Tuesday 17 January 2012

ਚਰਿਤਰ ੧੭੭

ਚਰਿਤਰ ੧੭੭
ਦੁਨੀਆ ਵਿਚ ਬਹੁਤ ਪ੍ਰਕਾਰ ਦੀ ਬੁਧੀ ਹੈ , ਕੋਈ ਬੁਧੀ ਸਿਆਣੀ ਹੈ ਤੇ ਕੋਈ ਮੂਰਖ ।ਕੋਈ ਚਲਾਕ ਹੈ ਤੇ ਕੋਈ ਸਧਾਰਨ । ਕਈ ਵਾਰੀ ਇਕ ਚੁਸਤ ਬੁਧੀ ਆਮ ਲੋਕਾਂ ਨੂੰ  ਪਿਛੇ ਲਾ ਕੇ ਓਹਨਾ ਕੋਲੋਂ ਵੀ ਫਿਆਦਾ ਲੈ ਜਾਂਦੀ ਹੈਇਸੇ ਲਈ ਇਸ ਬੁਧੀ ਦਾ ਕੋਈ ਪਾਰ ਨਹੀਂ ਪਾ ਸਕਿਆ । ਭਾਵੇਂ ਇਹ ਬੁਧੀ ਕਿੰਨੀ ਵੀ ਸਿਆਣੀ ਕਿਓਂ ਨਾ ਹੋਵੇ , ਪਰ ਖੇਡਦੀ ਇਹ ਤਰੈ ਗੁਣ ਮਾਇਆ ਦੇ ਘਰ ਵਿਚ ਹੀ ਹੈ , ਭਾਵ ਇਸ ਤੇ ਸਤੋ ਗੁਣ , ਤਮੋਗੁਣ ਤੇ ਰਜੋ ਗੁਣ ਦਾ ਪ੍ਰਭਾਵ ਰਹਿੰਦਾ ਹੀ ਹੈ ਬਸ਼ਰਤੇ ਕਿਸੇ ਗੁਰਮੁਖ ਨੇ ਗੁਰੂ ਦੀ ਮਤ ਲੈ ਕੇ ਬੁਧੀ ਨੂੰ  ਫਤਿਹ  ਕਰ ਕੇ ਚੋਥੇ ਪਦ ਵਿਚ ਰਹਿਣਾ ਸਿਖ ਲਿਆ ਹੋਵੇ  ।  ਇਸ ਮਨਮਤ ਰੂਪੀ ਬੁਧੀ ਦਾ ਸਿਰਜਨਹਾਰ ਤਰੈ ਗੁਣ ਮਾਇਆ ਵਿਚੋਂ ਉਪਜੀ ਤ੍ਰਿਸ਼ਨਾ ਹੀ ਹੈ ਜਿਵੇਂ ਰਜੋ ਗੁਣ ਭਾਵ ਆਸ਼ਾ  ਅਭਿਲਾਸ਼ਾ ਆਦਿ , ਸਤੋ ਗੁਣ ਜਿਵੇਂ ਦਯਾ ਨਿਮਰਤਾ ਆਦਿ  ਤੇ ਤਮੋਗੁਣ ਜਿਵੇ ਕਾਮ ਕ੍ਰੋਧ ਲੋਭ ਹੰਕਾਰ ਆਦਿ । ਸੋ ਮਤਲਬ ਕੇ ਇਸ ਮਨਮਤ ਬੁਧੀ ਦਾ ਕਰਤਾ ਤਰੈ ਗੁਣ ਮਾਇਆ ਹੀ ਹੈ ਤੇ ਕਈ ਵਾਰੀ ਏਸ ਤਰੈ ਗੁਣੀ ਮਾਇਆ ਵਲੋਂ ਬਣਾਈ ਇਹ ਬੁਧੀ ਅਨੇਕਾਂ ਤ੍ਰਿਸ਼ਨਾਵਾਂ ਵਿਚ ਇਨੀ ਲੁਪਤ ਹੋ ਜਾਂਦੀ ਹੈ ਕੇ ਇਸ ਨੂੰ  ਬਣਾਨ ਵਾਲੀ ਮਾਇਆ ਵੀ ਸੋਚਦੀ ਹੈ ਕੇ ਮੈਂ ਕੀ ਬਣਾ ਬੈਠੀ ਹਾਂ  ਭਾਵ ਇਸ ਨੂੰ  ਬਣਾ ਕੇ ਪਛਤਾਉਂਦੀ ਹੈ    ਸੋਚਿਆ ਕੁਛ ਹੋਰ ਹੁੰਦਾ, ਹੋ ਕੁਛ ਹੋਰ ਜਾਂਦਾ । ਇਸ ਚਰਿਤਰ ਵਿਚ ਵੀ ਇਕ ਵਿਦਵਾਨ ਬੁਧੀ ਦਾ ਜਿਕਰ ਕੀਤਾ ਗਿਆ ਹੈ । ਇਕ ਰਾਜਕੁਮਾਰੀ ਹੈ ਜੋ ਬਹੁਤ ਵਿਦਵਾਨ ਤੇ ਸਿਆਣੀ ਹੈ । ਓਹ ਇਕ ਕਿਸ਼ਤੀ ਵਿਚ ਆਪਣੀਆਂ ੫੦ ਸਹੇਲੀਆਂ ਨਾਲ ਅਸਵਾਰ ਹੁੰਦੀ ਹੈ ਤੇ ਕਿਸ਼ਤੀ ਵਿਚ ਇਕ ਬਹੁਤ ਵੱਡੀ ਮਸ਼ਾਲ ਜਲਾ ਲੈਂਦੀ ਹੈ । ਕਿਸ਼ਤੀ ਸਮੁੰਦਰ ਵੱਲ ਨੂੰ  ਤੋਰ ਲੈਂਦੀ ਹੈ । ਜਦੋਂ ਸਮੁੰਦਰ ਦੇ ਵਿਚਕਾਰ ਪਹੁੰਚ ਜਾਦੀਂ ਹੈ ਤਾਂ ਸਮੁੰਦਰ ਵਿਚ ਕਛੁ, ਮਛੁ ਮਿਸ਼ਾਲ ਨੂੰ  ਦੇਖ ਕੇ ਕਿਸ਼ਤੀ ਦੇ ਪਿਛੇ ਲੱਗ ਤੁਰਦੇ ਨੇ । ਓਹ ਆਪਣੇ ਨਾਲ ਹੀ ਸਮੁੰਦਰ ਦੇ ਮੋਤੀ ਜਵਾਹਰਾਤ ਨਾਲ ਲੈ ਕੇ ਸਮੁੰਦਰ ਦੀ ਸਤਹ ਤੇ ਆ ਜਾਂਦੇ ਨੇ । ਓਹ ਸੋਚਦੇ ਨੇ ਕੇ ਆਪਾਂ ਏਸ ਮਿਸ਼ਾਲ ਨੂ ਖਾਵਾਂਗੇ ਤੇ ਘਰ ਵਾਪਿਸ ਆ ਜਾਂਦੇ ਨੇ ਥੋੜੀ ਦੇਰ ਬਾਅਦ ਰਾਜਕੁਮਾਰੀ ਮਿਸ਼ਾਲ ਬੁਝਾ  ਦਿੰਦੀ ਹੈ ਤੇ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਸਾਰੇ ਰਤਨ ਚੱਕ ਲੈਂਦੀ ਹੈ ਤੇ ਬੁਝੀ ਹੋਈ ਮਿਸ਼ਾਲ ਦੇਖ ਕੇ ਕਛੁ ਤੇ ਮਛੁ ਮਨ ਵਿਚ ਬਹੁਤ ਦੁਖੀ ਹੁੰਦੇ ਤੇ ਝੂਰਦੇ ਨੇ । ਇਸ ਤਰਹ ਓਹ ਸਾਰੇ ਰਤਨ ਇਕਠੇ ਕਰ ਕੇ ਵਾਪਿਸ ਆ ਜਾਂਦੀ ਹੈ । ਭਾਵ ਇਕ ਤੀਖਣ ਬੁਧੀ (ਰਾਜਕੁਮਾਰੀ) ਗਿਆਨ ਦੇ ਸਮੁੰਦਰ ਵਿਚ ਵੜ ਕੇ ਗਿਆਨੀ ਬੁੱਧੀਆਂ ਨੂੰ ਤ੍ਰਿਸ਼ਨਾ ਨਾਲ ਆਪਣੀ ਤਰਫ਼ ਆਕਰਸ਼ਤ ਕਰ ਕੇ ਓਹਨਾ ਦੀ ਗਿਆਨ ਹਾਸਿਲ ਕਰ ਕੇ ਓਹ ਜਾਂਦੀ ਹੈ ਤੇ ਗਿਆਨੀ ਸੱਜਣ ਵਿਚਾਰੇ ਦੇਖਦੇ ਹੀ ਰਹਿ ਜਾਂਦੇ ਨੇ। ਗਿਆਨੀ ਬੁਧੀਆਂ ਵੀ ਅਸਲ ਵਿਚ ਇਸ ਤ੍ਰਿਸ਼ਨਾ ਦੇ ਜਾਲ ਵਿਚ ਫਸ ਜਾਂਦੀਆਂ ਨੇ ਕਿ ਸ਼ਾਇਦ ਸਾਨੂੰ ਵੀ ਇਹ ਮਿਲ ਜਾਵੇ, ਪਰ ਓਹਨਾ ਸਾਰਿਆਂ ਵਿਚੋਂ ਸਭ ਤੋਂ ਸਿਆਣੀ ਬੁਧੀ , ਜੋ ਰਾਜਕੁਮਾਰੀ ਦੀ ਹੈ , ਹੀਰੇ ਮੋਤੀ ਭਾਵ ਉਤਮ  ਗਿਆਨ ਹਾਸਿਲ ਕਰ ਕੇ ਨਿਕਲ ਜਾਂਦੀ ਹੈ । ਸੋਖੇ ਸ਼ਬਦਾਂ ਵਿਚ  ਭਾਵ ਇਕ ਚਲਾਕ ਵਿਦਵਾਨ ਕਿਸੇ ਪ੍ਰਕਾਰ ਦਾ ਲਾਲਚ ਦੇ ਕੇ ਬਾਕੀ ਦੇ ਵਿਦਵਾਨਾ ਦਾ ਕੰਮ ਵੀ ਆਪਣੇ ਨਾਮ ਕਰ ਜਾਂਦਾ ਹੈ ਤੇ ਬਾਕੀ ਮੂੰਹ ਦੇਖਦੇ ਰਹੀ ਜਾਂਦੇ ਹਨ 
ਦਾਸ ,
ਡਾ ਕਵਲਜੀਤ ਸਿੰਘ  copyright @ tejwantkawaljit singh Any editing done without the written permission of the author will lead to a legal action at the cost of the editor