿਤਰ ੩੨੧

ਚਰਿਤਰ ੩੨੧ 
ਦਸਮ ਗਰੰਥ ਵਿਚ ਸਾਹਿਬ ਨੇ ਦੇਵਤਿਆਂ ਤੇ ਦੈਂਤਾਂ ਦੀ ਪਰਿਭਾਸ਼ਾ ਦਿਤੀ ਹੈ ਕੇ ਜੋ ਮਨੁਖ ਸਾਧ ਕਰਮ ਕਰਦਾ ਹੈ ਓਹ ਦੇਵਤਾ ਹੈ ਤੇ ਜੋ ਮਨੁਖ ਗਲਤ ਕ੍ਰਮ ਕਰਦਾ ਹੈ ਤਾਂ ਓਹ ਰਾਕਸ਼ ਹੈ । ਸੋ ਇਸ ਤੋਂ ਸਪਸ਼ਟ ਹੈ ਕੇ ਆਦਮੀ ਆਪਣੀ ਬੁਧੀ ਸਦਕਾ ਹੀ ਦੇਵਤਾ ਤੇ ਦੈਂਤ ਕਹਾਉਂਦਾ ਹੈ । ਸੋ ਜੇ ਬੁਧੀ ਚੰਗੀ ਹੈ ਤਾਂ ਦੇਵ ਬੁਧੀ ਹੈ ਤੇ ਗਲਤ ਹੈ ਤਾਂ ਰਾਕਸ਼ ਬੁਧੀ ਹੈ । ਦੇਵ ਬੁਧੀ ਨੂੰ  ਸਤੋਗੁਨੀ( ਦਯਾ , ਨਿਮਰਤਾ , ਦਾਨ , ਚੰਗੇ ਕਮ ਕਰਨਾ )  ਬੁਧੀ ਵੀ ਕਿਹਾ ਜਾ ਸਕਦਾ ਹੈ ਤੇ ਦੈਂਤ ਬੁਧੀ ਨੂੰ  ਤਮੋਗੁਣੀ ਜਾਂ ਸ਼ੰਕਰ( ਸ਼ਿਵ )  ਬੁਧ ( ਕਾਮ ,ਕ੍ਰੋਧ, ਲੋਭ, ਮੋਹ , ਹੰਕਾਰ ਵਿਚ ਸਮਾਈ ਹੋਈ ) ਵੀ ਕਿਹਾ ਜਾ ਸਕਦਾ ਹੈ ।  ਹੁਣ ਦੇਖਿਆ ਜਾਵੇ ਤਾਂ ਸਤੋਗੁਣ ਬੁਧੀ ਵੀ ਮਾਯਾ ਤੇ ਤਿਨ ਗੁਣਾ ਵਿਚੋਂ ਹੀ ਹੈ , ਪਰ ਗੁਰੂ ਗਰੰਥ ਸਾਹਿਬ ਜੀ ਤਿਨਾ ਗੁਣਾ ਤੋਂ ਉੱਪਰ ਉਠ ਕੇ ਚੋਥੇ ਪਦ ਦੀ ਗਲ ਕਰਦੇ ਨੇ ।ਹੁਣ ਆਦਮੀ ਨੂੰ  ਥੋੜਾ  ਜਿਹਾ ਗਿਆਨ ਹੋਵੇ ਤਾਂ ਓਹ ਸਤੋਗੁਣੀ ਬੁਧੀ ਅਖਤਿਆਰ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਫਿਰ ਵੀ ਓਸ ਦੇ ਅੰਦਰ ਤਹਿ ਵਿਚ ਜੋ ਤਮੋਗੁਣ ਹੈ ਓਹ ਓਸ ਦੀ ਬੁਧੀ ਨੂੰ  ਕਿਤੇ ਨਾ ਕਿਤੇ ਸੁੱਟ  ਹੀ ਲੈਂਦਾ ਹੈ ।ਜਿਵੇਂ ਵੱਡੇ ਵੱਡੇ ਰਿਸ਼ੀਆਂ ਨਾਲ ਵੀ ਹੋਇਆ , ਕੇ ਸਾਰੀ ਉਮਰ ਬੰਦਗੀ ਕਰਦਿਆਂ ਲੰਘਾ ਦਿਤੀ ਤੇ ਫਿਰ ਕਾਮ ਨੇ ਆ ਕੇ ਸੁੱਟ ਲਿਆ । ਇਸ ਤਰਹ ਦਾ ਬੁਧੀ ਦੇ ਅੰਦਰਲਾ ਯੁਧ ਹਰ ਇਕ ਪ੍ਰਾਨੀ ਵਿਚ ਹਰ ਵਕਤ ਚਲਦਾ ਰਹਿੰਦਾ ਹੈ । ਇਸੇ ਹੀ ਬੁਧੀ ਦੇ ਆਪਸੀ ਯੁਧ ਨੂੰ  ਇਸ ਚਰਿਤਰ ਵਿਚ ਕਹਾਣੀ ਦੇ ਰੂਪ ਵਿਚ ਦਸਿਆ ਗਿਆ ਹੈ । ਸ਼ੰਕਰ ਚਾਰਿਆ( ਤਮੋਗੁਣ ਦਾ ਸਿਰਦਾਰ)  ਨਾ ਦਾ ਇਕ ਦੈਂਤ ਹੁੰਦਾ ਹੈ । ਓਸ ਕੋਲ ਇਕ ਸੰਜੀਵਨੀ ਮੰਤਰ ( ਮਨਮਤ ਦੀ ਵਿਦਿਆ ) ਹੁੰਦੀ ਹੈ ।  ਜਦ ਵੀ ਦੈਂਤਾਂ ਦਾ ਯੁਧ ਦੇਵਤਿਆਂ  ਨਾਲ ਹੁੰਦਾ ਹੈ ਤਾਂ ਰਾਕਸ਼ ਮਰ ਜਾਂਦੇ ਨੇ ।  ਸ਼ੰਕਰ ਚਾਰਿਆ ਆਪਣੀ ਵਿਦਿਆ ਦਾ ਇਸਤੇਮਾਲ ਕਰ ਕੇ ਦੈਂਤਾਂ ਨੂੰ  ਫਿਰ ਸੁਰਜੀਵ ਕਰ ਦਿੰਦਾ ਹੈ।  ਹੁਣ ਦੇਵਤੇ ਇਸ ਗਲ ਤੋਂ ਕਾਫੀ ਔਖੇ ਹੁੰਦੇ ਨੇ ਤੇ ਓਹ ਓਸ ਦਾ ਇਹ ਮੰਤਰ ਸਿਖਣ ਵਾਸਤੇ ਇਕ ਦੇਵਤੇ ਨੂੰ ਭੇਸ ਬਦਲ ਕੇ ਭੇਜ ਦਿੰਦੇ ਨੇ । ਸ਼ੰਕਰ ਚਾਰਿਆ ਦੀ ਕੁੜੀ ਦਾ ਓਸ ਦੇਵਤੇ ਦਾ ਰੂਪ ਦੇਖ ਕੇ ਦਿਲ ਮੋਹਿਤ ਹੋ ਜਾਂਦਾ ਹੈ ਤੇ ਓਸ ਨੂੰ ਕਾਮ ਘੇਰ ਲੈਂਦਾ ਹੈ । ਹੁਣ ਜਦ ਰਾਕਸ਼ਾਂ ਨੂੰ  ਪਤਾ ਲਗਦਾ ਹੈ ਕੇ ਇਹ ਇਕ ਦੇਵਤਾ ਹੈ ਓਹ ਇਸ ਨੂੰ  ਮਾਰ ਦਿੰਦੇ ਨੇ , ਪਰ ਦੈਂਤ ਦੀ ਕੁੜੀ ਆਪਣੇ ਪਿਓ ਨੂੰ  ਕਹਿ ਕੇ ਓਸ ਨੂੰ  ਫਿਰ ਜਿੰਦਾ ਕਰਵਾ ਦਿੰਦੀ ਹੈ । ਇਹ ਖੇਲ ਇਸੇ ਤਰਹ ਕਿੰਨੀ ਦੇਰ ਤਕ ਚਲਦਾ ਰਹਿੰਦਾ ਹੈ । ਦੈਂਤ ਇਕ ਦਿਨ ਦੁਖੀ ਹੋ ਕੇ ਦੇਵਤੇ ਨੂੰ ਸ਼ਰਾਬ  ਵਿਚ ਸੁੱਟਣ ਤੋਂ ਬਾਅਦ ਵੱਡ ਕੇ ਦੈਂਤਾਂ ਨੂੰ  ਖਵਾ ਦਿੰਦੇ ਨੇ।   