ਇਤਿਹਾਸ ਦੀ ਗਵਾਹੀ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਸ੍ਰੀ ਦਸਮ ਬਾਨੀ ਦੀਆਂ ਪੋਥੀਆਂ ਆਮ ਸਿੱਖਾਂ ਕੋਲ ਉਪਲਬਧ ਸੀ।ਪਹਿਲੇ ਨਿਹੰਗ ਸਿੰਘ ਇਤਿਹਾਸਕਾਰ, ਮੱਸਾ ਰੰਘੜ ਦਾ ਸਿਰ ਵੱਢਣ ਵਾਲੇ ਸਹੀਦ ਬਾਬਾ ਮਹਿਤਾਬ ਸਿੰਘ ਦੇ ਪੋਤੇ, ਸਹੀਦ ਭਾਈ ਰਤਨ ਸਿੰਘ ਭੰਗੂ ਦੇ 'ਪ੍ਰਾਚੀਨ ਪੰਥ ਪ੍ਰਕਾਸ਼' ਅਨੁਸਾਰ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿੱਛੋਂ, ਸਭ ਤੋਂ ਪਹਿਲੀ ਸ਼ਹੀਦੀ, ਭਾਈ ਤਾਰਾ ਸਿੰਘ ਵਾਂ ਦੀ ਹੋਈ।ਜਦ ਤੁਰਕ ਫੌਜ ਨੇ ਤਾਰਾ ਸਿੰਘ ਤੇ ਚੜ੍ਹਾਈ ਕੀਤੀ, ਉਸ ਕੋਲ ਸਿੰਘ ਥੋੜ੍ਹੇ ਹੀ ਸਨ।ਸਿੰਘਾਂ ਨੇ ਭਾਈ ਤਾਰਾ ਸਿੰਘ ਨੂੰ ਸਲਾਹ ਦਿੱਤੀ, ਕਿ ਹੁਣ ਇਕ ਪਾਸੇ ਹੋ ਜਾਈਏ, ਫੌਜ ਬਹੁਤ ਹੀ ਆ ਰਹੀ ਹੈ।ਭਾਈ ਸਾਹਿਬ ਨੇ ਸਿੰਘਾਂ ਨੂੰ ਕਿਹਾ ਕਿ ਅਰਦਾਸ ਕਰਕੇ ਪੋਥੀ (ਜੋ ਉਨ੍ਹਾਂ ਕੋਲ ਸੀ) ਵਿਚੋਂ ਹੁਕਮ ਲੈ ਲਵੋ।ਅਰਦਾਸ ਕਰਕੇ ਜੋ ਸ਼ਬਦ ਆਇਆ:-
ਜੋ ਕਹੂੰ ਕਾਲ ਤੇ ਭਾਜ ਕੈ ਬਾਚੀਅਤ ਤੋ ਕਿਹ ਕੁੰਟ ਕਹੋ ਭਜਿ ਜੈਯੈ॥
ਆਗੇ ਹੂੰ ਕਾਲ ਧਰੇ ਅਸਿ ਗਾਜਤ ਛਾਜਤ ਹੈ ਜਿਹ ਤੇ ਨਸਿ ਐਯੈ॥
ਐਸੋ ਨ ਕੋ ਗਯੋ ਕੋਈ ਸੁ ਦਾਵ ਰੇ ਜਾਹਿ ਉਪਾਵ ਸੋ ਘਾਵ ਬਚੈਯੈ॥
ਜਾਂ ਤੇ ਨ ਛੂਟੀਐ ਮੂੜ! ਕਹੂ ਹਸਿ ਤਾਂ ਕੀ ਨ ਕਯੋਂ ਸਰਣਾਗਤਿ ਜੈਯੈ॥(ਬਚਿਤਰ ਨਾਟਕ ਪੰ )
ਇਸ ਸਵੈਯੇ ਦੇ ਪਾਠ ਪਿੱਛੋਂ ਭਾਈ ਸਾਹਿਬ ਨੇ ਸਾਰੇ ਸਿੰਘਾਂ ਨੂੰ ਕਿਹਾ, ਕਿ ਗੁਰਬਾਣੀ ਦੇ ਹੁਕਮ ਅਨੁਸਾਰ, ਮੈਂ ਤਾਂ ਇਥੇ ਹੀ ਸ਼ਹੀਦੀ ਪਾਵਾਂਗਾ।ਤੁਹਾਡੇ ਵਿਚੋਂ ਜੇ ਕਿਸੇ ਨੇ ਸ਼ਹੀਦ ਹੋਣਾ ਹੈ, ਉਹ ਰਹੇ, ਬਾਕੀ ਚਲੇ ਜਾਵੋ।ਤਾਂ ਤੇ ਸਭ ਨੇ ਇਕੱਠੇ ਲੜ ਕੇ ਸ਼ਹੀਦੀ ਪਾਈ।ਭਾਈ ਸਾਹਿਬ ਦੇ ਨਾਂ ਤੇ ਹੁਣ ਤੱਕ ਉਨ੍ਹਾਂ ਦੇ ਪਿੰਡ ਵਿਚ ਸ਼ਹੀਦੀ ਮੇਲਾ ਲੱਗਦਾ ਹੈ।