ਚਰਿਤਰ 82 ਵਿਚ ਵਜੀਰ ਰਾਜੇ ਨੂੰ ਸ਼ਾਹਜਹਾਨ ਦੀ ਬੇਗਮ ਦਾ ਚਰਿਤਰ ਸੁਣਾਉਂਦਾ ਹੈ । ਯਾਦ ਰਹੇ ਕੇ ਵਜੀਰ ਰਾਜੇ ਨੂੰ ਲੋਕਾਂ ਦੀਆਂ ਚਤੁਰਾਈਆਂ ਦੀਆਂ ਕਹਾਣੀਆ ਸੁਣਾ ਰਿਹਾ ਤੇ ਫੈਸਲਾ ਰਾਜੇ ਨੇ ਕਰਨਾ ਹੈ ਕੇ ਕੀ ਠੀਕ ਹੈ ਤੇ ਕੀ ਗਲਤ। ਸੋ ਕਹਾਣੀ ਇਸ ਤਰਹ ਹੈ ਕੇ ਜਦੋਂ ਜਹਾਂਗੀਰ ਮਰ ਗਿਆ ਤਾਂ ਰਾਜ ਸ਼ਾਹਜਹਾਨ ਹਥ ਆ ਗਿਆ। ਸ਼ਾਹ ਜਹਾਨ ਨੂੰ ਇਕ ਜਰਨੈਲ ਦੀ ਕਾਫੀ ਚਿੰਤਾ ਰਹਿੰਦੀ ਸੀ ਤੇ ਓਸ ਜਰਨੈਲ ਦੀ ਚਿੰਤਾ ਕਰਕੇ ਓਹ ਸੁਪਨਿਆ ਵਿਚ ਵੀ ਓਸ ਤੋਂ ਭੈ ਭੀਤ ਹੋਇਆ ਆਰਾਮ ਨਾਲ ਸੋ ਨਹੀਂ ਸੀ ਸਕਦਾ। ਸ਼ਾਹ ਜਹਾਨ ਦੀ ਬੇਗਮ ਨੂੰ ਇਸ ਦਾ ਜਦੋਂ ਪਤਾ ਲੱਗਾ ਤਾਂ ਓਸ ਨੇ ਇਕ ਚਲ ਚੱਲੀ। ਆਪਣੀ ਇਕ ਨੋਕਰਾਨੀ ਨੂੰ ਓਸ ਜਰਨੈਲ ਪਾਸ ਭੇਜਿਆ ਤਾਂ ਕੇ ਓਸ ਨੂੰ ਜਾ ਕੇ ਕਹੇ ਕੇ ਬੇਗਮ ਦਾ ਦਿਲ ਓਸ ਤੇ ਫ਼ਿਦਾ ਹੋ ਗਿਆ ਤੇ ਬੇਗਮ ਓਸ ਨਾਲ ਕਾਮ ਕਰਨਾ ਚਾਹੁੰਦੀ ਹੈ। ਨੋਕਰਾਨੀ ਨੇ ਜਾ ਕੇ ਜਰਨੈਲ ਨੂੰ ਦੱਸ ਦਿੱਤਾ ਤੇ ਕਿਹਾ ਕੇ ਤੂੰ ਇਕ ਦੇਗ ਵਿਚ ਬੈਠ ਕੇ ਮੇਰੇ ਨਾਲ ਚੱਲ ਤਾਂ ਕੇ ਕਿਸੇ ਨੂੰ ਸ਼ੱਕ ਨਾ ਹੋ ਜਾਵੇ। ਜਰਨੈਲ ਕਾਮ ਵੱਸ ਦੇਗ ਵਿਚ ਬੈਠ ਜਾਂਦਾ ਹੈ। ਓਧਰ ਜਦੋਂ ਨੋਕਰਾਨੀ ਜਰਨੈਲ ਨੂੰ ਦੇਗ ਵਿਚ ਬਿਠਾ ਕੇ ਬੇਗਮ ਦੇ ਕੋਲ ਲੈ ਆਉਂਦੀ ਹੈ ਤਾਂ ਬੇਗਮ ਸ਼ਾਹ ਜਹਾਨ ਨੂੰ ਸਾਰੀ ਗੱਲ ਦੱਸ ਦਿੰਦੀ ਹੈ। ਸ਼ਾਹ ਜਹਾਨ ਖੁਸ਼ ਹੋ ਜਾਂਦਾ ਹੈ, ਪਰ ਕਹਿੰਦਾ ਹੈ ਕੇ ਇਹ ਕੇਸ ਕਾਜੀ ਪਾਸ ਲੈ ਕੇ ਜਾਇਆ ਜਾਵੇ ਤੇ ਕਾਜੀ ਕੋਲੋਂ ਇਸ ਨੂੰ ਮਰਵਾਇਆ ਜਾਵੇ ਤਾਂ ਕੇ ਕਿਸੇ ਨੂੰ ਸ਼ਕ ਨਾ ਹੋਵੇ। ਬੇਗਮ ਦੇਗ ਨੂੰ ਕਾਜੀ ਕੋਲ ਲੈ ਜਾਂਦੀ ਹੈ ਤੇ ਕਾਜੀ ਨੂੰ ਕਹਿੰਦੀ ਹੈ ਕੇ ਇਸ ਦੇਗ ਵਿਚ ਭੂਤ ਹੈ, ਇਸ ਨੂੰ ਸਾੜ ਦਿੱਤਾ ਜਾਵੇ ਜਾ ਦੱਬ ਦਿੱਤਾ ਜਾਵੇ। ਸੋ ਕਾਜੀ ਦੇ ਕਹਿਣ ਤੇ ਦੇਗ ਨੂੰ ਦੱਬ ਦਿੱਤਾ ਜਾਂਦਾ ਹੈ ਤੇ ਜਰਨੈਲ ਜਿੰਦਾ ਦਫਨ ਹੋ ਜਾਂਦਾ ਹੈ। ਹੁਣ ਕਹਾਣੀ ਦੇ ਦੋ ਪਖ ਨੇ। ਇਕ ਪਖ ਜਰਨੈਲ ਦਾ ਹੈ ਕੇ ਓਹ ਜਰਨੈਲ ਜਿਸ ਤੋਂ ਸ਼ਾਹ ਜਹਾਨ ਸੁਪਨਿਆ ਵਿਚ ਵੀ ਡਰਦਾ ਹੈ, ਓਹ ਜਰਨੈਲ ਕਾਮ ਅਧੀਨ ਹੋ ਕੇ ਕਿਨੀ ਆਸਾਨੀ ਨਾਲ ਮੋਤ ਦੇ ਹਥ ਚੜ ਗਿਆ। ਫਿਰ ਦੂਜਾ ਪਖ ਇਹ ਹੈ ਕੇ ਕਾਜੀ ( ਜੋ ਓਸ ਸਮੇ ਦਾ ਜੱਜ ਹੈ ) ਬਿਨਾ ਕਿਸੇ ਜਾਂਚ ਪੜਤਾਲ ਕੀਤਿਆਂ ਰਾਜੇ ਦੇ ਪ੍ਰਭਾਵ ਅਧੀਨ ਫੈਸਲਾ ਸੁਨਾ ਦਿੰਦਾ ਹੈ। ਕਹਾਣੀ ਅਸਲੀ ਹੋਵੇ ਜਾ ਨਕਲੀ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਜੋ ਰਚਨਾ ਉਦੇਸ਼ ਹੈ, ਓਹ ਇਹ ਹੈ ਕੇ ਕਾਮ ਬੁਧੀ ਨੂੰ ਇਸ ਤਰਹ ਖਤਮ ਕਰ ਸਕਦਾ ਹੈ ਕੇ ਵੱਡੇ ਵੱਡੇ ਜਰਨੈਲ ਇਸ ਦੇ ਧੱਕੇ ਚੜ ਆਪਣਾ ਵਜੂਦ ਗਵਾ ਬੈਠਦੇ ਨੇ। ਹੁਣ ਰਾਨੀ ਗਲਤ ਸੀ , ਜਰਨੈਲ ਗਲਤ ਸੀ , ਕਾਜੀ ਗਲਤ ਸੀ ਜਾ ਰਾਜਾ ਗਲਤ ਸੀ, ਇਸ ਦਾ ਫੈਸਲਾ ਤੁਸੀਂ ਖੁਦ ਕਰਨਾ ਹੈ ਕਿਓਂ ਕੇ ਵਜੀਰ ਤੁਹਾਨੂੰ ਇਹ ਕਹਾਣੀ ਸੁਨਾ ਰਿਹਾ ਹੈ।