ਜਦ ਦੇਵਤਾ ਵਾਪਿਸ ਨਹੀਂ ਆਂਦਾ ਤਾਂ ਸ਼ੰਕਰ ਚਾਰਿਆ ਦੀ ਕੁੜੀ ਆਪਣੇ ਪਿਓ ਨੂੰ  ਕਹਿੰਦੀ ਹੈ ਕੇ ਓਸ ਨੂੰ  ਲੱਭ ਕੇ ਜਿੰਦਾ ਕਰੋ  । ਦੈਂਤ ਧਿਆਨ ਲਗਾ ਕੇ ਦੇਖਦਾ ਹੈ ਤਾਂ ਓਸ ਨੂੰ  ਪਤਾ ਲਗਦਾ ਹੈ ਕੇ ਦੇਵਤਾ ਤਾਂ ਓਸ ਦੇ ਆਪਣੇ ਪੇਟ ਵਿਚ ਹੀ ਹੈ ।  ਓਹ ਆਪਣਾ ਪੇਟ ਚੀਰ ਕੇ ਦੈਂਤ ਨੂੰ  ਬਾਹਰ ਕੱਢ ਕੇ ਮੁੜ ਸੁਰਜੀਵ ਕਰ ਦਿੰਦਾ ਹੈ । ਹੁਣ ਜਦੋਂ ਦੇਵਤਾ ਦੈਂਤ ਤੋਂ ਸੰਜੀਵਨੀ ਵਿਦਿਆ ਸਿਖ ਲੈਂਦਾ ਹੈ ਤਾਂ ਦੈਂਤ ਦੀ ਕੁੜੀ ਓਸ ਨੂੰ  ਆਪਣੇ ਨਾਲ ਕਾਮ ਕਰਨ ਲਈ ਕਹਿੰਦੀ ਹੈ । ਦੇਵਤੇ ਦੇ ਮਨਾ ਕਰਨ ਤੇ ਦੈਂਤ ਦੀ ਕੁੜੀ ਆਪਣੇ ਪਿਓ ਨੂੰ  ਕਹਿ ਕੇ ਓਸ ਨੂੰ  ਸਰਾਪ ਦਿਵਾ ਕੇ ਸੰਜੀਵਨੀ ਵਿਦਿਆ ਦਾ ਨਾਸ ਕਰ ਦਿੰਦੀ ਹੈ । ਅਖੀਰ ਵਿਚ ਲਿਖਿਆ ਹੈ ਕੇ ਕਿਦਾਂ ਦੈਂਤ ਦੀ ਕੁੜੀ ਹੀ ਹਰ ਵਾਰ ਓਸ ਨੂੰ  ਸੁਰਜੀਵ ਕਰਵਾਂਦੀ ਹੈ ਤੇ ਕਿਦਾਂ ਅਖੀਰ ਵਿਚ ਆਪ ਹੀ ਕਾਮ ਵਾਸ ਹੋਈ ਓਸ ਦਾ ਪਰਹਾਰ ਕਰਵਾਂਦੀ ਹੈ । ਜੇ ਇਸ ਦਾ ਮਨੋਵਿਗਿਆਨਿਕ ਨਰੀਖਣ ਕੀਤਾ ਜਾਵੇ ਤਾਂ ਇਹ ਚੀਜ਼ ਨਿਕਲਦੀ ਹੈ ਕੇ ਕਿਦਾਂ ਮਨੁਖ ਦੀ ਸਤੋਗੁਣੀ ( ਦੇਵ) ਬੁਧੀ ਆਪਣੀ ਸ਼ੰਕਰ ( ਤਮੋਗੁਣੀ , ਦੈਂਤ ਬੁਧੀ ) ਨਾਲ ਹਰ ਰੋਜ਼ ਲੜਦੀ ਹੈ ਤੇ ਦੈਂਤ ਬੁਧੀ ਨੂੰ  ਮਾਰ ਵੀ ਦਿੰਦੀ ਹੈ ਪਰ ਜੋ ਵਿਕਾਰਾਂ ਦਾ ਸਰਦਾਰ ਹੈ ( ਤਮੋਗੁਣ ) ਓਹ ਫਿਰ ਓਹਨਾ ਦੈਂਤ ਬੁਧੀਆਂ ਨੂੰ ਜਿੰਦਾ ਕਰ ਦਿੰਦਾ ਹੈ । ਹੁਣ ਦੈਂਤ ਸੁਰਜੀਵ ਵੀ ਵਿਦਿਆ ਕਰ ਕੇ ਹੁੰਦੇ ਹਨ, ਭਾਵ ਤਮੋਗੁਣੀ ਬੁਧੀ ਦੀ ਸੰਜੀਵਨੀ ਮਨਮਤ ਦੀ ਵਿਦਿਆ ਹੈ  , ਪਰ ਅਸਲ ਵਿਚ ਇਹਨਾ ਦੈਂਤਾਂ ਨੂੰ  ਮਾਰਨ ਲਈ ਇਸ ਵਿਦਿਆ ਦਾ ਗਿਆਨ ਹੋਣਾ ਵੀ ਬਹੁਤ ਜਰੂਰੀ ਹੈ, ਭਾਵ ਇਹਨਾ ਦੇ ਮੁੜ ਮੁੜ ਸੁਰਜੀਤ ਹੋਣ ਦਾ ਭੇਦ ਪਤਾ ਹੋਣਾ ਬਹੁਤ ਜਰੂਰੀ ਹੈ ਵਰਨਾ ਇਹ ਕਦੀਂ ਵੀ ਨਹੀਂ ਮਰਨਗੇ । ਇਸੇ ਲਈ ਦੇਵ ਬੁਧੀ ਇਹਨਾ ਵਿਚ ਵੜ ਕੇ ਇਹਨਾ ਦਾ ਭੇਤ ਸਮਝਣ ਦੀ ਕੋਸ਼ਿਸ਼ ਕਰਦੀ ਹੈ , ਪਰ ਤ੍ਰਿਸ਼ਨਾ ਰੂਪ ਕਾਮ ਓਸ ਬੁਧੀ ਨੂੰ ਆਪਣੇ ਕਬਜੇ ਵਿਚ ਕਰਨ ਦੀ ਕੋਸ਼ਿਸ਼ ਕਰਦਾ ਹੈ । ਤਮੋਗੁਣੀ ਬੁਧੀ ਵਿਚ ਰਹਿੰਦੇ ਹੋਏ ਵੀ ਸਤੋਗੁਣ ਪਖ ਰੋਜ ਮਰ ਕੇ ਵੀ ਫਿਰ ਤਮੋਗੁਣ ਦੀ ਬਦੋਲਤ ਹੀ ਜਿੰਦਾ ਰਹਿੰਦਾ ਹੈ , ਭਾਵ ਸਤੋਗੁਣੀ ਹੋ ਕੇ ਵੀ ਤਮੋਗੁਣ ਵਿਚ ਵਿਚਰਦਿਆਂ ਵੀ , ਤਮੋਗੁਣ ਦੀ ਦਯਾ ਤੇ ਹੈ , ਤੇ ਤਮੋਗੁਣ ਦਾ ਜਦੋਂ ਦਿਲ ਕਰਦਾ ਏਸ ਨੂੰ  ਜਿੰਦਾ ਕਰ ਦਿੰਦਾ ਤੇ ਜਦੋਂ ਦਿਲ ਕਰਦਾ ਮਾਰ ਦਿੰਦਾ।   