ਪਰਮੇਸ੍ਵਰ ਦੇ ਪ੍ਰਥਾਏ ਅਨੇਕਾਂ ਨਾਮ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਵਿਚ ਵਰਤੇ ਗਏ ਨੇ। ਕਿਸੇ ਵੀ ਗ੍ਰੰਥ ਵਿਚਲੇ ਸ਼ਬਦ ਦੀ ਪਰਿਭਾਸ਼ਾ ਓਸੇ ਗ੍ਰੰਥ ਵਿਚੋਂ ਹੀ ਲੈਣੀ ਚਾਹੀਦੀ ਹੈ, ਨਾ ਕੇ ਕਿਸੇ ਹੋਰ ਗ੍ਰੰਥ ਵਿਚੋਂ। ਦਸਮ ਗ੍ਰੰਥ ਵਿਚਲੇ ਦੋ ਨਾਮਾ ਨੂੰ ਅਧਾਰ ਬਣਾ ਕੇ ਆਮ ਸਿਖਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਓਹ ਹਨ 1. ਕਾਲ ਅਤੇ 2. ਭਗੋਤੀ। ਆਓ ਓਹਨਾ ਤੇ ਥੋੜੀ ਜਹੀ ਵਿਚਾਰ ਦਸਮ ਗ੍ਰੰਥ ਵਿਚੋਂ ਹੀ ਹਵਾਲੇ ਲੈ ਕੇ ਕਰਦੇ ਹਾਂ ਤਾਂ ਕੇ ਓਹਨਾ ਦਾ ਮਤਲਬ ਸਪਸ਼ਟ ਹੋ ਸਕੇ।
1. ਕਾਲ : ਮੁਸਲਮਾਨ ਤੇ ਇਸਾਈ ਮਤ ਸ਼ੈਤਾਨ ਤੇ ਰੱਬ ਦੀ ਹੋਂਦ ਨੂੰ ਵਖਰਾ ਕਰ ਕੇ ਮੰਨਦਾ ਹੈ। ਪਰ ਗੁਰਮਤ ਅਨੁਸਾਰ ਮਾਰਨ ਵਾਲਾ ਤੇ ਪੈਦਾ ਕਰਨ ਵਾਲਾ ਸਿਰਫ ਇਕ ਹੀ ਹੈ। ਓਹਦੇ ਹੁਕਮ ਵਿਚ ਹੀ ਲੋਕ ਮਰਦੇ ਵੀ ਹਨ ਤੇ ਜਿਓੰਦੇ ਵੀ ਹਨ। ਇਸੇ ਨੂੰ ਦਸਮ ਵਿਚ ਕਾਲ ਵੀ ਕਿਹਾ ਹੈ ਤੇ ਅਕਾਲ ਵੀ :
ਅੋਰ ਸੁ ਕਾਲ ਸਭੈ ਬਸ ਕਾਲ ਕੇ, ਏਕ ਹੀ ਕਾਲ ਅਕਾਲ ਸਦਾ ਹੈ ll ( ਸ੍ਰੀ ਦਸਮ ਗ੍ਰੰਥ )
ਭਾਵ ਜਿੰਨੇ ਵੀ ਹੋਰ ਕਾਲ ਦੁਨੀਆ ਨੇ ਬਣਾਏ ਨੇ, ਸਭ ਕਾਲ ਦੇ ਅਧੀਨ ਨੇ। ਬਸ ਇਕੋ ਇਕ ਕਾਲ ਹੈ ਜੋ ਅਕਾਲ ਵੀ ਹੈ। ਭਾਵ ਪਰਮੇਸ੍ਵਰ ਹੀ ਹੈ ਜੋ ਅਕਾਲ ਰੂਪ ਵੀ ਹੈ ਤੇ ਕਾਲ ਰੂਪ ਵੀ।
2. ਭਗੋਤੀ :
ਪ੍ਰਿਥਮ ਕਾਲ ਸਭ ਜਗ ਕੋ ਤਾਤਾ।। ਤਾ ਤੇ ਭਯੋ ਤੇਜ ਬਿਖਿਆਤਾ।।
ਸੋਈ ਭਵਾਨੀ ਨਾਮ ਕਹਾਈ।। ਜਿਨ ਸਗਰੀ ਯਹ ਸ੍ਰਿਸਟ ਉਪਾਈ।। ( ਸ੍ਰੀ ਦਸਮ ਗ੍ਰੰਥ )
ਭਾਵ ਸਭ ਤੋਂ ਪਹਿਲਾਂ ਕਾਲ ( ਓਹੀ ਪਰਮੇਸ੍ਵਰ ਜਿਸ ਨੂੰ ਕਾਲ ਅਤੇ ਅਕਾਲ ਵੀ ਕਿਹਾ ਗਿਆ ਹੈ ਦਸਮ ਗ੍ਰੰਥ ਵਿਚ) ਸਭ ਦਾ ਪਿਤਾ ਹੈ। ਓਸ ਪਰਮੇਸ੍ਵਰ ਵਿਚੋ ਇਕ ਤੇਜ, ਨੂਰ ਨਿਕਲਿਆ, ਜਿਸ ਨੂੰ ਭਵਾਨੀ ( ਭਗੋਤੀ ) ਦਾ ਨਾਮ ਦਿੱਤਾ ਗਿਆ। ਓਸੇ ਭਵਾਨੀ ਤੋਂ ਇਸ ਸ੍ਰਿਸ਼ਟੀ ਦੀ ਰਚਨਾ ਹੋਈ। ਸੋ ਭਵਾਨੀ ਕੋਈ ਜਨਾਨੀ ਨਹੀ , ਪਰਮੇਸ੍ਵਰ ਦੀ ਇਛਾ ਸ਼ਕਤੀ, ਭਾਵ ਹੁਕਮ/ਗੁਰਮਤ ਨੂੰ ਕਿਹਾ ਗਿਆ ਹੈ। ਇਸੇ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਨੂਰ ਵੀ ਕਿਹਾ ਹੈ :
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
ਇਹ ਓਹੀ ਅਕਾਲ ਹੀ ਹੈ ਜਿਸ ਨੂੰ ਕਾਲ, ਅਲਾਹ ਆਦਿਕ ਨਾਵਾ ਨਾਲ ਸੰਬੋਧਨ ਕੀਤਾ ਗਿਆ ਹੈ ਤੇ ਇਹ ਓਹੀ ਭਗੋਤੀ ਹੈ ਜਿਸ ਨੂੰ ਭਵਾਨੀ , ਨੂਰ, ਤੇਜ, ਹੁਕਮ ਆਦਿਕ ਨਾਵਾ ਨਾਲ ਸੰਬੋਧਨ ਕੀਤਾ ਗਿਆ।