Thursday, 15 September 2016

ਹੁਣ ਦੱਸੋ ਬਚਿਆ ਬਾਹਮਣ ਵਾਦ ਤੇ ਪਖੰਡ ਦਾ ਕੁਛ ?

ਬਚਿਤ੍ਰ ਨਾਟਕ ਵਿਚ ਗੁਰੂ ਸਾਹਿਬ ਦਸਦੇ ਹਨ ਕੇ ਕਰੋੜਾਂ ਲੋਕ ਪੁਰਾਣ ਅਤੇ ਕੁਰਾਨ ਆਦਿਕ ਪੁਸਤਕਾਂ ਪੜ ਰਹੇ ਨੇ, ਪਰ ਅੰਤ ਸਮੇ ਇਹਨਾ ਵਿਚੋਂ ਕਿਸੇ ਨੇ ਕੰਮ ਨਹੀਂ ਆਉਣਾ। ਗੁਰੂ ਸਾਹਿਬ ਕਹਿੰਦੇ ਕੇ ਉਸ ਨੂੰ ਜਪੋ ਜੋ ਅੰਤ ਵੇਲੇ ਵੀ ਸਹਾਈ ਹੁੰਦਾ ਹੈ, ਫੋਕਟ ਧਰਮ ਦੇ ਚਕ੍ਰ ਵਿਚ ਪੈਣ ਨਾਲ ਭਰਮ ਪੈਦਾ ਹੁੰਦਾ ਹੈ, ਇਹਦੇ ਨਾਲ ਕੁਛ ਨਹੀਂ ਸਰਨਾ। ਇਹਨਾਂ ਸਾਰੀਆਂ ਗੱਲਾਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਹੀ ਪਰਮੇਸ੍ਵਰ ਨੇ ਗੁਰੂ ਸਾਹਿਬ ਨੂੰ ਧਰਤੀ ਤੇ ਭੇਜਿਆ। ਗੁਰੂ ਸਾਹਿਬ ਕਹਿੰਦੇ ਨੇ ਕੇ ਮੈਂ ਕੋਈ ਜਟਾਵਾਂ ਨਹੀਂ ਧਰਨੀਆ, ਨਾ ਕੋਈ ਜੋਗੀਆਂ ਵਾਂਗੂ ਕੰਨਾਂ ਵਿਚ ਮੁਦਰਾਂ ਪਾਉਣੀਆਂ। ਸਿਰਫ ਮੈਂ ਪਰਮੇਸ੍ਵਰ ਦਾ ਨਾਮ ਜਪਣਾ ਜਿਹੜਾ ਹਮੇਸ਼ਾਂ ਕੰਮ ਆਉਂਦਾ। ਨਾ ਹੀ ਮੈਂ ਅੱਖਾਂ ਮਿਚਵਾ ਕੇ ਲੋਕਾਂ ਨੂੰ ਬਿਠਾਉਣਾ, ਤੇ ਨਾ ਹੀ ਕੋਈ ਪਖੰਡ ਕਰਨਾ। ਨਾ ਕੋਈ ਕੁਕਰਮ ਕਰਨਾ, ਤੇ ਨਾ ਹੀ ਭੇਖੀ ਬਣਨਾ।

ਕਈ ਕੋਟਿ ਮਿਲਿ ਪੜ੍ਹਤ ਕੁਰਾਨਾ ॥ ਬਾਚਤ ਕਿਤੇ ਪੁਰਾਨ ਅਜਾਨਾ ॥
ਅੰਤ ਕਾਲ ਕੋਈ ਕਾਮ ਨ ਆਵਾ ॥ ਦਾਵ ਕਾਲ ਕਾਹੂ ਨ ਬਚਾਵਾ ॥੪੮॥
ਕਿਉ ਨ ਜਪੋ ਤਾ ਕੋ ਤੁਮ ਭਾਈ ॥ ਅੰਤ ਕਾਲ ਜੋ ਹੋਇ ਸਹਾਈ ॥
ਫੋਕਟ ਧਰਮ ਲਖੋ ਕਰ ਭਰਮਾ ॥ ਇਨ ਤੇ ਸਰਤ ਨ ਕੋਈ ਕਰਮਾ ॥੪੯॥
ਇਹ ਕਾਰਨ ਪ੍ਰਭੁ ਹਮੈ ਬਨਾਯੋ ॥ ਭੇਦੁ ਭਾਖਿ ਇਹੁ ਲੋਕ ਪਠਾਯੋ ॥
ਜੋ ਤਿਨ ਕਹਾ ਸੁ ਸਭਨ ਉਚਰੋਂ ॥ ਡਿੰਭ ਵਿੰਭ ਕਛੁ ਨੈਕ ਕ ਕਰੋਂ ॥੫੦॥
ਰਸਾਵਲ ਛੰਦ ॥
ਨ ਜਟਾ ਮੂੰਡ ਧਾਰੋਂ ॥ ਨ ਮੁੰਦ੍ਰਕਾ ਸਵਾਰੋਂ ॥
ਜਪੋ ਤਾਸ ਨਾਮੰ ॥ ਸਰੈ ਸਰਬ ਕਾਮੰ ॥੫੧॥
ਨ ਨੈਨੰ ਮਿਚਾਊਂ ॥ ਨ ਡਿੰਭੰ ਦਿਖਾਊਂ ॥
ਨ ਕੁਕਰਮੰ ਕਮਾਊਂ ॥ ਨ ਭੇਖੀ ਕਹਾਊਂ ॥੫੨॥

ਹੁਣ ਦੱਸੋ ਬਚਿਆ ਬਾਹਮਣ ਵਾਦ ਤੇ ਪਖੰਡ ਦਾ ਕੁਛ ?

ਗੁਰੂ ਤੇਗ ਬਹਾਦੁਰ ਸਾਹਿਬ ਦੀ ਕੁਰਬਾਨੀ ਦਾ ਕਾਰਨ

ਕਿਸੇ ਨਿਰਦੋਸ਼ ਤੇ ਹੋ ਰਹੇ ਜ਼ੁਲਮ ਵਿਰੁੱਧ ਅਵਾਜ ਉਠਾਉਣੀ ਧਰਮ ਹੈ ਤੇ ਧਰਮੀ ਪੁਰਸ਼ਾਂ ਨੂੰ ਆਪਣਾ ਧਰਮ ਪਾਲਣ ਲਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ। ਜਦੋਂ ਔਰੰਗਜੇਬ ਬਾਹਮਣਾ ਨੂੰ ਹਰ ਰੋਜ ਹਜਾਰਾਂ ਦੀ ਗਿਣਤੀ ਵਿਚ ਕਤਲ ਕਰਦਾ ਸੀ ਤਾਂ ਉਸ ਵਿਰੁੱਧ ਗੁਰੂ ਸਾਹਿਬ ਨੇ ਅਵਾਜ ਉਠਾ ਕੇ ਆਪਣਾ ਧਰਮ ਨਿਭਾਇਆ। ਕਿਸੇ ਨੂੰ ਜ਼ੋਰ ਨਾਲ ਗੱਲ ਮਨਵਾਉਣਾ ਧਰਮ ਨਹੀਂ ਹੁੰਦਾ , ਬਲਕਿ ਜ਼ੁਲਮ ਹੁੰਦਾ ਹੈ। ਗੁਰੂ ਸਾਹਿਬ ਨੇ ਨਿਰਬਲ ਹਿੰਦੂ ਕੌਮ ਨੂੰ ਬਚਾਉਣ ਆਪਣੀ ਕੁਰਬਾਨੀ ਦਿੱਤੀ। ਦੁਨੀਆ ਦੇ ਪਹਿਲਾ ਧਰਮ ਪੁਰਸ਼ ਗੁਰੂ ਤੇਗ ਬਹਾਦੁਰ ਸਾਹਿਬ ਨੇ ਜਿਨ੍ਹਾਂ ਨੇ ਕਿਸੇ ਹੋਰ ਦੇ ਧਰਮ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ ਤੇ ਦੁਨੀਆਂ ਨੂੰ ਇਕ ਸੁਨੇਹਾ ਦਿੱਤਾ ਕੇ ਭਾਵੇਂ ਸਾਡੇ ਹਿੰਦੂਆਂ ਨਾਲ ਵਿਚਾਰ ਨਾ ਵੀ ਮਿਲਦੇ ਹੋਣ, ਪਰ ਕਿਸੇ ਨਿਰਦੋਸ਼ ਦੀ ਧੋਣ ਤੇ ਲੱਤ ਰੱਖ ਕੇ ਈਨ ਮਨਵਾਣਾ ਜ਼ੁਲਮ ਹੈ ਤੇ ਸਿੱਖ ਇਸ ਜ਼ੁਲਮ ਦੇ ਖਿਲਾਫ ਅਵਾਜ ਉਠਾਵੇਂਗਾ ਭਾਵੇਂ ਆਪਣਾ ਸਰ ਹੀ ਕਿਓਂ ਨਾ ਦੇਣਾ ਪਵੇ। ਔਰੰਗਜੇਬ ਵਰਗੇ ਲੋਕ ਧਰਮੀ ਹੋਣ ਦਾ ਨਾਟਕ ਕਰਦੇ ਨੇ, ਤੇ ਧਰਮ ਦੇ ਨਾਮ ਤੇ ਕੁਕਾਜਾ ਭਾਵ ਜ਼ੁਲਮ ਕਰਦੇ ਨੇ। ਇਹੋ ਜਹੇ ਜ਼ੁਲਮੀ ਬੰਦਿਆਂ ਨੂੰ ਰੱਬ ਦੇ ਬੰਦੇ ਕਹਿਣ ਲਗਿਆਂ ਵੀ ਸ਼ਰਮ ਆਉਂਦੀ ਹੈ। 

ਤਿਲਕ ਜੰਵੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥
ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਆ ਪਰ ਸੀ ਨ ਉਚਰੀ ॥੧੩॥
ਧਰਮ ਹੇਤਿ ਸਾਕਾ ਜਿਨਿ ਕੀਆ ॥ ਸੀਸੁ ਦੀਆ ਪਰ ਸਿਰਰੁ ਨ ਦੀਆ ॥
ਨਾਟਕ ਚੇਟਕ ਕੀਏ ਕੁਕਾਜਾ ॥ ਪ੍ਰਭ ਲੋਗਨ ਕਹ ਆਵਤ ਲਾਜਾ ॥੧੪॥

ਦਸਮ ਗ੍ਰੰਥ ਵਿਚ ਇਕ ਓਅੰਕਾਰ

ਪ੍ਰਣਵੋ ਆਦਿ ਏਕੰਕਾਰਾ ॥
ਜਲ ਥਲ ਮਹੀਅਲ ਕੀਓ ਪਸਾਰਾ ॥
ਨਮਸਕਾਰ ਹੈ ਉਸ ਇਕ ਓਅੰਕਾਰ ਨੂੰ ਜੋ ਆਦਿ ਤੋਂ ਹੀ ਮੌਜੂਦ ਹੈ। ਉਸ ਨੇ ਹੀ ਜਲ ਤੇ ਥਲ ਵਿਚ ਪਸਾਰਾ ਕੀਤਾ ਹੋਇਆ ਹੈ। 
ਸ੍ਰੀ ਦਸਮ ਗ੍ਰੰਥ 
ਇਸੇ ਏਕੰਕਾਰ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿਚ ਹੈ ਤੇ ਇਸੇ ਦੀ ਦਸਮ ਵਿਚ। ਇਸੇ ਦੇ ਵੱਖ ਵੱਖ ਨਾਮ ਨੇ ਗੁਰੂ ਗ੍ਰੰਥ ਸਾਹਿਬ ਵਿਚ ਤੇ ਦਸਮ ਗ੍ਰੰਥ ਵਿਚ।

ਕੀ ਮਹਾਕਾਲ ਸ਼ਰਾਬੀ "ਵਿਅਕਤੀ" ਹਨ?