ਅੱਗੇ ਜਾ ਕੇ ਇਸ ਨੂੰ  ਸ਼ਰਾਬ ( ਜਿਸ ਨਾਲ ਬੁਧੀ ਦਾ ਨਾਸ਼ ਹੋ ਜਾਂਦਾ ਭਾਵ ਮਨਮਤ ) ਪਿਆ ਕੇ ਮਾਰ ਦਿਤਾ ਜਾਂਦਾ ਤੇ ਇਹ ਮਾਰ ਕੇ ਫਿਰ ਤਮੋਗੁਣ ਦੇ ਪੇਟ ਵਿਚ ਪਹੁੰਚ ਜਾਂਦਾ ਹੈ , ਪਰ ਕਾਮੀ ਤ੍ਰਿਸ਼ਨਾ ਫਿਰ ਇਸ ਨੂੰ ਸੁਰਜੀਤ ਕਰਵਾਣ ਦੀ ਕੋਸ਼ਿਸ਼ ਕਰਦੀ ਹੈ ਤਾਂ ਕੇ ਇਹ  ਦੇਵ ਬੁਧੀ ਜੋ ਮਰ ਗਈ ਹੈ ( ਭਾਵ ਮਤ ਜੋ ਮਰ ਗਈ ਹੈ ) ਨੂੰ ਕਾਮ ਦੀ ਅੱਗ ਵਿਚ ਉਲਝਾਇਆ ਜਾ ਸਕੇ । ਪਰ ਕਿਓਂ ਕੇ ਬੁਧੀ ਪਹਿਲਾਂ ਸ੍ਤੋਗੁਨੀ ਪ੍ਰਭਾਵ ਹੇਠ ਹੁੰਦੀ ਹੈ, ਸੋ ਓਹ ਕਾਮੀ ਤ੍ਰਿਸ਼ਨਾ ਦੇ ਜਲ ਵਿਚ ਨਹੀਂ ਫਸਦੀ । ਪਰ ਤਮੋਗੁਣ ( ਸ਼ੰਕਰ ਚਾਰਿਆ ) ਦੈਂਤ ਓਸ ਤੋਂ ਦੈਂਤਾ (ਸੰਜੀਵਨੀ)  ਨੂੰ  ਸੁਰਜੀਵ ਕਰਨ ਵਾਲੀ ਵਿਦਿਆ ਦਾ ਰਾਜ ਖੋ ਲੈਂਦਾ ਹੈ ।  ਭਾਵ ਆਦਮੀ ਸਤੋਗੁਣ ਵਿਚ ਰਹਿੰਦਾ ਹੋਇਆ , ਰੋਜ ਤਮੋਗੁਣ ਕੋਲੋਂ ਮਰਦਾ ਤੇ ਫਿਰ ਜਿੰਦਾ ਹੁੰਦਾ ਤੇ ਤ੍ਰਿਸ਼ਨਾਵਾਂ ਦੇ ਜਲ ਤੋਂ ਬਚਨ ਦੀ ਕੋਸ਼ਿਸ਼ ਵੀ ਕਰਦਾ ਪਰ ਇਹਨਾ ਤ੍ਰਿਸ਼ਨਾਵਾ ਦੇ ਸੁਰਜੀਤ ਹੋਣ ਦਾ ਕਦੀ ਵੀ ਭੇਦ ਨਹੀਂ ਸਮਝ ਸਕਦਾ । ਏਸ ਨੂੰ  ਜੇ ਦੁਨਿਆਵੀ ਨਜਰ ਤੋਂ ਦੇਖਿਆ ਜਾਵੇ, ਕੋਈ ਆਦਮੀ ਗੁਰਸਿਖ ਬਣਨ ਦੀ ਕੋਸ਼ਿਸ਼ ਕਰਦਾ , ਪਰ ਵਿਕਾਰਾਂ ਦਾ ਭੇਦ ਨਾ ਹੋਣ ਕਰ ਕੇ , ਇਹ ਵਿਕਾਰ ਫਿਰ ਤੋਂ ਜਿੰਦਾ ਹੋ ਕੇ ਇਸ ਨੂੰ  ਤੰਗ ਕਰਦੇ ਹਨ ਤੇ ਇਹ ਕਦੀਂ ਕਾਮ ਰੂਪੀ ਤ੍ਰਿਸ਼ਨਾ ਵਿਚ ਉਲਝ ਜਾਂਦਾ ਹੈ ਕਦੀਂ ਕਿਸੇ ਹੋਰ ਤ੍ਰਿਸ਼ਨਾ ਵਿਚ । ਇਹ ਤ੍ਰਿਸ਼ਨਾਵਾਂ ਹੀ ਇਸ ਨੂੰ  ਜਿੰਦਾ ਰਖਦੀਆਂ ਹਨ ਤੇ ਤ੍ਰਿਸ਼ਨਾਵਾਂ ਹੀ ਇਸ ਨੂੰ  ਮਰ ਦਿੰਦਿਆਂ ਹਨ । ਇਹ ਇਹਨਾ ਦਾ ਭੇਦ ਪਾਉਣ  ਦੀ ਕੋਸ਼ਿਸ਼ ਵੀ ਕਰਦਾ ਹੈ , ਪਰ ਪਾ ਨਹੀਂ ਸਕਦਾ , ਕਿਓਂ ਕੇ ਤ੍ਰਿਸ਼ਨਾ ਹੀ ਨਹੀਂ ਚਾਹੁੰਦੀ ਕੇ ਓਸ ਦਾ ਭੇਦ ਇਸ ਨੂੰ  ਪਤਾ ਲੱਗੇ।  ਹੁਣ ਆਪ ਨੂੰ  ਇਹ ਅੰਦਾਜਾ ਹੋ ਹੀ ਗਿਆ ਹੋਣਾ ਕੇ ਇਨੇ ਗੁੰਜਲ ਦਾਰ ਭੇਦ ਨੂੰ ਜੇ ਕਵਿਤਾ ਵਿਚ ਦਸਣਾ ਹੋਵੇ ਤਾਂ ਕਹਾਣੀ ਦਾ ਸਹਾਰਾ ਲੇਣਾ ਪੈਂਦਾ ਹੈ । ਵਰਨਾ ਇਹ ਸਭ ਸਰੋਤਿਆਂ ਦੇ ਉੱਪਰ ਦੀ ਨਿਕਲ ਜਾਂਦੀ ਹੈ ਪਰ ਓਸ ਕਹਾਣੀ ਨੂੰ  ਪੜਨ ਵਾਸਤੇ ਇਕ ਤੀਖਣ ਬੁਧੀ ਵੀ ਚਾਹੀਦੀ ਹੁੰਦੀ ਹੈ ।
ਦਾਸ,
ਡਾ ਕਵਲਜੀਤ ਸਿੰਘ copyright @ TejwantKawaljit Singh. Any material edited without the written permission of the author will lead to a legal action against the cost of the editor    