ਇਹ ਪੋਸਟਰ ਅੱਜ ਪੜ ਰਿਹਾ ਸੀ ਜੋ ਕੇ ਇਸ ਨੂੰ ਲਿਖਣ ਵਾਲੇ ਅਨੁਸਾਰ ਓਹਨਾ ਨੇ "ਮਹਿੰਦਰ ਸਿੰਘ ਜੋਸ਼" ਦੀ ਪੁਸਤਕ ਵਿਚੋਂ ਅੰਸ਼ ਲੈ ਕੇ ਬਣਾਇਆ ਹੈ। ਮਤਲਬ ਕੇ ਪੋਸਟਰ ਬਣਾਉਣ ਵਾਲੇ ਨੇ ਦਸਮ ਗ੍ਰੰਥ ਵਿਚੋਂ ਬਚਿਤ੍ਰ ਨਾਟਕ ਖੁਦ ਪੜ ਕੇ ਕੁਛ ਸਿੱਟਾ ਕੱਢਣ ਦੀ ਬਜਾਵੇ ਕਿਸੇ ਲਿਖਾਰੀ ਦੀ ਕਿਤਾਬ ਵਿੱਚੋ ਪੜ ਕੇ ਝੂਠ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਚਲੋ ਹੁਣ ਇਸ ਪੋਸਟਰ ਬਾਰੇ ਵਿਚਾਰ ਕਰਦੇ ਹਾਂ :
ਪਹਿਲਾ ਸਵਾਲ ਲਿਖਦੇ ਹਨ - "ਕਾਲ/ਮਹਾਕਾਲ ਜੋ ਸ਼ਰਾਬੀ "ਵਿਅਕਤੀ" ਹਨ ਓਹਨਾ ਨੇ ਕਿੰਨੇ ਹੀ ਕ੍ਰਿਸ਼ਨ, ਰਾਮ, ਮੁਹੰਮਦ ਵਰਗੇ ਪੈਦਾ ਕੀਤੇ ਤੇ ਮਿਟਾ ਦਿੱਤੇ"
ਇਸ ਸਵਾਲ ਵਿਚ ਲਿਖਾਰੀ ਨੇ ਮਹਾਕਾਲ ਨੂੰ ਇਕ ਵਿਅਕਤੀ ਦਰਸਾਇਆ ਹੈ ਜੋ ਕੇ ਸ਼ਰਾਬੀ ਹੈ। ਇਸ ਦਾ ਉੱਤਰ ਇਹ ਹੈ ਕੇ ਬਚਿਤ੍ਰ ਨਾਟਕ ਦੇ ਸ਼ੁਰੂ ਵਿਚ ਹੀ ਕਾਲ/ਮਹਾਕਾਲ ਦੇ ਸਰੂਪ ਦਾ ਵਰਨਣ ਹੈ :
ਸਦਾ ਏਕ ਜੋਤਯੰ ਅਜੂਨੀ ਸਰੂਪੰ ॥ ਮਹਾ ਦੇਵ ਦੇਵੰ ਮਹਾ ਭੂਪ ਭੂਪੰ ॥
ਭਾਵ ਕੇ ਮਹਾਕਾਲ ਸਦਾ ਰਹਿਣ ਵਾਲਾ ਇਕ ਜੋਤ ਹੈ ਤੇ ਉਸ ਦਾ ਰੂਪ ਅਜੂਨੀ ਹੈ ਭਾਵ ਜਨਮ ਵਿਚ ਨਹੀਂ ਆਉਂਦਾ। ਜੇ ਜਨਮ ਵਿਚ ਨਹੀਂ ਆਉਂਦਾ ਤਾਂ ਵਿਅਕਤੀ ਕਿਵੇਂ ਹੋ ਗਿਆ ? ਉਹ ਮਹਾਕਾਲ ਰਾਜਿਆਂ ਦਾ ਵੀ ਰਾਜਾ ਹੈ , ਦੇਵਾਂ ਦਾ ਵੀ ਦੇਵ ਹੈ , ਭਾਵ ਓਸ ਤੋਂ ਉੱਪਰ ਕੋਈ ਨਹੀਂ , ਉਹ ਸਰਬ ਸ੍ਰੇਸ਼ਟ ਹੈ। ਉਸ ਦੇ ਹੋਰ ਗੁਣ ਕਿਹੜੇ ਨੇ ?
ਨਿਰੰਕਾਰ ਨਿਤਯੰ ਨਿਰੂਪੰ ਨ੍ਰਿਬਾਣੰ ॥ ਕਲੰ ਕਾਰਣੇਯੰ ਨਮੋ ਖੜਗਪਾਣੰ ॥੩॥
ਭਾਵ ਉਸ ਦਾ ਕੋਈ ਆਕਾਰ ਨਹੀਂ, ਉਹ ਸਦਾ ਰਹਿਣ ਵਾਲਾ , ਉਸ ਦਾ ਕੋਈ ਰੂਪ ਨਹੀਂ, ਉਸ ਸਰਬ ਸ਼ਕਤੀਆਂ ਦੇ ਸਰੋਤ ਨੂੰ ਜੋ ਹੁਕਮ ਰੂਪ ਖੜਗ ਦਾ ਧਾਰਨੀ ਹੈ ਉਸ ਨੂੰ ਮੇਰਾ ਨਮਸਕਾਰ ਹੈ। ਭਾਵ ਕੇ ਮਹਾਕਾਲ ਕੋਈ ਵਿਅਕਤੀ ਨਹੀਂ , ਜੇ ਵਿਅਕਤੀ ਹੁੰਦਾ ਤਾਂ ਉਸ ਦਾ ਕੋਈ ਰੂਪ ਹੁੰਦਾ, ਉਹ ਜੰਮਦਾ ਮਰਦਾ, ਉਸ ਦਾ ਕੋਈ ਆਕਾਰ ਹੁੰਦਾ। 
ਨਿਰੰਕਾਰ ਨ੍ਰਿਬਿਕਾਰ ਨਿਤਯੰ ਨਿਰਾਲੰ ॥ ਨ ਬ੍ਰਿਧੰ ਬਿਸੇਖੰ ਨ ਤਰੁਨੰ ਨ ਬਾਲੰ ॥
ਉਸ ਦਾ ਕੋਈ ਆਕਾਰ ਨਹੀਂ , ਉਹ ਵਿਕਾਰ ਰਹਿਤ ਹੈ, ਹਮੇਸ਼ਾਂ ਰਹਿਣ ਵਾਲਾ, ਉਹ ਨਿਰਾਲਾ ਹੈ ਭਾਵ ਉਸ ਵਰਗਾ ਕੋਈ ਹੋਰ ਨਹੀਂ , ਨਾ ਉਹ ਬੁਢਾ ਹੁੰਦਾ , ਨਾ ਹੀ ਉਹ ਬਾਲ ਹੈ , ਨਾ ਹੀ ਉਹ ਕੋਈ ਜਵਾਨ ਹੈ। ਜੇ ਵਿਅਕਤੀ ਹੁੰਦਾ ਤਾਂ ਉਹ ਜਵਾਨ ਹੁੰਦਾ , ਜਾ ਬੁੜਾ ਹੁੰਦਾ। 
ਨ ਰੰਕੰ ਨ ਰਾਯੰ ਨ ਰੂਪੰ ਨ ਰੇਖੰ ॥ ਨ ਰੰਗੰ ਨ ਰਾਗੰ ਅਪਾਰੰ ਅਭੇਖੰ ॥੪॥
ਨਾ ਕੋਈ ਉਹ ਰਾਜਾ , ਨਾ ਕੋਈ ਉਹ ਪਰਜਾ ਹੈ , ਨਾ ਹੀ ਉਸ ਦਾ ਕੋਈ ਰੂਪ ਹੈ ਤੇ ਨਾ ਹੀ ਉਸ ਦੀ ਕੋਈ ਰੂਪ ਰੇਖਾ ਹੈ , ਨਾ ਕੋਈ ਰੰਗ ਹੈ , ਨਾ ਹੀ ਕੋਈ ਉਸ ਦੀ ਅਵਾਜ ਹੈ, ਉਸ ਦਾ ਕੋਈ ਪਾਰ ਨਹੀਂ ਪਾਇਆ ਜਾ ਸਕਦਾ, ਉਸ ਦਾ ਕੋਈ ਭੇਖ ਨਹੀਂ। ਹੁਣ ਕਿ ਕਿਸੇ ਵਿਅਕਤੀ ਵਿਚ ਇਹ ਗੁਣ ਹੁੰਦੇ ਨੇ ? 
ਨ ਰੂਪੰ ਨ ਰੇਖੰ ਨ ਰੰਗੰ ਨ ਰਾਗੰ ॥ ਨ ਨਾਮੰ ਨ ਠਾਮੰ ਮਹਾ ਜੋਤਿ ਜਾਗੰ ॥
ਨਾ ਹੀ ਓਹਦਾ ਕੋਈ ਰੂਪ ਹੈ, ਨਾ ਕੋਈ ਰੇਖ ਭੇਖ , ਨਾ ਕੋਈ ਰੰਗ , ਨਾ ਕੋਈ ਅਵਾਜ, ਨਾ ਹੋ ਉਸ ਦਾ ਕੋਈ ਨਾਮ ਹੈ , ਨਾ ਹੀ ਕੋਈ ਠਿਕਾਣਾ ਭਾਵ ਨਾ ਉਹ ਕਿਸੇ ਸੁਰਗ ਵਿਚ ਬੈਠਾ ਤੇ ਨਾ ਹੀ ਕਿਸੇ ਨਰਕ ਵਿਚ, ਉਹ ਹਰ ਜਗਾਹ ਹੈ, ਉਹ ਇਕ ਸਭ ਤੋਂ ਵਡੀ ਜੋਤ ਹੈ ਜੋ ਜਗ ਰਹੀ ਹੈ , ਭਾਵ ਉਹ ਸਭ ਤੋਂ ਵੱਡੀ ਤਾਕਤ ਹੈ। ਹੁਣ ਪਹਿਲੇ ਹੀ ਸਵਾਲ ਵਿਚ ਪੋਸਟਰ ਲਿਖਣ ਵਾਲੇ ਦੀ ਤੇ ਮਹਿੰਦਰ ਸਿੰਘ ਜੋਸ਼ ਦੀ ਅਕਲ ਦਾ ਜਨਾਜਾ ਨਿਕਲ ਜਾਂਦਾ ਹੈ। 