Saturday, 14 January 2012

ਚਰਿੱਤਰ ੧੪੯


ਚਰਿੱਤਰ ੧੪੯ 

ਇਕ ਨਸ਼ਈ ਬੰਦਾ ਨਸ਼ੇ ਲਈ ਕੁਛ ਵੀ ਕਰ ਸਕਦਾ ਹੈ  ਆਮ ਹੀ ਦੇਖਣ ਵਿਚ ਆਂਦਾ ਹੈ ਕੇ ਲੋਕ ਨਸ਼ੇ ਦੀ ਪੂਰਤੀ ਲਈ ਆਪਣੇ ਘਰ ਘਾਟ ਤਕ ਵੇਚ ਦਿੰਦੇ ਹਨ । ਪਰ ਹੱਦ ਤਾਂ ਓਦੋਂ ਹੋ ਜਾਂਦੀ ਹੈ ਜਦੋਂ ਨਸ਼ਈ ਦੇ ਆਪਣੇ ਘਰਦੇ ਹੀ ਨਸ਼ਈ ਦੀ ਨਸ਼ਾ ਪੂਰਤੀ ਲਈ ਹਥ ਪੈਰ ਮਾਰਨੇ ਸ਼ੁਰੂ ਕਰ ਦੇਣ । ਇਸ ਦਾ ਇਕ ਵੱਡਾ ਕਾਰਨ ਮੋਹ ਵੀ ਹੈ । ਆਪਣੇ ਨਸ਼ਈ ਪਰਿਵਾਰਿਕ ਮੈਂਬਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਲੋਕਾਂ ਕੋਲੋਂ ਉਧਾਰ ਮੰਗਣੇ , ਚੋਰੀਆਂ ਚਕਾਰੀਆਂ ਕਰਨੀਆ ਕਈ ਵਾਰ ਆਮ ਗੱਲ ਹੋ ਜਾਂਦੀ ਹੈ  ਇਕ ਆਮ ਭੋਲਾ ਇਨਸਾਨ ਕਈ ਵਾਰੀ ਕਿਸੇ ਵਿਕਰੀ ਇਨਸਾਨ ਦੀ ਮਦਦ ਕਰਨ ਦੀ ਸੋਚਦਾ ਹੈ ਪਰ ਪਤਾ ਓਦੋਂ ਲਗਦਾ ਹੈ ਜਦੋਂ ਆਪਣਾ ਹੀ ਘਰ ਬਾਰ ਲੁਟਾ ਬੈਠਦਾ ਹੈ । ਇਸ ਦਾ ਮਤਲਬ ਇਹ ਨਹੀਂ ਕੇ ਕਿਸੇ ਨਸ਼ਈ ਜਾ ਉਸ ਦੇ ਪਰਿਵਾਰ ਦੀ ਮਦਦ ਨਾ ਕਰੋ , ਬਲਕੇ ਇਹ ਹੈ ਕੇ ਸਾਵਧਾਨੀ ਵਰਤੋ । ਇਹੋ ਜਹੀ ਕਹਾਣੀ ਇਸ ਚਰਿਤਰ ਵਿਚ ਦਰਜ ਹੈ । ਇਕ ਅਮਲੀ ਦੀਆਂ ਪੰਜ ਤੀਵੀਆਂ ਹੁੰਦੀਆਂ ਨੇ। ਅਮਲੀ ਹਮੇਸ਼ਾ ਅਮਲ ਵਿਚ ਡੁਬਿਆ ਰਹਿੰਦਾ ਹੈ । ਇਕ ਦਿਨ ਘਰ ਸਬ ਕੁਛ ਖਤਮ ਹੋ ਜਾਂਦਾ ਤੇ ਅਮਲ ਖਰੀਦਣ ਲਈ ਪੈਸੇ ਨਹੀਂ ਰਹਿੰਦੇ । ਅਮਲੀ ਨਸ਼ੇ ਬਿਨਾ ਬੇਹੋਸ਼ ਹੋ ਜਾਂਦਾ ਹੈ । ਪੰਜੋ ਤੀਵੀਆਂ ਓਸ ਨੂੰ  ਮੰਜੇ ਤੇ ਪਾ ਕੇ ਪਿਡੋਂ ਬਾਹਰ ਨੂੰ  ਲੈ ਤੁਰਦੀਆਂ ਨੇ । ਕੁਛ ਕੁ ਵਿਥ ਤੇ ਇਕ ਟੋਏ ਕੋਲ ਜਾ ਕੇ ਖਲੋ ਜਾਂਦੀਆਂ ਨੇ ਕੇ ਇਥੇ ਇਸ ਨੂੰ  ਦੱਬ ਦਿੰਦੀਆਂ ਹਾਂ , ਇਸ ਤਰਹ ਮਾੜੀ ਹਾਲਤ ਨਾਲੋਂ ਤਾਂ ਚੰਗਾ ਇਹ ਮਰ ਹੀ ਜਾਵੇ । ਕੁਦਰਤੀ ਓਹਨਾ ਨੂੰ ਓਥੋਂ ਇਕ ਵਪਾਰੀਆਂ ਦਾ ਟੋਲਾ ਜੋ ਊਂਠ ਤੇ ਅਸਵਾਰ ਹੋ ਕੇ ਕੋਲੋਂ ਦੀ ਲੰਘ ਰਿਹਾ ਹੁੰਦਾ ਹੈ , ਨਜਰੀਂ ਪੈਂਦਾ ਹੈ । ਇਹ ਜਨਾਨੀਆਂ ਓਹਨਾ ਨੂੰ  ਰੋਕ ਕੇ ਕਹਿੰਦੀਆਂ ਨੇ ਕੇ ਇਹਨਾ ਦਾ ਪਤੀ ਮਰ ਗਿਆ ਤੇ ਓਸ ਨੂੰ  ਦਫ਼ਨਾਨ ਵਿਚ ਮਦਦ ਕਰ ਦੋ । ਵਪਾਰੀ ਜਦੋਂ ਓਹਨਾ ਦੀ ਮਦਦ ਲਈ ਆਂਦੇ ਨੇ ਤਾਂ ਇਹ ਬਹੁਤ ਹੋਸ਼ਿਆਰੀ ਨਾਲ ਓਹਨਾ ਨੂੰ  ਹੀ ਮਾਰ ਦਿੰਦੀਆਂ ਨੇ ਤੇ ਸ਼ਹਿਰ ਵਿਚ ਜਾ ਕੇ ਕੋਤਵਾਲ ਕੇ ਕਾਜੀ ਨੂੰ  ਲੈ ਆਂਦੀਆਂ ਨੇ ਤੇ ਕੁਛ ਲੋਕਾਂ ਨੂ ਰੋਲਾ ਪਾ ਕੇ ਇਕਠਿਆਂ ਕਰ ਲੈਂਦੀਆਂ ਨੇ । ਅਖੇ ਇਹ ਵਪਾਰੀ ਸਾਡੇ ਪਤੀ ਸਨ, ਠੱਗਾਂ ਨੇ ਇਹਨਾ ਨੂੰ  ਮਾਰ ਦਿਤਾ ਤੇ ਸਾਡੇ ਰੋਲਾ ਪਾਣ ਤੇ ਭੱਜ ਗਏ, ਕਾਜੀ ਤੇ ਕੋਤਵਾਲ ਮਾਮਲੇ ਦੀ ਤਹਿ ਵਿਚ ਜਾਣ ਦੀ ਬਜਾਏ, ਇਹਨਾ ਠੱਗ ਤੀਵੀਆਂ ਤੇ ਯਕੀਨ ਕਰ ਕੇ ਪੈਸੇ ਨਾਲ ਲੱਦੇ ਊਂਠ ਵੀ ਇਹਨਾ  ਦੇ ਹਵਾਲੇ ਕਰ ਦਿੰਦੇ ਨੇ  ਤੇ ਹਮਦਰਦੀ ਪ੍ਰਗਟਾਉਂਦੇ ਨੇ । ਹੁਣ ਇਹ ਇਕ ਬਹੁਤ ਵੱਡੀ ਉਧਾਰਨ ਹੈ ਖਾਲਸੇ ( ਜੋ ਕੇ ਫੋਜੀ ਵੀ ਹੈ ਤੇ ਪੁਲਿਸ ਵਾਲਾ ਵੀ )  ਨੂੰ  ਸਾਵਧਾਨ ਕਰਨ  ਵਾਸਤੇ ਕੇ ਦੁਨੀਆ ਵਿਚ ਬਹੁਤ ਚਾਲਕ ਬੁਧੀ ਵਾਲੇ ਲੋਕ ਨੇ , ਜੋ ਠੱਗੀ, ਹੇਰਾ ਫਰੀ ਦੇ ਮਾਹਰ ਨੇ । ਜੇ ਕਿਸੇ ਦੀ ਮਦਦ ਵੀ ਕਰਨੀ ਹੋਵੇ ਤਾਂ ਸਾਵਧਾਨੀ ਵਰਤ ਕੇ ਕਰੋ, ਇਸ ਤਰਹ ਨਹੀਂ ਕੇ ਅਖ੍ਹਾਂ ਮੀਟ ਨੇ ਪਿਛੇ ਲੱਗ ਤੁਰੋ । ਮਨੋਵਿਗਿਆਨਿਕ ਪਖੋਂ ਇਸ ਕਹਾਣੀ ਵਿਚ ਇਹ ਦਸਿਆ ਗਿਆ ਹੈ ਕੇ ਕਿਦਾਂ ਤੀਵੀਆਂ ਦੀ ਬੁਧੀ ਜੋ ਆਪਣੇ ਪਤੀ( ਭਾਵੇਂ ਓਹ ਅਮਲੀ ਹੀ ਹੈ ) ਦੇ ਮੋਹ ਰੂਪੀ ਤ੍ਰਿਸ਼ਨਾ ਵਿਚ ਫਸੀ ਹੋਈ ਹੈ , ਤੇ ਮੋਹ ਵਿਚ ਫਸੀ ਬੁਧੀ ਕਿਸ ਤਰਹ ਓਸ ਬੁਧੀ ਦਾ ਖਾਤਮਾ ਕਰਦੀ ਹੈ ਜੋ ਸਤੋਗੁਨੀ ਤ੍ਰਿਸ਼ਨਾ( ਵਪਾਰੀਆਂ ਵਲੋਂ ਮਦਦ ਕਰਨ ਦੀ ਤ੍ਰਿਸ਼ਨਾ )   ਵਿਚ ਆ ਕੇ ਇਹਨਾ ਦੀ ਮਦਦ ਕਰਦੀ ਹੈ । ਇਸੇ ਮੋਹ ਰੂਪੀ ਤ੍ਰਿਸ਼ਨਾ ਵਿਚ ਲੁਪਤ ਬੁਧੀ ਲਾਲਚ ਵਸ ( ਦੂਜੀ ਤ੍ਰਿਸ਼ਨਾ ) ਵਿਚ ਗਵਾਚ ਜਾਂਦੀ ਹੈ , ਤੇ ਬਾਅਦ ਵਿਚ ਨਿਆਂਪਾਲਕ ਬੁਧੀ (ਕਾਜੀ ਤੇ ਕੋਤਵਾਲ ) ਨੂੰ ਧੋਖਾ ਦੇ ਜਾਂਦੀ ਹੈ । ਖੇਡ ਸਾਰੀ ਬੁਧੀ ਦੀ ਹੀ ਹੁੰਦੀ ਹੈ , ਇਸਤਰੀ ਤੇ ਮਰਦ ਤਾਂ ਮਹਜ ਇਕ ਖਡੋਨੇ ਨੇ । ਇਹ ਬੁਧੀ ਹੀ ਹੈ ਜੋ ਤ੍ਰਿਸ਼ਨਾਵਾਂ ਵਸ ਹੋ ਕੇ ਕਈ ਕੁਛ ਕਰ ਜਾਂਦੀ ਹੈ  ਪਰ ਇਸ ਕਹਾਣੀ ਤੋਂ ਚਲਾਕ ਬੁਧੀ  ਦੀ  ਚਤੁਰਾਈ ਤੋਂ ਜਾਣੂ ਹੋਣ ਦੀ ਬਜਾਏ ਇਹ ਕਹੋ " ਕੇ ਡੋਡੇ ਪੀਣੇ ਸਿਖੋ ਤੇ ਠੱਗੀ ਮਾਰਨੀ ਸਿਖੋ " ਤਾਂ ਆਪਣੀ ਬੁਧੀ ਨੂੰ  ਤਾਰੋ ਤਾਰ ਕਰਨ ਵਾਲੀ ਗੱਲ ਹੈ । ਇਕ ਫਿਲਮ ਵਿਚ ਜੇ ਇਕ ਕਿਰਦਾਰ ਚੋਰੀ, ਠੱਗੀ , ਨਸ਼ਾ ਕਰਦਾ ਹੈ ਤਾਂ ਓਸ ਦਾ ਮਤਲਬ ਇਹ ਨਹੀਂ ਹੁੰਦਾ ਕੇ ਓਹ ਫਿਲਮ ਸਿਖਿਆ ਦਿੰਦੀ ਹੈ ਕੇ ਇਹ ਸਾਰੇ ਕੰਮ ਸਿਖੋ । ਜੇ ਇਸ ਤਰਹ ਹੁੰਦਾ ਤਾਂ ਸੈਂਸਰ ਬੋਰਡ ਫ਼ਿਲਮਾ ਕਦੀ ਵੀ ਨਾ ਚੱਲਣ ਦਿੰਦੇ  ਦੁਨੀਆ ਵਿਚ ਘਰ ਘਰ ਵਿਚ ਚੋਰ ਬੈਠੇ ਹੁੰਦੇ            
  