ਹੁਣ ਇਹਨਾਂ ਨੇ ਲਿਖਿਆ ਹੈ ਕੇ ਮਹਾਂਕਾਲ ਜੀ ਮਾਸਾ ਹਾਰੀ ਹਨ ਹੋ ਆਪਣੀਆਂ ਵਡੀਆਂ ਦਾੜਾ ਨਾਲ ਸੰਸਾਰ ਦੇ ਹਜਾਰਾਂ ਜੀਵਨ ਨੂੰ ਚਿਥ ਚੱਬ ਕੇ ਖਾ ਜਾਂਦਾ ਹੈ :
ਮਹਾਂ ਦਾੜ੍ਹ ਦਾੜ੍ਹੰ ਸੁ ਸੋਹੰ ਅਪਾਰੰ ॥ ਜਿਨੈ ਚਰਬੀਯੰ ਜੀਵ ਜਗਯੰ ਹਜਾਰੰ ॥੧੮॥
ਇਸ ਦਾ ਉੱਤਰ ਇਹ ਹੈ ਕੇ ਜਿਸ ਦਾ ਰੂਪ ਹੀ ਕੋਈ ਨਹੀਂ , ਆਕਾਰ ਹੀ ਕੋਈ ਨਹੀਂ , ਰੰਗ ਭੇਖ ਹੀ ਕੋਈ ਨਹੀਂ , ਓਸ ਦੀਆਂ ਦਾੜਾ ਕਿਦਾਂ ਹੋ ਸਕਦੀਆਂ ਹਨ ? ਇਹ ਕਵੀ ਦੀ ਪਰਮੇਸ੍ਵਰ ਦੇ ਕੰਮਾਂ ( ਕਰਮ ਨਾਮ ) ਦਿਖਾਉਣ ਦਾ ਤਰੀਕਾ ਹੈ , ਜਿਸ ਤੋਂ ਭਾਵ ਹੈ ਕੇ ਪਰਮੇਸ੍ਵਰ ਦੇ ਸਾਹਮਣੇ ਕੋਈ ਨਹੀਂ ਟਿਕਦਾ, ਪਰਮੇਸ੍ਵਰ ਨੇ ਸਭ ਨੂੰ ਖਤਮ ਕੀਤਾ ਹੈ , ਕੋਈ ਵੀ ਅੱਜ ਤਕ ਉਸ ਦੇ ਸਾਹਮਣੇ ਨਹੀਂ ਟਿਕਿਆ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬ ਲਿਖਦੇ ਹਨ :
ਧਰਣੀਧਰ ਈਸ ਨਰਸਿੰਘ ਨਾਰਾਇਣ ॥ ਦਾੜਾ ਅਗ੍ਰੇ ਪ੍ਰਿਥਮਿ ਧਰਾਇਣ ॥ ਬਾਵਨ ਰੂਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ ॥੩॥
ਕੀ ਹੁਣ ਇਹ ਲੋਕ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਪੋਸਟਰ ਬਣਾ ਦੇਣਗੇ ਕੇ ਜੀ ਇਥੇ ਅਕਾਲ ਪੁਰਖ ਨੂੰ ਵਿਸ਼ਨੂੰ ਦਾ ਅਵਤਾਰ ਬਣਾ ਕੇ ਉਸ ਦੀਆਂ ਦਾੜਾ ਬਣਾਈਆਂ ਹਨ। 
ਬਾਕੀ ਦੇ ਸਵਾਲ ਵੀ ਜੋ ਉਠਾਏ ਨੇ ਬੇਵਕੂਫਾਨਾ ਨੇ। ਓਹਨਾ ਦੇ ਜਵਾਬ ਵੀ ਜਲਦੀ ਦੇ ਦੇਵਾਂਗੇ।