ਡਾ. ਕਵਲਜੀਤ ਸਿੰਘ (Copyright @ TejwantKawaljit Singh. Any material edited without the permission of the author will lead to legal action at the cost of the editor)

Friday, 13 January 2012

ਚਰਿੱਤਰ ੩੧੫

ਚਰਿੱਤਰ ੩੧੫ 

ਦੁਨੀਆ ਵਿਚ ਰੱਬ ਦਾ ਨਾਮ ਲੈ ਕੇ ਜਿਨਾ ਲੋਕਾਂ ਨੂੰ ਮੂਰਖ ਹਿੰਦੁਸਤਾਨ ਵਿਚ ਬਣਾਇਆ ਜਾ ਰਿਹਾ ਹੈ , ਓਹ ਸ਼ਾਇਦ ਹੀ ਕਿਸੇ ਜਗਾਹ ਵੇਖਣ ਨੂੰ  ਮਿਲੇ। ਰੋਜ ਹੀ ਕਹਾਣੀਆਂ ਸੁਣੀ ਦੀਆਂ ਨੇ ਕੇ ਜੀ ਫਲਾਣਾ ਬਹੁਤ ਰੱਬ ਦਾ ਨਾਮ ਲੇਣਾ ਵਾਲਾ , ਜਦੋਂ ਮਾਰਿਆ ਓਸ ਨੂ ਦੇਵਤੇ ਰਥ ਵਿਚ ਲੈਣ ਆਏ , ਓਹ ਮਾਰਨ ਤੋਂ ਬਾਅਦ ਉਠ ਕੇ ਬੈਠ ਗਿਆ ਜਾਂ ਓਹ ਸਰੀਰ ਸਮੇਤ ਉੱਡ ਗਿਆ । ਹੁਣ ਆਪਾਂ ਸ੍ਸ੍ਭ ਜਾਣਦੇ ਹਾਂ ਕੇ ਪੰਜ ਤੱਤ ਦਾ ਸਰੀਰ ਹੈ , ਇਸ ਵਿਚ ਪਰ ਤੇ ਲੱਗੇ ਨਹੀਂ ਤੇ ਨਾ ਹੀ ਸਾਨੂੰ ਕੋਈ ਇਹੋ ਜਹੀ ਚੀਜ਼ ਲੱਗੀ ਹੈ ਜਿਸ ਨਾਲ ਸਰੀਰ ਆਪਣੇ ਆਪ ਹੀ ਗਾਇਬ ਹੋ ਜਾਵੇ । ਇਹ ਬਸ ਲੋਕਾਂ ਨੂੰ  ਬੇਵਕੂਫ਼ ਬਣਾਨ ਦੇ ਤਰੀਕੇ ਨੇ । ਇਸੇ ਹੀ ਤਰਹ ਦਾ ਚਰਿਤਰ ਇਕ ਰਾਣੀ ਆਪਣੇ ਰਾਜੇ ਨਾਲ ਖੇਡਦੀ ਹੈ । ਰਾਣੀ ਦਾ ਦਿਲ ਇਕ ਤਰਖਾਣ ਤੇ ਆ ਜਾਂਦਾ ਤੇ ਰਾਣੀ ਘਰੋਂ ਨਿਕਲ ਜਾਣ ਬਾਰੇ ਸੋਚਦੀ ਹੈ । ਰਾਣੀ ਇਕ ਲਾਲ  ਰੰਗ ਦਾ ਸ਼ਰਬਤ ਪੀ ਕੇ ਉਲਟੀ ਕਰਦੀ ਹੈ ਤੇ ਸਾਰੇ ਸੋਚਦੇ ਨੇ ਕੇ ਰਾਣੀ ਨੂੰ  ਖੂਨ ਦੀਆਂ ਉਲਟੀਆਂ ਆ ਰਹੀਆਂ ਨੇ ।   ਰਾਜਾ ਹਕੀਮ ਬੁਲਾਂਦਾ ਹੈ । ਰਾਣੀ ਇਕ ਵਾਰ ਫਿਰ ਉਲਟੀ ਕਰ ਦਿੰਦੀ ਹੈ । ਰਾਣੀ ਫਿਰ ਰਾਜੇ ਨੂੰ  ਕਹਿੰਦੀ ਹੈ ਕੇ ,ਹੇ ਰਾਜਨ, ਮੈਂ ਹੁਣ ਮਾਰ ਜਾਣਾ ਹੈ , ਮੇਰਾ ਮਾਰਨ ਤੋਂ ਬਾਅਦ ਮੇਰਾ ਮੂੰਹ ਨਾ ਦੇਖਣਾ । ਇਹ ਕਹਿ ਕੇ ਰਾਣੀ ਮਰਣ ਦਾ ਨਾਟਕ ਕਰਦੀ ਹੈ । ਮੋਕਾ ਤਾੜ ਕੇ ਰਾਣੀ ਘਰੋਂ ਨਿਕਲ ਜਾਂਦੀ ਹੈ ।ਰਾਣੀ ਦੀਆਂ ਸਹੇਲੀਆਂ ਰਾਜੇ ਨੂੰ  ਕਹਿੰਦਿਆਂ ਨੇ ਕੇ ਰਾਜਨ , ਜੋ ਲੋਕ ਹਰੀ ਪਰਮਾਤਮਾ ਨੂੰ  ਇਕ ਚਿਤ ਹੋ ਕੇ ਸਿਮਰਦੇ ਨੇ , ਤੇ ਚੰਗੇ ਕੰਮ ਕਰਦੇ ਨੇ , ਓਹ ਸਰੀਰ ਸਮੇਤ ਸਵਰਗ ਵਿਚ ਜਾਂਦੇ ਨੇ । ਸੋ ਰਾਣੀ ਵੀ ਸਰੀਰ ਸਮੇਤ ਚਲੀ ਗਈ ਹੈ । ਮੂਰਖ ਰਾਜਾ ਭੇਦ ਨਹੀਂ ਸਮਝਦਾ । ਦੇਖੋ ਕਿਨੀ ਪਤੇ ਦੀ ਗੱਲ ਇਸ ਚਰਿਤਰ ਵਿਚ ਕੀਤੀ ਗਈ ਹੈ ਕਿ ਮੋਹ ਤੇ ਅੰਧ ਵਿਸ਼ਵਾਸ ਵਿਚ ਜੁੜ ਚੁਕੀ ਬੁਧੀ ਨੂੰ ਬੇਵਕੂਫ਼ ਬਨਾਣਾ ਕਿਨਾ ਆਸਾਨ ਹੈ । ਜੇ ਮਨੋ ਵਿਗਿਆਨਿਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਰਾਣੀ ਦੀ ਬੁਧੀ ਜਿਸ ਦੀ ਤ੍ਰਿਸ਼ਨਾ ਪਰ ਪੁਰਸ਼ ਦੇ ਰੂਪ ਵਿਚ ਫਸ ਜਾਂਦੀ ਹੈ ਰਾਜੇ ਦੀ ਬੁਧੀ ਨੂੰ  ਕਿਸ ਤਰਹ ਆਪਣੇ ਆਪਣੇ ਵਸ ਕਰਦੀ ਹੈ । ਰਾਜੇ ਦੀ ਬੁਧੀ ਵੀ ਮੋਹ ਦੇ ਝੂਠੇ ਵਿਸ਼ਵਾਸ ਵਿਚ ਫਸੀ ਹੋਈ ਹੈ , ਤੇ ਰਾਣੀ ਦੀ ਬੁਧੀ ਨੂੰ  ਇਹ ਜਾਣਕਾਰੀ ਹੈ । ਸੋ ਆਪਣੇ ਨਾਲ ਦੀਆਂ ਕੁਛ ਹੋਰ ਚਲਾਕ ਬੁਧੀਆਂ ( ਸਖੀਆਂ ) ਲੈ ਕੇ ਓਹ ਰਾਜੇ ਦੀ ਮੋਹ ਵਿਚ ਫਸੀ ਬੁਧੀ ਨਾਲ ਨਾਟਕ ਖੇਡ ਜਾਂਦੀ ਹੈ । ਸੋ ਕਹਾਣੀ ਤੋਂ ਇਹ ਸਿਖਿਆ ਮਿਲਦੀ ਹੈ ਕੇ ਬੁਧੀ ਦਾ ਪੰਜਾਂ ਉੱਤੇ ਸੰਤੁਲਨ ਹੋਣਾ ਕੀਨਾ ਜਰੂਰੀ ਹੈ । ਜੇ ਬੁਧੀ ਤੇ ਕਾਮ ਹਾਵੀ ਹੋਵੇ ਤਾਂ ਵੀ ਨੁਕਸਾਨ ਕਰਦਾ ਹੈ , ਤੇ ਜੇ ਮੋਹ ਹਾਵੀ ਹੋਵੇ ਤਾਂ ਵੀ ਆਦਮੀ ਦਾ ਨੁਕਸਾਨ ਹੁੰਦਾ ਹੈ    

ਡਾ. ਕਵਲਜੀਤ ਸਿੰਘ (Copyright @ TejwantKawaljit Singh. Any material edited without the permission of the author will lead to legal action at the cost of the editor)

Monday, 9 January 2012

ਚਰਿਤਰ ੧੫੯

ਘਰਾਂ ਵਿਚ ਜਿਆਦਾ ਤਰ ਲੜਾਈ ਦਾ ਕਾਰਨ ਇਕ ਦੂਜੇ ਤੇ ਬੇਲੋੜਾ ਸ਼ਕ ਕਰਨਾ ਹੀ ਹੁੰਦਾ ਹੈ ।ਕਈ ਵਾਰੀ ਗੱਲ ਹੁੰਦੀ ਵੀ ਨਹੀਂ ਤੇ ਰਾਈ ਦਾ ਪਹਾੜ ਬਣ ਜਾਂਦਾ ਹੈ । ਹੋਰ ਤੇ ਹੋਰ , ਕਈ ਵਾਰ ਸੁਖੀ ਵਸਦੇ ਘਰ ਵਿਚ ਕੋਈ ਬਾਹਰ ਦਾ ਬੰਦਾ ਜਾਣ ਬੁਝ ਕੇ ਫੂਕ ਮਾਰ ਜਾਂਦਾ ਹੈ ਕੇ ਮੀਆਂ ਬੀਵੀ ਭਰਮ ਵਿਚ ਹੀ ਆਪਣਾ ਘਰ ਬਾਰ ਉਜਾੜ ਸੁਟਦੇ ਨੇ । ਜੇ ਇਕ ਪਰਿਵਾਰ ਦੇ ਵਿਚ ਰਹਿੰਦਿਆਂ, ਪਰਿਵਾਰ ਦੇ ਜੀਅ ਇਕ ਦੂਜੇ ਤੇ ਭਰੋਸਾ ਰੱਖਣ ਤਾਂ ਪਰਿਵਾਰ ਸੁਖ ਸ਼ਾਂਤੀ ਨਾਲ ਚਲਦਾ ਹੈ । ਇਕ ਹੋਰ ਗੱਲ ਜੋ ਅੱਜ ਬਹੁਤ ਮਹਤਵ ਪੂਰਨ ਹੈ ਕੇ ਜੇ ਪਾਰਿਵਾਰਿਕ ਜੀਅ ਆਪਸ ਵਿਚ ਠੀਕ ਤਰਹ ਨਾਲ ਨਾ ਪੇਸ਼ ਆਣ ਤਾਂ ਬਾਹਰ ਦੇ ਲੋਕਾਂ ਲਈ ਘਰ ਉਜਾੜਨਾ ਹੋਰ ਵੀ ਸੋਖਾ ਹੋ ਜਾਂਦਾ ਹੈ । ਇਹੋ  ਗੱਲ ਇਸ ਚਰਿਤਰ ਵਿਚ ਦੱਸੀ ਗਈ ਹੈ । ਇਕ ਰਾਜੇ ਦੀਆਂ ਕਈ ਰਾਣੀਆ ਹੁੰਦੀਆਂ ਨੇ । ਓਹ ਸਾਰੀਆਂ ਵੱਲ ਧਿਆਨ ਨਾ ਦੇ ਕੇ ਸਿਰਫ ਇਕ ਨਾਲ ਹੀ ਜਿਆਦਾ ਸਮਾ ਗੁਜਾਰਦਾ ਸੀ । ਹੋਇਆ ਕੀ ਕੇ ਬਾਕੀ ਰਾਣੀਆ ਨੇ ਬਹੁਤ ਤੰਤਰ ਮੰਤਰ ਕਰਵਾ ਕੇ ਰਾਜੇ ਨੂੰ  ਵੱਸ ਕਰਨਾ ਚਾਹਿਆ, ਪਰ ਕੁਛ ਨਾ ਬਣਿਆ। ਰਾਣੀਆਂ ਦੀ ਇਕ ਦਾਸੀ ਸੀ ਜੋ ਇਹਨਾ ਰਾਣੀਆਂ ਕੋਲ ਗਈ ਤੇ ਕਹਿੰਦੀ ਕੇ ਜੇ ਮੈਂ ਰਾਜੇ ਦਾ ਧਿਆਨ ਤੁਹਾਡੇ ਵੱਲ ਕਰ ਦੇਵਾਂ ਤਾਂ ਮੈਨੂੰ  ਕੀ ਦੇਵੋਗੀਆਂ  । ਲਾਲਚ ਵਸ , ਦਾਸੀ ਰਾਜੇ ਕੋਲ ਜਾਂਦੀ ਹੈ ਤੇ ਰਾਜਾ ਓਸੇ ਰਾਣੀ ਨਾਲ ਬੈਠਾ ਹੁੰਦਾ ਹੈ । ਦਾਸੀ ਜਾ ਕੇ ਪਹਿਲਾ ਰਾਣੀ ਦੇ ਕੰਨ ਕੋਲ ਜਾ ਕੇ ਕੁਛ ਦੱਸਣ ਦਾ ਨਾਟਕ ਕਰਦੀ ਹੈ , ਪਰ ਦੱਸਦੀ ਕੁਛ ਨਹੀਂ । ਫਿਰ ਇਹੀ ਚੀਜ਼ ਓਹ ਰਾਣੀ ਦੇ ਦੇਖਦਿਆਂ ਰਾਜੇ ਨਾਲ ਕਰਦੀ ਹੈ । ਹੁਣ ਰਾਜਾ ਰਾਣੀ ਨੂੰ  ਪੁਛਦਾ ਹੈ ਕੇ ਇਹ ਤੈਨੂੰ  ਕੀ ਕਹਿ ਕੇ ਗਈ ਹੈ , ਤਾਂ ਰਾਣੀ ਚੁੱਪ ਕਰ ਜਾਂਦੀ ਹੈ । ਫਿਰ ਕਹਿੰਦੀ ਹੈ ਕੇ ਕੁਛ ਵੀ ਨਹੀਂ । ਰਾਣੀ ਫਿਰ ਰਾਜੇ ਨੂੰ  ਪੁਛਦੀ ਹੈ ਕੇ ਤੈਨੂੰ  ਕੀ ਕਹਿ ਕੇ ਗਈ ਹੈ ਤਾਂ ਰਾਜਾ ਵੀ ਓਹੀ ਉੱਤਰ ਦਿੰਦਾ ਹੈ । ਇਥੋਂ ਹੀ ਆਪਸ ਵਿਚ ਭਰਮ ਦੀ ਦੀਵਾਰ ਖੜੀ ਹੋ ਜਾਂਦੀ ਹੈ ਤੇ ਨਤੀਜਾ ਇਹ ਨਿਕਲਦਾ ਹੈ ਕੇ ਰਾਜਾ ਓਸ ਰਾਣੀ ਦਾ ਸਾਥ ਛੱਡ ਦਿੰਦਾ । ਇਸ ਕਹਾਣੀ ਤੋਂ ਕਈ ਸਿਖਿਆਵਾਂ ਮਿਲਦੀਆਂ ਹਨ । ਠੀਕ ਹੈ ਕੇ ਅੱਜ ਕੱਲ ਬਹੁ ਵਿਆਹ ਪ੍ਰਥਾ ਨਹੀਂ ਹੈ , ਪਰ ਫਿਰ ਵੀ ਘਰ ਵਿਚ ਹੋਰ ਵੀ ਕਾਫੀ ਜਾਣੇ ਹੁੰਦੇ ਨੇ ਜਿਵੇਂ ਪਤਨੀ , ਮਾਤਾ , ਭੈਣ ਭਰਾ । ਜੇ ਕੋਈ ਬਾਹਰ ਦਾ ਬੰਦਾ ਆ ਕੇ ਕੋਈ ਚੁਗਲੀ ਲਾ ਜਾਵੇ ਤਾਂ ਆਪਣਿਆਂ ਤੇ ਸ਼ੱਕ ਨਹੀਂ ਸ਼ੁਰੂ ਕਰ ਦੇਣਾ ਚਾਹਿਦਾ, ਸਗੋਂ ਮਿਲ ਬੈਠ ਕੇ ਗੱਲ ਨੂੰ  ਗੋਰ ਨਾਲ ਵਿਚਾਰਨਾ ਚਾਹਿਦਾ ਹੈ ਤਾਂ ਜੋ ਸਮੱਸਿਆ ਨੂੰ  ਹੱਲ ਕੀਤਾ ਜਾ ਸਕੇ । ਦੂਜੀ ਗੱਲ ਕਿ ਘਰ ਵਿਚ ਸਾਰੇ ਪਰਿਵਾਰਕ ਜੀਅ ਆਪਸ ਵਿਚ ਪੂਰਾ ਸਮਾ ਗੁਜਰਨ ਤਾਂ ਕੇ ਕਿਸੇ ਨੂੰ  ਇਹ ਨਾ ਲੱਗੇ ਕੇ ਫਲਾਣਾ ਜੀਅ ਮੇਰੇ ਨਾਲ ਘੱਟ ਸਮਾ ਗੁਜਾਰਦਾ ਤੇ ਦੂਜੇ ਨਾਲ ਵੱਧ ।   ਇੱਕ ਹੋਰ ਗੱਲ ਜੋ ਇਸ ਕਹਾਣੀ ਵਿਚ ਗੋਰ ਕਰਨ ਵਾਲੀ ਹੈ ਕੇ ਜਦੋਂ ਪਰਿਵਾਰ ਵਿਚ ਸੁਖ ਸ਼ਾਂਤੀ ਨਹੀਂ ਰਹਿੰਦੀ ਤਾਂ ਲੋਕ ਪੰਡਤਾਂ , ਤਾਂਤ੍ਰਿਕਾਂ ਕੋਲ ਭੱਜਦੇ ਨੇ ਤੇ ਓਹਨਾ ਦੇ ਕਰਕੇ ਹੀ ਪੈਸਾ ਵੀ ਉਜਾੜ ਦਿੰਦੇ ਨੇ । ਪਰ ਜੰਤਰਾਂ ਮੰਤਰਾਂ ਨਾਲ ਟੁੱਟੇ ਘਰ ਨਹੀਂ ਹਰੇ ਹੁੰਦੇ । ਘਰ ਚਲਦੇ ਨੇ ਆਪਸੀ ਪਿਆਰ ਤੇ  ਇਤਬਾਰ ਨਾਲ  
ਦਾਸ,
ਡਾ ਕਵਲਜੀਤ ਸਿੰਘ copyright@ tejwant kawaljit singh. Any editing done without the written permission of the author  will lead to a legal action at the cost of editor  

ਚਰਿਤਰ ੧੫੮

ਦੁਨੀਆਂ ਵਿਚ ਲੋਕ ਧਰਮ ਦੇ ਨਾਮ ਦੇ ਪਿਛੇ ਆਪਣੇ ਸਿਰ ਪਾੜਦੇ ਫਿਰਦੇ ਨੇ ।ਧਰਮਾਂ ਦੀ ਆਪਸੀ ਰੰਜਿਸ਼  ਪਾਸੇ ਕਰ ਦੇਵੋ , ਇਕ ਧਰਮ ਵਿਚ ਹੀ ਕਈ ਗਰੁਪ ਬਣ ਜਾਂਦੇ ਹਨ ਜੋ ਆਪਸ ਵਿਚ ਹੀ ਉਲਝ ਕੇ ਇਕ ਦੂਜੇ ਦਾ ਜਲੂਸ ਕਢਦੇ ਹਨ ਤੇ ਦੁਨੀਆ ਸਾਹਮਣੇ ਤਮਾਸ਼ਾ ਬਣਾਂਦੇ ਹਨ ।ਇਸੇ ਪ੍ਰਕਾਰ ਦੀ ਗੱਲ  ਅੱਜ ਕੱਲ  ਸਿਖਾਂ ਵਿਚ ਵੀ ਖੂਬ ਦੇਖਣ ਨੂੰ  ਮਿਲ ਰਹੀ ਹੈ। ਹਰ ਕੋਈ ਗੁਰੂ ਦੀ ਮੱਤ ਭੁਲ ਕੇ , ਆਪਣੀ ਮੱਤ ਨੂੰ ਹੀ ਗੁਰੂ ਦੀ ਮੱਤ ਸਮਝੀ ਫਿਰਦਾ ਹੈ ।ਹੁੰਦਾ ਇਹ ਹੈ ਕੇ ਹਉਮੇ ਕਰਕੇ ਆਪਸ ਵਿਚ ਹੀ ਉਲਝ ਕੇ ਰਹਿ  ਜਾਂਦੇ ਨੇ । ਹੋਣਾ ਤਾਂ ਇਹ ਚਾਹਿਦਾ ਸੀ ਕੇ ਇਕਠੇ ਹੋ ਕੇ , ਆਪਸੀ ਮਤਭੇਦ ਭੁਲਾ ਕੇ ਦੂਜੇ ਲੋਕਾਂ ਵਿਚ ਧਰਮ ਦਾ ਪ੍ਰਚਾਰ ਕਰਦੇ, ਪਰ ਇਥੇ ਆਪਸ ਵਿਚ ਹੀ ਹਥੋਪਾਈ ਹੋ ਕੇ ਦੁਨੀਆ ਨੂੰ ਓਹ ਤਮਾਸ਼ਾ ਦਿਖਾਂਦੇ ਨੇ ਕੇ ਜਿਸ ਨੂੰ ਦੇਖ ਕੇ ਜਿਸ ਨੇ ਸਿਖ ਬਣਨਾ ਵੀ ਹੁੰਦਾ ਹੈ , ਓਹ ਵੀ ਰਹਿ ਜਾਂਦਾ ਹੈ । ਝਗੜਾ ਕੋਈ ਵੀ ਨਹੀਂ ਜੇ ਗੁਰੂ ਦੀ ਮੱਤ ਸਾਰੇ ਗ੍ਰਹਿਣ ਕਰ ਲੈਣ, ਕਿਓਂ ਕੇ ਗੁਰੂ ਤੇ ਕਦੇ ਕਿਸੇ ਨੂੰ ਝਗੜਾ ਕਰਨ ਦੀ ਮੱਤ ਦਿੰਦੇ ਹੀ ਨਹੀਂ । ਐਸਾ ਹੀ ਇਸ  ਚਰਿਤਰ ਵਿਚ ਦਰਸਾਇਆ ਗਿਆ ਹੈ । ਸਨਿਆਸੀਆਂ ਤੇ ਬੈਰਾਗੀਆਂ ਵਿਚ ਲੜਾਈ ਹੋ ਜਾਂਦੀ ਹੈ ਤੇ ਲੜਾਈ ਵੀ ਐਸੀ ਹੁੰਦੀ ਹੈ ਕੇ ਇਕ ਦੂਜੇ ਦੇ ਸਿਰ ਪਾੜ ਦਿੰਦੇ ਹਨ, ਹੱਡੀਆਂ ਭੰਨ ਦਿੰਦੇ ਹਨ। ਲੜਾਈ ਦਾ ਕਾਰਨ ਵੀ ਆਪਸੀ ਰੰਜਸ਼ਬਾਜੀ  ਹੁੰਦਾ ਤੇ ਲੜਾਈ ਧਾਰਮਿਕ ਰੂਪ ਅਖਤਿਆਰ ਕਰ ਜਾਂਦੀ ਹੈ ।ਹੁਣ ਕੁੱਟ ਮਾਰ ਇੰਨੀ ਵਧ ਜਾਂਦੀ ਹੈ ਕੇ ਦੋਨੋ ਧਿਰਾਂ ਰਾਣੀ ਕੋਲ ਪਹੁੰਚਦੀਆਂ ਨੇ । ਰਾਣੀ ਸਿਆਣੀ ਹੁੰਦੀ ਹੈ , ਦੋਨੋ ਧਿਰਾਂ ਨੂੰ ਆਪਣੇ ਦਰਬਾਰ ਵਿਚ ਬੁਲਾਂਦੀ ਹੈ ਤੇ ਫਿਰ ਕਹਿੰਦੀ ਹੈ ਕੇ ਸਬ ਤੋਂ ਪਹਿਲਾਂ ਆਪਣੇ ਗੁਰੂਆਂ ਦਾ ਧਿਆਨ ਧਰੋ। ਫਿਰ ਕਹਿੰਦੀ ਹੈ ਕੇ ਤੁਸੀਂ ਦੋਨੋ ਧਿਰਾਂ ਅੱਜ ਰਾਤ ਮਹਿਲ ਵਿਚ ਵਖਰੇ ਵਖਰੇ ਕਮਰਿਆਂ ਵਿਚ ਸੋ ਜਾਵੋ । ਰਾਤ ਨੂੰ  ਰਾਣੀ ਉਠ ਕੇ ਵੱਖ ਵੱਖ ਸਮੇ ਦੋਨੋ ਧਿਰਾਂ ਕੋਲ ਜਾਂਦੀ ਹੈ ਤੇ ਦੋਨਾ ਨੂੰ ਕਹਿੰਦੀ ਹੈ ਕੇ ਤੁਸੀਂ ਓਹ ਕਰੋ ਜੋ ਤੁਹਾਡੇ ਗੁਰੂ ਨੇ ਤੁਹਾਨੂੰ ਸਿਖਾਇਆ ਹੈ । ਦੋਨੋ ਧਿਰਾਂ ਆਪਣੇ ਗੁਰੂ ਦੀ ਮੱਤ ਵਿਚਾਰ੍ਦੀਆਂ ਨੇ ਤੇ ਆਪਸ ਵਿਚ ਪਿਆਰ ਨਾਲ  ਮੇਲ ਆਣਾ ਸ਼ੁਰੂ ਕਰ ਦਿੰਦੀਆਂ ਨੇ।ਹੁਣ ਇਸ ਕਹਾਣੀ ਵਿਚ ਰਾਣੀ( ਜੋ ਇਕ ਇਸਤਰੀ ਹੈ ) ਦੇਖੋ ਕਿੰਨੀ ਸਿਆਣੀ ਦਿਖਾਈ ਗਈ ਹੈ ਜੋ ਕਿੰਨੀ ਸਰਲਤਾ ਨਾਲ ਕਾਤਲਾਨਾ ਝਗੜਾ ਨਬੇੜ ਦਿੰਦੀ ਹੈ । ਇਹ ਕਹਾਣੀ ਸਾਰਿਆਂ ਨੂੰ ਆਪਣੇ ਗੁਰੂ ਦੀ ਮੱਤ ਨਾਲ ਜੁੜਨ ਦਾ ਇਕ ਸਾਂਝਾ ਉਪਦੇਸ਼ ਦਿੰਦੀ ਹੈ। ਹੁਣ ਜੇ ਕੋਈ ਕਹਾਣੀ ਪੜ ਕੇ ਕਹੇ ਕੇ "ਲੜਾਈ ਕਰਨਾ ਸਿਖੋ " ਤਾਂ ਸ਼ਾਬਾਸ਼ ਉਸ ਆਦਮੀ ਦੀ ਅਕਲ ਦੇ
ਦਾਸ,
ਡਾ ਕਵਲਜੀਤ ਸਿੰਘ copyright@ tejwant kawaljit singh. Any editing done without the written permission of the author  will lead to a legal action at the cost of editor